For the best experience, open
https://m.punjabitribuneonline.com
on your mobile browser.
Advertisement

ਬੌਣੀ ਸੋਚ ਵਾਲਾ ਆਦਮੀ

04:10 AM Feb 23, 2025 IST
ਬੌਣੀ ਸੋਚ ਵਾਲਾ ਆਦਮੀ
Advertisement

ਜਸਵਿੰਦਰ ‘ਜਲੰਧਰੀ’
ਕਥਾ ਪ੍ਰਵਾਹ

Advertisement

ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਐੱਮ.ਏ. ਅੰਗਰੇਜ਼ੀ ਦੇ ਪਹਿਲੇ ਭਾਗ ਵਿੱਚ ਡੀ.ਏ.ਵੀ. ਕਾਲਜ ਜਲੰਧਰ ਵਿੱਚ ਦਾਖਲਾ ਲਿਆ ਸੀ। ਅਕਸਰ ਨਕੋਦਰ ਰੋਡ ’ਤੇ ਵੱਸੇ ਪਿੰਡ ਤਾਜਪੁਰ ਤੋਂ ਇੱਕ ਕਿਲੋਮੀਟਰ ਦੂਰ ਪੈਦਲ ਲਾਂਬੜਾ ਕਸਬੇ ਤੱਕ ਜਾਣਾ ਤੇ ਫਿਰ ਉੱਥੋਂ ਜਲੰਧਰ ਦੀ ਬੱਸ ਫੜਨੀ ਤੇ ਜਲੰਧਰ ਬੱਸ ਸਟੈਂਡ ਤੋਂ ਦੁਬਾਰਾ ਰੋਡਵੇਜ਼ ਦੇ ਕੰਡਕਟਰਾਂ ਦੀਆਂ ਗਾਲ੍ਹਾਂ ਤੇ ਥੱਬਾ ਕੁ ਝਿੜਕਾਂ ਖਾਂਦਿਆਂ ਆਪਣੇ ਯਾਰਾਂ ਦੋਸਤਾਂ ਨਾਲ ਕਾਲਜ ਪਹੁੰਚਦਾ। ਮੈਂ ਹਮੇਸ਼ਾ ਪਿਛਲੀ ਪੌੜੀ ਚੜ੍ਹਦਾ ਹੋਇਆ ਬੱਸ ਦੇ ਉੱਪਰ ਜਾ ਬਹਿੰਦਾ। ਦੌੜ ਕੇ ਬੱਸ ਅੰਦਰ ਚੜ੍ਹਨਾ ਮੇਰੇ ਵੱਸੋਂ ਬਾਹਰ ਸੀ। ਕਾਲਜ ਦੇ ਨੇੜੇ ਬਣਿਆ ਰੇਲਵੇ ਫਾਟਕ ਮੇਰੇ ਲਈ ਵਰਦਾਨ ਸਾਬਤ ਹੋਇਆ। ਫਾਟਕ ਕੋਲ ਬੱਸ ਹੌਲੀ ਹੁੰਦੀ ਤਾਂ ਮੈਂ ਝੱਟ ਥੱਲੇ ਉਤਰ ਆਉਂਦਾ। ਫਿਰ ਕਲਾਸਾਂ ਖ਼ਤਮ ਹੋਣ ਤੋਂ ਬਾਅਦ ਮੈਂ ਅਕਸਰ ਰੇਲਗੱਡੀ ਦੇ ਆਉਣ ਦਾ ਇੰਤਜ਼ਾਰ ਕਰਦਾ ਤਾਂ ਕਿ ਫਿਰ ਬੱਸ ਹੌਲੀ ਹੋਵੇ ਤੇ ਮੈਂ ਘਰ ਵਾਪਸ ਜਾਣ ਲਈ ਛੱਤ ’ਤੇ ਜਾ ਚੜ੍ਹਾਂ।
ਇੱਕ ਦਿਨ ਬੱਸ ਦੀ ਛੱਤ ’ਤੇ ਬੈਠਿਆਂ ਅਚਾਨਕ ਮੇਰੀ ਨਜ਼ਰ ਕੁੜੀਆਂ ਦੀ ਟੋਲੀ ’ਚ ਇੱਕ ਥੜ੍ਹੇ ’ਤੇ ਬੈਠੀ ਵੱਡੀਆਂ ਵੱਡੀਆਂ ਅੱਖਾਂ ਵਾਲੀ ਕੁੜੀ ’ਤੇ ਜਾ ਪਈ। ਇੰਨੀ ਸੋਹਣੀ ਕੁੜੀ! ਲੰਮੇ ਲੰਮੇ ਵਾਲ, ਸੁਰਮੇ ਨਾਲ ਸਜਾਈਆਂ ਹੋਈਆਂ ਅੱਖਾਂ! ਨੱਕ ਵਿੱਚ ਚਮਕਦੀ ਹੋਈ ਛੋਟੀ ਜਿਹੀ ਨੱਥਲੀ। ਮੈਂ ਇੱਕ ਟੱਕ ਉਹਦੇ ਵੱਲ ਵਿੰਹਦਾ ਰਿਹਾ। ਕਿਉਂ? ਪਤਾ ਨਹੀਂ। ਪਰ ਮੈਂ ਉੱਪਰ ਟਾਹਲੀ ਦੇ ਵੱਡੇ ਸਾਰੇ ਟਾਹਣ ਨਾਲ ਖਹਿੰਦਾ ਖਹਿੰਦਾ ਮਸਾਂ ਬਚਿਆ। ਮੇਰੇ ਨਾਲ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ। ਹੱਦ ਤਾਂ ਉਸ ਵੇਲੇ ਹੋਈ ਜਦੋਂ ਅਚਾਨਕ ਸਾਡੀਆਂ ਨਜ਼ਰਾਂ ਮਿਲੀਆਂ ਤੇ ਇੱਕ ਪੋਲੀ ਜਿਹੀ ਮੁਸਕਾਨ ਉਸ ਮੇਰੇ ਵੱਲ ਕੱਢ ਮਾਰੀ। ਸ਼ੇਕਸਪੀਅਰ ਸ਼ਾਇਦ ਇਸ ਨੂੰ ਹੀ ਪਹਿਲੀ ਨਜ਼ਰ ਦਾ ਪਿਆਰ ਕਹਿੰਦਾ ਹੋਵੇ।
ਉਸ ਰਾਤ ਮੈਨੂੰ ਨੀਂਦ ਨਾ ਆਈ। ਬੱਸ ਉਹੀ ਦ੍ਰਿਸ਼ ਫਿਲਮ ਵਾਂਗ ਵਾਰ ਵਾਰ ਮੇਰੇ ਸਾਹਮਣੇ ਆਈ ਜਾਵੇ। ਬਥੇਰਾ ਕੋਸ਼ਿਸ਼ ਕੀਤੀ ਪਲਸੇਟੇ ਮਾਰਨ ਦੀ, ਪਰ ਵਿਅਰਥ। ਇੱਕ ਦੋ ਘੰਟੇ ਲਈ ਉਹਦੇ ਖ਼ਿਆਲਾਂ ਵਿੱਚ ਡੁੱਬੇ ਨੇ ਇੱਕ ਦੋ ਝਪਕੀਆਂ ਲਈਆਂ ਵੀ, ਪਰ ਫਿਰ ਅੱਖ ਖੁੱਲ੍ਹਣ ਸਾਰ ਹੀ ਉਹੀ ਧੁੰਦਲੀ ਧੁੰਦਲੀ ਤਸਵੀਰ ਸਾਹਮਣੇ ਆ ਖੜ੍ਹਦੀ। ਕਿਵੇਂ ਨਾ ਕਿਵੇਂ ਰਾਤ ਮੁੱਕੀ ਤੇ ਮੈਂ ਸਵੇਰੇ ਕਾਲਜ ਜਾਣ ਲਈ ਪਹਿਲਾਂ ਨਾਲੋਂ ਇੱਕ ਘੰਟਾ ਜਲਦੀ ਤਿਆਰ ਹੋ ਗਿਆ। ਘਰ ਦੇ ਵੀ ਮੇਰੀ ਇਸ ਕਾਹਲ ਅੱਗੇ ਹੈਰਾਨ ਜਿਹੇ ਦਿਖਾਈ ਦਿੱਤੇ।ਪਰ ਫਿਰ ਉਨ੍ਹਾਂ ਨੇ ਕੁਝ ਨਾ ਪੁੱਛਿਆ ਕਿਉਂਕਿ ਮੈਂ ਕਦੇ ਕਦੇ ਲਾਇਬ੍ਰੇਰੀ ਵਿੱਚ ਬੈਠਣ ਲਈ ਇੱਕ ਦੋ ਘੰਟੇ ਪਹਿਲਾਂ ਚੱਲ ਪੈਂਦਾ ਸੀ, ਪਰ ਅੱਜ ਮੈਨੂੰ ਕਿਸੇ ਹੋਰ ਕੰਮ ਦੀ ਕਾਹਲੀ ਸੀ। ਮੈਂ ਉਸ ਨੂੰ ਫਿਰ ਵੇਖਣਾ ਚਾਹੁੰਦਾ ਸੀ।ਸ਼ਾਇਦ ਅੱਜ ਫਿਰ ਟੱਕਰੇ। ਲਾਂਬੜੇ ਤੋਂ ਜਲੰਧਰ ਜਾਣ ਲਈ ਮੈਂ ਸਵੇਰੇ ਸਵੇਰੇ ਬੱਸ ਦੀ ਉਡੀਕ ਕਰਨ ਲੱਗਾ। ਇੱਕ ਪ੍ਰਾਈਵੇਟ ਬੱਸ ਆਈ, ਪਰ ਨੇੜੇ ਹੋ ਕੇ ਸ਼ੂੰ ਕਰਕੇ ਅੱਗਿਓਂ ਜਾ ਲੰਘੀ। ਸ਼ਾਇਦ ਡਰਾਈਵਰ ਨੂੰ ਪਤਾ ਲੱਗ ਗਿਆ ਸੀ ਕਿ ਇਹ ਤਾਂ ਕੋਈ ਪੜ੍ਹਾਕੂ ਖੜ੍ਹਾ ਹੈ, ਜ਼ਰੂਰ ਬੱਸ ਪਾਸ ਬਣਵਾਇਆ ਹੋਵੇਗਾ, ਸਵੇਰੇ ਸਵੇਰੇ ਸੀਟ ਮੱਲੇਗਾ। ਸਵਾਰੀਆਂ ਇਹਦੇ ਸਿਰ ’ਤੇ ਬਿਠਾਊਂ? ਜਿਉਂ ਜਿਉਂ ਘੜੀ ਦੀਆਂ ਸੂਈਆਂ ਵਧਦੀਆਂ ਜਾਂਦੀਆਂ ਸਨ, ਮੇਰੇ ਦਿਲ ਦੀਆਂ ਧੜਕਣਾਂ ਹੋਰ ਤੇਜ਼ ਹੋਈ ਜਾਂਦੀਆਂ।
ਜਿਵੇਂ ਨਾ ਕਿਵੇਂ ਲਾਂਬੜੇ ਤੋਂ ਜਲੰਧਰ ਬੱਸ ਸਟੈਂਡ ਤੇ ਫਿਰ ਜਲੰਧਰ ਬੱਸ ਸਟੈਂਡ ਤੋਂ ਡੀ.ਏ.ਵੀ. ਕਾਲਜ ਦੇ ਫਾਟਕ ਕੋਲ ਉਤਰ ਗਿਆ। ਹਾਲਾਂਕਿ ਕਾਲਜ ਦੇ ਮੁੰਡੇ ਧੱਕੇ ਨਾਲ ਬੱਸਾਂ ਕਾਲਜ ਦੇ ਗੇਟ ਦੇ ਬਿਲਕੁਲ ਸਾਹਮਣੇ ਰੁਕਵਾਉਂਦੇ ਸਨ। ਕਈ ਵਾਰੀ ਤਾਂ ਦੋ ਚਾਰ ਡਰਾਈਵਰਾਂ ਦੀ ਛਿਤਰ ਪਰੇਡ ਵੀ ਕੀਤੀ ਸੀ ਜਿਸ ਵਿੱਚ ਅਸੀਂ ਵੀ ਹੱਲਾਸ਼ੇਰੀ ਦਿੱਤੀ ਸੀ। ਰੇਲਵੇ ਫਾਟਕ ਕਾਲਜ ਤੋਂ ਦੋ ਕੁ ਸੌ ਫਰਲਾਂਗ ਦੀ ਦੂਰੀ ’ਤੇ ਸੀ। ਮੈਂ ਉਸੇ ਥੜ੍ਹੇ ਵੱਲ ਨਿਗ੍ਹਾ ਮਾਰੀ। ਉੱਥੇ ਕੋਈ ਨਹੀਂ ਸੀ। ਮੇਰਾ ਦਿਲ ਬੈਠ ਗਿਆ। ਮਾਯੂਸ ਜਿਹਾ ਹੋ ਕੇ ਕਾਲਜ ਅੰਦਰ ਗਿਆ ਤੇ ਕਲਾਸ ਲਗਾਈ। ਕਲਾਸ ਕਾਹਦੀ, ਬੱਸ ਉਹਦੇ ਹੀ ਖ਼ਿਆਲ।
ਪੌੜੀਆਂ ਚੜ੍ਹਦੇ ਸਾਰ ਹੀ ਦੂਜੀ ਮੰਜ਼ਿਲ ’ਤੇ ਪਹਿਲਾ ਕਮਰਾ ਐੱਮ.ਏ. ਅੰਗਰੇਜ਼ੀ ਦਾ ਸੀ। ਉਸ ਤੋਂ ਬਾਅਦ ਬਾਕੀ ਸਾਰੇ ਵਿਸ਼ਿਆਂ ਦੇ ਕਮਰੇ ਸਨ। ਪੰਜਾਬੀ ਦਾ ਕਮਰਾ ਵਰਾਂਡੇ ਦੇ ਅਖੀਰ ਵਿੱਚ ਸੀ ਜਿਸ ਦੇ ਬਿਲਕੁਲ ਸਾਹਮਣੇ ਵਾਟਰ ਕੂਲਰ ਸੀ। ਅਚਾਨਕ ਬਾਹਰ ਨਿਕਲਿਆ ਤਾਂ ਦੇਖਿਆ ਕਿ ਉਹ ਕੁੜੀ ਵਰਾਂਡੇ ਦੀ ਛੋਟੀ ਕੰਧ ’ਤੇ ਚੌਂਕੜੀ ਮਾਰ ਕੇ ਬੈਠੀ ਸੀ। ਬਿਨਾਂ ਪਿਆਸ ਤੋਂ, ਪਾਣੀ ਪੀਣ ਦੇ ਬਹਾਨੇ ਉਸ ਵੱਲ ਖਿੱਚਿਆ ਗਿਆ।
ਮੈਂ ਚਾਹੁੰਦਾ ਸਾਂ ਕਿ ਅਸੀਂ ਗੱਲਾਂ ਕਰੀਏ। ਆਪਣੇ ਬਾਰੇ। ਆਪਣੀ ਪਹਿਲੀ ਮੁਲਾਕਾਤ ਬਾਰੇ, ਪਹਿਲੀ ਮਿਲਣੀ ਬਾਰੇ। ਮੈਂ ਚਾਹੁੰਦਾ ਸਾਂ ਮੈਂ ਉਸ ਦੀ ਤੱਕਣੀ, ਸੁਰਮਈ ਅੱਖਾਂ, ਲੰਮੇ ਲੰਮੇ ਵਾਲਾਂ, ਉਸ ਦੀ ਮੁਸਕਾਨ, ਉਸ ਦੇ ਨੈਣ ਨਕਸ਼ ਆਦਿ ਦੀ ਪ੍ਰਸ਼ੰਸਾ ਕਰਾਂ। ਮੇਰਾ ਮਨ ਕੀਤਾ ਕਿ ਉਸ ਦਾ ਹੱਥ ਫੜਾਂ ਤੇ ਉਸ ਨੂੰ ਆਪਣੇ ਅਹਿਸਾਸਾਂ ਦਾ ਅਹਿਸਾਸ ਕਰਵਾਵਾਂ ਕਿ ਮੈਂ ਜ਼ਿੰਦਗੀ ਭਰ ਉਸ ਦਾ ਸਾਥ ਨਿਭਾਉਣਾ ਚਾਹੁੰਦਾ ਹਾਂ। ... ਪਰ ਸਾਹਮਣਿਓਂ ਆਉਂਦੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਦੇ ਇੱਕ ਟੋਲੇ ਦੀ ਹਿੜ ਹਿੜ ਨੇ ਮੇਰੇ ਸਾਰੇ ਸੁਪਨੇ ਰੋਲ ਦਿੱਤੇ। ... ਤੇ ਮੈਂ ਆਪਣੇ ਭਾਵਾਂ, ਜਜ਼ਬਾਤ ਤੇ ਸੁਪਨਿਆਂ ਦੀ ਟੋਕਰੀ ਨੂੰ ਸਮੇਟਦਾ ਹੋਇਆ, ਮੱਠੀ ਮੱਠੀ ਖੰਘ ਖੰਘਦਾ ਹੋਇਆ, ਆਪਣੀ ਕਲਾਸ ਵੱਲ ਚੱਲ ਪਿਆ। ਇੱਕ ਵਾਰ ਪਿਛਾਂਹ ਮੁੜ ਕੇ ਦੇਖਿਆ ਤਾਂ ਉਹ ਅਜੇ ਵਰਾਂਡੇ ਦੀ ਛੋਟੀ ਕੰਧ ’ਤੇ ਹੀ ਬੈਠੀ ਮੈਨੂੰ ਨਿਹਾਰ ਰਹੀ ਸੀ। ਉਹੀ ਮੁਸਕਾਨ, ਉਹੀ ਚਮਕਦੀ ਨੱਥਲੀ। ਮੇਰਾ ਧਿਆਨ ਅਵੇਸਲੇ ਹੀ ਉਸ ਦੇ ਬੁੱਲ੍ਹਾਂ ’ਤੇ ਜਾ ਪਿਆ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ, ਮੈਂ ਆਪਣੀ ਕਲਾਸ ਦਾ ਦਰਵਾਜ਼ਾ ਲੰਘਦਾ ਲੰਘਦਾ ਰੁਕਿਆ, ਜਦੋਂ ਮੇਰੇ ਜਮਾਤੀ ਤੇ ਖ਼ਾਸ ਦੋਸਤ ਵਿਸ਼ਾਲ ਅਵਸਥੀ ਨੇ ਅੰਦਰੋਂ ਆਵਾਜ਼ ਮਾਰੀ, ‘‘ਏਧਰ ਭਾਊ, ਕਿੱਥੇ ਗੁਆਚੀ ਗਾਂ ਵਾਂਗੂ ਫਿਰੀ ਜਾਂਦੈਂ? ਅੱਗੇ ਕੋਈ ਕਲਾਸ ਨਹੀਂ।’’ ਉਸ ਦੀ ਇਸ ਟਕੋਰ ਨਾਲ ਮੈਂ ਨਿੰਮੋਝੂਣਾ ਹੋਇਆ, ‘‘ਮੇ ਆਈ ਕਮ ਇਨ ਸਰ’’ ਕਹਿ ਕੇ ਅੰਦਰ ਆ ਬੈਠਾ ਤੇ ਸਾਰੀ ਕਲਾਸ ਗੁਆਚੀ ਗਾਂ ਸ਼ਬਦ ਸੁਣ ਕੇ ਮੇਰੇ ’ਤੇ ਖ਼ੂਬ ਹੱਸੀ। ਜੇ ਸੱਚ ਪੁੱਛੋ ਤਾਂ ਮੈਂ ਵਾਕਈ ਗੁਆਚ ਗਿਆ ਸਾਂ, ਆਪਣੇ ਸੁਪਨਿਆਂ ਵਿੱਚ, ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ, ਆਪਣੀ ਤੇ ਆਪਣੀ ਮ੍ਰਿਗਨੈਣੀ ਦੀ ਜ਼ਿੰਦਗੀ ਵਿੱਚ। ਸੱਚ, ਇਹੀ ਨਾਂ ਸੀ ਜੋ ਮੈਂ ਉਸ ਨੂੰ ਦਿੱਤਾ ਸੀ। ਉਂਜ, ਮੈਂ ਜ਼ਿਆਦਾ ਪਾਣੀ ਪੀਣ ਦਾ ਆਦੀ ਨਹੀਂ ਸੀ, ਪਰ ਸਿਰਫ਼ ਉਸ ਨੂੰ ਦੇਖਣ ਵਾਸਤੇ ਮੈਂ ਉਸੇ ਵਾਟਰ ਕੂਲਰ ਦੇ ਅੱਗੇ ਜਾ ਖੜ੍ਹਦਾ ਜਿਹਦੇ ਸਾਹਮਣੇ ਉਸ ਦੀ ਪੰਜਾਬੀ ਦੀ ਕਲਾਸ ਲੱਗੀ ਹੁੰਦੀ। ਉਹ ਐੱਮ.ਏ. ਪੰਜਾਬੀ ਕਰਦੀ ਸੀ। ਵਾਟਰ ਕੂਲਰ ਤੋਂ ਮੇਰੀ ਕਲਾਸ ਤੱਕ ਦੀ ਦੂਰੀ ਇੱਕ ਵਰਾਂਡੇ ਰਾਹੀਂ ਪੂਰੀ ਹੁੰਦੀ ਸੀ ਜੋ ਤਕਰੀਬਨ ਸੌ ਕੁ ਮੀਟਰ ਦੀ ਸੀ। ਉਸ ਦਾ ਪਹਿਲਾ ਪੀਰੀਅਡ ਅਕਸਰ ਖਾਲੀ ਹੁੰਦਾ ਜਾਂ ਸਿਰਫ਼ ਉਹੀ ਬਾਹਰ ਰਹਿੰਦੀ, ਪਤਾ ਨਹੀਂ। ਪਰ ਉਹ ਉਸੇ ਛੋਟੀ ਕੰਧ ’ਤੇ ਚੌਂਕੜੀ ਮਾਰ ਕੇ ਥੰਮ੍ਹੀ ਦੇ ਸਹਾਰੇ ਬੈਠ ਜਾਂਦੀ। ਉਹ ਮੈਨੂੰ ਹਮੇਸ਼ਾ ਪਾਣੀ ਦਾ ਗਲਾਸ ਭਰਨ ਨੂੰ ਕਹਿੰਦੀ। ਮੈਂ ਉਸ ਨੂੰ ਪਾਣੀ ਦਾ ਗਲਾਸ ਦੇ ਕੇ ਬਹੁਤ ਖ਼ੁਸ਼ ਹੋ ਜਾਂਦਾ ਤੇ ਆਨੇ-ਬਹਾਨੇ ਉਸ ਦਾ ਹੱਥ ਵੀ ਛੂਹ ਲੈਂਦਾ। ਉਹ ਮੁਸਕੁਰਾ ਛੱਡਦੀ। ਹੁਣ ਤਾਂ ਕਈ ਵਾਰ ਉਸ ਦੇ ਬਿਨਾਂ ਮੰਗੇ ਹੀ ਪਾਣੀ ਦਾ ਗਲਾਸ ਉਸ ਵੱਲ ਕਰ ਦਿੰਦਾ। ਉਹ ਇੱਕ ਘੁੱਟ ਪੀ ਕੇ ਬਾਕੀ ਡੋਲ੍ਹ ਦਿੰਦੀ ਤੇ ਕਹਿੰਦੀ, ‘‘ਇੱਕ ਗਲਾਸ ਹੋਰ ਮਿਲੇਗਾ ਜੀ?’’ ਉਸ ਦੇ ‘ਜੀ’ ਕਹਿਣ ’ਤੇ ਮੈਨੂੰ ਏਨਾ ਸੁਆਦ ਆਉਂਦਾ ਕਿ ਮੈਂ ਉਸ ਨੂੰ ਇੱਕ ਗਲਾਸ ਹੋਰ ਦੇ ਕੇ ਪੁੱਛਦਾ, ‘‘ਹੋਰ ਜੀ’’ ਤੇ ਵੀ ਅੱਗੋਂ ਹੱਸ ਕੇ ਕਹਿੰਦੀ, ‘‘ਹਾਂ ਜੀ।’’
ਦਿਨ ਗੁਜ਼ਰੇ, ਪਰ ਸਾਡਾ ਪਹਿਲਾ ਪੀਰੀਅਡ ਇੰਜ ਹੀ ਪਾਣੀ ਪੀ ਪੀ ਲੰਘਦਾ। ਕਲਾਸ ਵਿੱਚ ਇਸ ਬਾਰੇ ਮੈਂ ਕਿਸੇ ਨੂੰ ਨਹੀਂ ਦੱਸਿਆ, ਵਿਸ਼ਾਲ ਅਵਸਥੀ ਨੂੰ ਵੀ ਨਹੀਂ। ਪਤਾ ਨਹੀਂ ਕਿਉਂ? ਸ਼ਾਇਦ ਇਸ ਡਰ ਤੋਂ ਕਿ ਵਿਸ਼ਾਲ ਇੱਕ ਸੋਹਣੀ ਦਿੱਖ ਵਾਲਾ ਹਸਮੁੱਖ, ਸਾਊ ਤੇ ਸੁਨੱਖਾ ਮੁੰਡਾ ਸੀ।ਸ਼ਹਿਰੀ ਹੋਣ ਕਰਕੇ ਕਿਤੇ ਮ੍ਰਿਗਨੈਣੀ ਨੂੰ ਆਪਣੇ ਸ਼ਹਿਰੀ ਅੰਦਾਜ਼ ਤੇ ਸਲੀਕੇ ਨਾਲ ਹੀ ਨਾ ਮੋਹ ਲਵੇ। ਸ਼ਾਇਦ ਇਹੀ ਡਰ ਸੀ ਮੇਰੇ ਅੰਦਰ।
ਮੈਂ ਉਸ ਨੂੰ ਹਰ ਥਾਂ ਦੇਖਦਾ, ਕਦੇ ਰੇਲਵੇ ਫਾਟਕ ਦੇ ਥੜ੍ਹੇ ’ਤੇ ਬੈਠੀ, ਕਦੇ ਕੰਟੀਨ ’ਚ ਗੱਪਾਂ ਮਾਰਦੀ, ਕਦੇ ਕਿਤਾਬਾਂ ਨਾਲ ਮੱਥਾ ਮਾਰਦੀ, ਕਦੇ ਲਾਇਬ੍ਰੇਰੀ ਵਿੱਚ ਪੰਜਾਬੀ ਵਿਭਾਗ ਵਿੱਚ ਬੈਠੀ ਨਾਨਕ ਸਿੰਘ ਦੇ ਨਾਵਲ ਪੜ੍ਹਦੀ। ਪਰ ਜ਼ਿਆਦਾਤਰ ਮੈਂ ਉਸ ਨੂੰ ਵਾਟਰ ਕੂਲਰ ਕੋਲ ਹੀ ਦੇਖਿਆ। ਮੈਂ ਵੀ ਅੱਖ ਬਚਾ ਕੇ ਕਿਸੇ ਨਾ ਕਿਸੇ ਸਮੇਂ ਉਹਦੇ ਕੋਲ ਜਾ ਖੜ੍ਹਦਾ।
ਅਗਲੇ ਹਫ਼ਤੇ ਸਾਡੇ ਕਾਲਜ ਵਿੱਚ ਸਾਲਾਨਾ ਸਮਾਗਮ ਸੀ। ਇਸ ਵਿੱਚ ਭਾਸ਼ਣ, ਪ੍ਰਸ਼ਨ ਉੱਤਰੀ, ਸੈਮੀਨਾਰ, ਫੈਂਸੀ ਡਰੈੱਸ ਸ਼ੋਅ, ਗੀਤ ਸੰਗੀਤ ਆਦਿ ਕਈ ਮੁਕਾਬਲੇ ਹੋਣੇ ਸਨ। ਮੈਂ ਚਾਹੁੰਦਾ ਸਾਂ ਕਿ ਮ੍ਰਿਗਨੈਣੀ ਨਾਲ ਗੱਲਾਂ ਕਰਾਂ, ਉਸ ਕੋਲ ਬੈਠਾਂ, ਉਸ ਨਾਲ ਪਾਰਕ ਵਿੱਚ ਘੁੰਮਾਂ, ਗੱਪਾਂ ਮਾਰਾਂ ਤੇ ਆਖ਼ਰ... ਆਖ਼ਰ ਆਪਣੇ ਦਿਲ ਦੀ ਗੱਲ ਕਰਾਂ। ਇਸ ਲਈ ਮੇਰਾ ਜੁਗਾੜ ਆਖ਼ਰ ਹੋ ਹੀ ਗਿਆ। ਮੇਰੇ ਦੋਸਤ ਨੇ ਭਾਸ਼ਣ ਮੁਕਾਬਲੇ ਵਾਸਤੇ ਮੇਰਾ ਨਾਮ ਸੁਝਾਅ ਦਿੱਤਾ। ਵਿਸ਼ਾ ਸੀ ‘ਅਸਮਰੱਥ ਜਾਂ ਵੱਖਰੀ ਤਰ੍ਹਾਂ ਦੇ ਸਮਰੱਥ’। ਇਹ ਅਸਲ ਵਿੱਚ ਅੰਗਹੀਣ ਲੋਕਾਂ ਦੀਆਂ ਵਿਸ਼ੇਸ਼ਤਾਵਾਂ ਉੱਪਰ ਭਾਸ਼ਣ ਸੀ। ਮੈਂ ਖ਼ੁਸ਼ ਹੋ ਗਿਆ। ਤਿਆਰੀ ਕਰਦੇ ਕਰਦੇ ਸੋਚ ਰਿਹਾ ਸਾਂ ਕਿ ਕਿਤੇ ਤਾਂ ਮੁਲਾਕਾਤ ਹੋ ਹੀ ਜਾਵੇਗੀ, ਪਰ ਇਸ ਤਰ੍ਹਾਂ ਨਾ ਹੋ ਸਕਿਆ। ਸਭ ਤੋਂ ਪਹਿਲਾਂ ਭਾਸ਼ਣ ਮੁਕਾਬਲਾ ਹੋਣਾ ਸੀ, ਮੈਨੂੰ ਹੋਰ ਵੀ ਖ਼ੁਸ਼ੀ ਹੋਈ। ਸ਼ਾਇਦ ਭਾਸ਼ਣ ਜ਼ਰੀਏ ਉਸ ਮ੍ਰਿਗਨੈਣੀ ਉੱਪਰ ਹੋਰ ਪ੍ਰਭਾਵ ਛੱਡ ਸਕਾਂ।
ਮੈਂ ਆਪਣਾ ਭਾਸ਼ਣ ਸ਼ੁਰੂ ਕੀਤਾ। ਇਸ ਵਿੱਚ ਮੈਂ ਸਮਾਜ ਦੇ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ: ‘‘ਤੁਸੀਂ ਉਨ੍ਹਾਂ ਕੁੜੀਆਂ ਦਾ ਸਹਾਰਾ ਬਣੋ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਦਿਵਿਆਂਗ ਹਨ, ਤੁਰ ਫਿਰ ਨਹੀਂ ਸਕਦੀਆਂ, ਅੱਖੋਂ ਦੇਖ ਨਹੀਂ ਸਕਦੀਆਂ, ਕੰਨੋਂ ਸੁਣ ਨਹੀਂ ਸਕਦੀਆਂ, ਜਾਂ ਫਿਰ ਉਨ੍ਹਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ। ਕਿੱਥੇ ਨੇ ਉਹ ਨੌਜਵਾਨ ਜਿਹੜੇ ਆਪਣੇ ਆਪ ਨੂੰ ਰਾਜਗੁਰੂ, ਭਗਤ ਸਿੰਘ ਤੇ ਸੁਖਦੇਵ ਦੇ ਵਾਰਿਸ ਮੰਨਦੇ ਹਨ? ਆਪਣੇ ਕਾਰਾਂ ਸਕੂਟਰਾਂ ’ਤੇ ਅਸੀਂ ਉਨ੍ਹਾਂ ਸੂਰਮਿਆਂ ਦੀਆਂ ਫੋਟੋਆਂ ਲਗਾ ਕੇ ਕਿਉਂ ਘੁੰਮਦੇ ਹਾਂ, ਜੇਕਰ ਉਨ੍ਹਾਂ ਵਾਂਗਰ ਕੁਰਬਾਨੀ ਦਾ ਜਜ਼ਬਾ ਸਾਡੇ ਅੰਦਰ ਹੈ ਹੀ ਨਹੀਂ? ਹੋਰ ਕਿੰਨੇ ਭਗਤ ਸਿੰਘ ਪੈਦਾ ਹੋਣ ਤੁਹਾਨੂੰ ਸੰਭਾਲਣ ਲਈ? ਹੋਰ ਕਿੰਨੀਆਂ ਕੁਰਬਾਨੀਆਂ ਚਾਹੀਦੀਆਂ ਨੇ ਸਮਾਜ ਸੁਧਾਰਨ ਲਈ? ਆਪ ਵੀ ਕੁਝ ਕਰੋ। ਕਦੋਂ ਤੱਕ ਆਖ਼ਰ ਕਦੋਂ ਤੱਕ ਇਹੀ ਉਡੀਕ ਕਰਦੇ ਰਹੋਗੇ ਕਿ ਕੋਈ ਹੀਰੋ ਆਏਗਾ ਸਾਨੂੰ ਇਨ੍ਹਾਂ ਬੁਰਾਈਆਂ ਤੋਂ ਬਚਾਉਣ ਲਈ?’’
ਤਾੜੀਆਂ ਦੀ ਗੜਗੜਾਹਟ ਨੇ ਸਾਹਮਣੇ ਬੈਠੇ ਜੱਜਾਂ ਦੇ ਪੈਨਲ ਨੂੰ ਆਪਣਾ ਆਪਣਾ ਪੈੱਨ ਉਠਾ ਕੇ ਕੁਝ ਨੋਟ ਕਰਨ ਲਈ ਮਜਬੂਰ ਕਰ ਦਿੱਤਾ। ਇੱਕ ਪਾਸਿਉਂ ਕੁੜੀਆਂ ਦੇ ਇੱਕ ਟੋਲੇ ਨੇ ਨਿਰਵਿਘਨ ਤਾੜੀਆਂ ਮਾਰ ਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਮੇਰੀਆਂ ਹਮਾਇਤੀ ਸਨ।
ਵਾਹ ਜੀ ਵਾਹ! ਅਸ਼ਕੇ! ਕਿਆ ਬਾਤ ਹੈ! ਜ਼ਬਰਦਸਤ। ਏਹ ਤਾਂ ਧੋ ਧੋ ਚਪੇੜਾਂ ਮਾਰਦੈ ਬਾਈ ਆਦਿ ਕਿੰਨੀਆਂ ਹੀ ਆਵਾਜ਼ਾਂ ਸਰੋਤਿਆਂ ਵੱਲੋਂ ਮੇਰੇ ਕੰਨੀਂ ਪੈ ਰਹੀਆਂ ਸਨ। ਮੇਰੀ ਆਵਾਜ਼ ਕੁਝ ਹੋਰ ਤਲਖ਼ ਹੋ ਗਈ, ‘‘ਕਿੰਨੇ ਦੁੱਖ ਦੀ ਗੱਲ ਹੈ ਕਿ ਅਸੀਂ ਇਨ੍ਹਾਂ ਦਿਵਿਆਂਗ ਲੋਕਾਂ ਨੂੰ ਅਪਨਾਉਣ ਦੀ ਗੱਲ ਨਹੀਂ ਕਰਦੇ। ਅਸੀਂ ਇਨ੍ਹਾਂ ਬਾਰੇ ਲੰਮੇ ਲੰਮੇ ਭਾਸ਼ਣ ਕਰਕੇ, ਅਖ਼ਬਾਰਾਂ ਵਿੱਚ ਲੇਖ ਲਿਖ ਕੇ ਜਾਂ ਫਿਰ ਇਨ੍ਹਾਂ ਨੂੰ ਸਮਰਪਿਤ ਕਿਤਾਬਾਂ ਲਿਖ ਕੇ ਮਹਾਨ ਬਣਦੇ ਹਾਂ। ਪਰ ਧਰਾਤਲ ’ਤੇ ਕੀ ਵਾਪਰ ਰਿਹਾ ਹੈ, ਉਸ ਤੋਂ ਅਸੀਂ ਬਿਲਕੁਲ ਅਣਜਾਣ ਹਾਂ। ਅੱਜ ਸਾਨੂੰ ਲੋੜ ਹੈ ਅੰਤਰਝਾਤ ਮਾਰਨ ਦੀ, ਸਮਾਜ ਦੀਆਂ ਅਖੌਤੀ ਰਵਾਇਤਾਂ ’ਚੋਂ ਨਿਕਲਣ ਦੀ, ਸਮਾਜਿਕ ਰੀਤੀ ਰਿਵਾਜਾਂ ਨੂੰ ਤੋੜਨ ਦੀ। ਆਓ, ਸਾਰੇ ਅਜਿਹੀ ਭੈੜੀ ਸੋਚ ਨੂੰ ਤਿਲਾਂਜਲੀ ਦੇ ਦੇਈਏ ਜਿਸ ਕਾਰਨ ਦਿਵਿਆਂਗ ਲੋਕਾਂ ਨੂੰ ਤਿਰਸਕਾਰ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ, ਆਪਣੇ ਨਾਲੋਂ ਘਟੀਆ ਸਮਝਿਆ ਜਾਂਦਾ ਹੈ, ਹੌਲਾ ਸਮਝਿਆ ਜਾਂਦਾ ਹੈ।’’
ਆਪਣਾ ਭਾਸ਼ਣ ਖਤਮ ਕਰ ਕੇ ਮੈਂ ਕਾਹਲੀ ਨਾਲ ਆ ਕੇ ਦਰਸ਼ਕਾਂ ਦੀ ਭੀੜ ਵਿੱਚ ਆ ਬੈਠਾ। ਅਸਲ ਵਿੱਚ ਮ੍ਰਿਗਨੈਣੀ ਦੀ ਚੋਣ ਫੈਂਸੀ ਡਰੈੱਸ ਮੁਕਾਬਲੇ ਵਾਸਤੇ ਹੋ ਗਈ ਸੀ।
‘‘ਕੀ ਪਾਵੇਂਗੀ ਉਸ ਦਿਨ?’’ ਮੈਂ ਪੁੱਛਿਆ ਸੀ ਕਿਉਂਕਿ ਹੁਣ ਤੱਕ ਅਸੀਂ ਕਾਫ਼ੀ ਖੁੱਲ੍ਹ ਚੁੱਕੇ ਸਾਂ।
‘‘ਤੁਸੀਂ ਦੱਸੋ। ਜੋ ਤੁਹਾਨੂੰ ਪਸੰਦ ਹੈ,’’ ਉਸ ਨੇ ਮੁਸਕੁਰਾ ਕੇ ਕਿਹਾ।
‘‘ਸਾੜ੍ਹੀ?’’
‘‘ਹਾਂ, ਜ਼ਰੂਰ ਜੀ।’’
ਮੇਰੀ ਹਸਰਤ ਸੀ ਕਿ ਉਸ ਨੂੰ ਸਾੜ੍ਹੀ ਵਿੱਚ ਦੇਖਾਂ ਉਹ ਕਿੰਨੀ ਖ਼ੂਬਸੂਰਤ ਲੱਗਦੀ ਹੈ। ਮੈਂ ਤਾਂ ਕਲਪਨਾ ਕਰਨੀ ਵੀ ਸ਼ੁਰੂ ਕਰ ਦਿੱਤੀ ਕਿ ਉਹ ਰੈਂਪ ’ਤੇ ਆ ਰਹੀ ਹੈ, ਖ਼ੂਬਸੂਰਤ ਸਾੜ੍ਹੀ ਵਿੱਚ, ਚਮਕਦੀ ਨਥਲੀ, ਬਾਹਾਂ ਵਿੱਚ ਕੂਹਣੀ ਤੱਕ ਪਾਈਆਂ ਵੰਗਾਂ, ਦਰਸ਼ਕਾਂ ਵਿੱਚ ਬੈਠਾ ਮੈਂ ਉਸ ਦੀ ਖ਼ੂਬਸੂਰਤੀ ਨੂੰ ਇੱਕ ਟੱਕ ਨਿਹਾਰਦਾ ਹੋਇਆ... ਇਹ ਸੋਚਦਾ ਕਿ ਉਹ ਮੇਰੇ ਵੱਲ ਦੇਖ ਕੇ ਮੁਸਕੁਰਾਏਗੀ ਤੇ ਅੱਖਾਂ ਅੱਖਾਂ ਵਿੱਚ ਪੁੱਛੇਗੀ, ‘ਕਿਹੋ ਜਿਹੀ ਲੱਗ ਰਹੀ ਹਾਂ ਜੀ?’ ਤੇ ਮੈਂ ਵਿਸ਼ਾਲ ਅਤੇ ਹੋਰ ਦੋਸਤਾਂ ਤੋਂ ਅੱਖ ਬਚਾਉਂਦਾ ਹੋਇਆ ਇਸ਼ਾਰੇ ਵਿੱਚ ਹੀ ‘ਬਹੁਤ ਸੋਹਣੀ’ ਕਹਿੰਦਾ ਆਪਣੀ ਸੀਟ ਤੋਂ ਉੱਠ ਕੇ ਫੇਰ ਬੈਠ ਜਾਵਾਂਗਾ। ਖ਼ੈਰ, ਮੁਕਾਬਲੇ ਸਮੇਂ ਉਸ ਨੂੰ ਦੇਖਣ ਲਈ ਮੈਂ ਦਰਸ਼ਕਾਂ ਵਿੱਚ ਆ ਬੈਠਾ।
ਇੱਕ ਇੱਕ ਕਰਕੇ ਸਾਰੀਆਂ ਕੁੜੀਆਂ ਤੇ ਮੁੰਡੇ ਰੈਂਪ ’ਤੇ ਆਉਣ ਲੱਗੇ।ਐਂਕਰ ਇੱਕ ਇੱਕ ਦਾ ਨਾਮ ਬੋਲਦੀ ਤਾਂ ਦਰਸ਼ਕ ਤਰ੍ਹਾਂ ਤਰ੍ਹਾਂ ਦੇ ਸ਼ਗੂਫੇ ਛੱਡਦੇ, ਕਮੈਂਟ ਕੱਸਦੇ। ਫਿਰ ਵਾਰੀ ਆਈ ਮ੍ਰਿਗਨੈਣੀ ਦੀ ਜਿਸ ਕਰਕੇ ਮੈਂ ਭੀੜ ਵਿੱਚ ਬੈਠਾ ਸੀ। ਉਸ ਦੇ ਆਉਂਦੇ ਸਾਰ ਹੀ ਸਾਰੇ ਮੁੰਡੇ ਕੁੜੀਆਂ ਕੁਰਸੀਆਂ ’ਤੇ ਖਲੋ ਗਏ, ਸੀਟੀਆਂ ਵੱਜੀਆਂ ਤੇ ਤਾੜੀਆਂ ਦਾ ਸ਼ੋਰ ਹੋਰ ਵਧ ਗਿਆ। ਮਿਊਜ਼ਿਕ ਵਾਲੇ ਨੇ ਵਧੀਆ ਮਿਊਜ਼ਿਕ ਦਿੱਤਾ, ਪਰ ਮੈਂ ਉਸ ਨੂੰ ਦੇਖ ਕੇ ਸੀਟ ’ਤੇ ਹੀ ਬੈਠਾ ਰਿਹਾ। ਇਹ ਕੀ? ਇਹ ਕੁੜੀ ਤਾਂ ਲੰਗੜਾ ਕੇ ਚੱਲਦੀ ਏ! ‘‘ਇਹ ਕੁੜੀ ਐੱਮ.ਏ. ਪੰਜਾਬੀ ਕਰਦੀ ਹੈ। ਬੜੀ ਬੀਬੀ ਕੁੜੀ ਹੈ। ਅੱਵਲ ਆਉਂਦੀ ਹੈ ਹਰ ਕਲਾਸ ’ਚੋਂ। ਕਵਿਤਾਵਾਂ ਵੀ ਲਿਖਦੀ ਹੈੈ,’’ ਨਾਲ ਬੈਠੇ ਦਵਿੰਦਰ ਨੇ ਕਿਹਾ। ਮੇਰੇ ਪੈਰਾਂ ਥੱਲਿਓਂ ਤਾਂ ਜਿਵੇਂ ਜ਼ਮੀਨ ਹੀ ਖਿਸਕ ਗਈ। ਮੇਰੇ ਸਾਰੇ ਸੁਪਨੇ ਚੂਰ ਚੂਰ ਹੋ ਗਏ। ਸਾਰੇ ਜਜ਼ਬਾਤ ਢਹਿ ਢੇਰੀ ਹੋ ਗਏ। ਉਸ ਪ੍ਰਤੀ ਸਾਰੇ ਅਹਿਸਾਸਾਂ ਨੂੰ ਜਿਵੇਂ ਜੰਦਰੇ ਲੱਗ ਗਏ ਹੋਣ। ਇਕਦਮ ਮੇਰੇ ਦਿਮਾਗ਼ ਵਿੱਚ ਆਪਣੇ ਘਰ ਦੇ ਮਾਹੌਲ ਦੀ ਤਸਵੀਰ ਘੁੰਮਣ ਲੱਗੀ... ਚੌਂਕੇ ਵਿੱਚ ਬੈਠ ਕੇ ਰੋਟੀ ਖਾਂਦਿਆਂ ਜਿਵੇਂ ਮੈਂ ਆਪਣੀ ਮਾਂ ਤੇ ਭਰਾ ਨੂੂੰ ਇਸ ਕੁੜੀ ਨਾਲ ਵਿਆਹ ਕਰਾਉਣ ਦੀ ਇੱਛਾ ਦੱਸਾਂਗਾ ਤਾਂ ਸਾਰੇ ਮੇਰੇ ਗਲ ਪੈ ਜਾਣਗੇ, ‘‘ਤੇਰਾ ਦਿਮਾਗ਼ ਖਰਾਬ ਹੋ ਗਿਆ ਏ? ਤੇਰੇ ’ਚ ਕੀ ਕਮੀ ਏ? ਕਿਸੇ ਗੱਲੋਂ ਕਾਣਾ ਏਂ ਤੂੰ? ਲੋਕ ਕੀ ਕਹਿਣਗੇ? ਮੁਹੱਲੇ ਵਾਲੇ ਥੂ ਥੂ ਕਰਨਗੇ। ਜ਼ਿਆਦਾ ਮਹਾਨ ਬਣਨ ਦੀ ਕੋਸ਼ਿਸ਼ ਨਾ ਕਰ। ਬੰਦਿਆਂ ਵਾਲੇ ਕੰਮ ਕਰ। ਸਾਰੀ ਉਮਰ ਬੋਝ ਢੋਵੇਂਗਾ ਉਹਦਾ?’’
ਦੂਜੇ ਪਾਸੇ, ਮੇਰੇ ਅੰਦਰਲੇ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਵਰਗੇ ਸੂਰਮੇ ਜਿਵੇਂ ਕੋਈ ਨਵਾਂ ਇਨਕਲਾਬ ਲਿਆਉਣ ਲਈ ਮੈਨੂੰ ਮੇਰੀ ਸੀਟ ’ਤੇ ਬੈਠੇ ਨੂੰ ਝੰਜੋੜ ਰਹੇ ਹੋਣ। ਓਧਰ, ਮੇਰੇ ਬਾਪੂ ਤੇ ਮਾਂ ਦੀਆਂ ਅੱਖਾਂ ਵਿਚਲਾ ਤਰਲਾ ਮੈਨੂੰ ਆਪਣੇ ਆਪ ਨਾਲੋਂ ਹੀ ਤੋੜਨ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ।
‘‘ਕਿੰਨੇ ਦੁੱਖ ਦੀ ਗੱਲ ਹੈ ਕਿ ਅਸੀਂ ਇਨ੍ਹਾਂ ਦਿਵਿਆਂਗ ਲੋਕਾਂ ਨੂੰ ਅਪਨਾਉਣ ਦੀ ਗੱਲ ਨਹੀਂ ਕਰਦੇ। ਅਸੀਂ ਇਨ੍ਹਾਂ ਬਾਰੇ ਲੰਮੇ ਲੰਮੇ ਭਾਸ਼ਣ ਕਰਕੇ, ਅਖ਼ਬਾਰਾਂ ਵਿੱਚ ਲੇਖ ਲਿਖ ਕੇ ਜਾਂ ਫਿਰ ਇਨ੍ਹਾਂ ਨੂੰ ਸਮਰਪਿਤ ਕਿਤਾਬਾਂ ਲਿਖ ਕੇ ਮਹਾਨ ਬਣਦੇ ਹਾਂ। ਪਰ ਧਰਾਤਲ ’ਤੇ ਕੀ ਵਾਪਰ ਰਿਹਾ ਹੈ, ਉਸ ਤੋਂ ਅਸੀਂ ਬਿਲਕੁਲ ਅਣਜਾਣ ਹਾਂ। ਅੱਜ ਸਾਨੂੰ ਲੋੜ ਹੈ ਅੰਤਰਝਾਤ ਮਾਰਨ ਦੀ, ਸਮਾਜ ਦੀਆਂ ਅਖੌਤੀ ਰਵਾਇਤਾਂ ’ਚੋਂ ਨਿਕਲਣ ਦੀ, ਸਮਾਜਿਕ ਰੀਤੀ ਰਿਵਾਜਾਂ ਨੂੰ ਤੋੜਨ ਦੀ...’’ ਮੇਰੇ ਆਪਣੇ ਬੋਲ ਮੇਰੇ ’ਤੇ ਲਾਹਨਤਾਂ ਪਾ ਰਹੇ ਸਨ। ਪਰ ਨਾਲ ਹੀ ‘‘ਲੋਕ ਕੀ ਕਹਿਣਗੇ? ਮੁਹੱਲੇ ਵਾਲੇ ਥੂ ਥੂ ਕਰਨਗੇ। ਜ਼ਿਆਦਾ ਮਹਾਨ ਬਣਨ ਦੀ ਕੋਸ਼ਿਸ਼ ਨਾ ਕਰ’’ ਜਿਹੇ ਸ਼ਬਦ ਮੇਰੇ ਕੰਨਾਂ ਵਿੱਚ ਤਾੜ ਤਾੜ ਵੱਜ ਰਹੇ ਸਨ। ਮੈਂ ਕਿਸੇ ਮੂਕ ਨਾਇਕ ਦੀ ਤਰ੍ਹਾਂ ਕੁਰਸੀ ਵਿੱਚ ਧਸਿਆ ਹੋਇਆ ਕਿਸੇ ‘ਹੀਰੋ’ ਦੀ ਉਡੀਕ ਕਰਦਾ ਹੋਇਆ ਆਪਣੇ ਆਪ ਨੂੰ ਬੌਣੀ ਸੋਚ ਵਾਲਾ ਆਦਮੀ ਮਹਿਸੂਸ ਕਰ ਰਿਹਾ ਸੀ। ਤਾੜੀਆਂ ਦਾ ਸ਼ੋਰ ਮੇਰੇ ਸਿਰ ਵਿੱਚ ਹਥੌੜੇ ਵਾਂਗ ਵੱਜ ਰਿਹਾ ਸੀ।
ਸੰਪਰਕ: 79737-48062

Advertisement
Advertisement

Advertisement
Author Image

Ravneet Kaur

View all posts

Advertisement