ਕੁਲਵਿੰਦਰ ਬਰਾੜ ਛੋਟਾਘਰਗੱਲ ਕਰਨ ਦਾ ਸਲੀਕਾ ਹੋਣਾ ਵੀ ਇੱਕ ਕਲਾ ਅਤੇ ਹੁਨਰ ਹੈ। ਬੋਲਚਾਲ ਰਾਹੀਂ ਅਸੀਂ ਆਪਣੇ ਵਿਚਾਰਾਂ ਦੀ ਸਾਂਝ ਦੂਜਿਆਂ ਨਾਲ ਪਾਉਂਦੇ ਹਾਂ। ਜੇ ਇਹ ਬੋਲਚਾਲ ਮਿਠਾਸ ਭਰੀ ਹੋਵੇ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ, ਪਰ ਅੱਜ ਦੀ ਨੌਜਵਾਨ ਪੀੜ੍ਹੀ ਦੇ ਬੋਲਾਂ ਵਿੱਚੋਂ ਇਹ ਮਿਠਾਸ ਖ਼ਤਮ ਹੋ ਰਹੀ ਹੈ। ਅੱਜ ਦੇ ਮਨੁੱਖ ਦੀ ਸਾਂਝ ਅਤੇ ਮਾਨਸਿਕਤਾ ਸੁੰਗੜ ਰਹੀ ਹੈ ਅਤੇ ਉਹ ਆਪਣੇ ਆਲੇ-ਦੁਆਲੇ ਤੋਂ ਟੁੱਟ ਰਿਹਾ ਹੈ, ਜਿਸ ਨਾਲ ਪਾੜਾ ਵੱਡਾ ਹੁੰਦਾ ਜਾ ਰਿਹਾ ਹੈ।ਅੱਜਕੱਲ੍ਹ ਲੋਕ ਆਪਸੀ ਗੱਲਬਾਤ ਨਾਲੋਂ ਬਹੁਤੀ ਤਵੱਜੋ ਆਪਣੇ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਨੂੰ ਦੇ ਰਹੇ ਹਨ, ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਇਕੱਲਤਾ ਅਤੇ ਨੀਰਸਤਾ ਵਧ ਰਹੀ ਹੈ। ਨਤੀਜੇ ਵਜੋਂ ਲੋਕ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਹਿਲੇ ਸਮੇਂ ਵਿੱਚ ਲੋਕ ਇੱਕ ਦੂਜੇ ਨਾਲ ਦਿਲ ਖੋਲ੍ਹ ਕੇ ਗੱਲਾਂ ਬਾਤਾਂ ਰਾਹੀਂ ਆਪਸੀ ਦੁੱਖ ਸੁੱਖ ਸਾਂਝਾਂ ਕਰਦੇ ਸਨ, ਜਿਸ ਕਰਕੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਨਾਂ ਵੀ ਨਹੀਂ ਸੁਣਿਆ ਸੀ। ਲੋਕਾਂ ਦੇ ਮਨ ਹਲਕੇ ਹੋਣ ਕਰਕੇ ਉਹ ਲੰਬੀਆਂ ਉਮਰਾਂ ਮਾਣਦੇ ਸਨ। ਅਜੋਕਾ ਮਨੁੱਖ ਆਪਸੀ ਨਫ਼ਰਤ ਅਤੇ ਸਾੜੇ ਕਾਰਨ ਇਨ੍ਹਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਸ਼ਾਇਰ ਸੁਰਜੀਤ ਪਾਤਰ ਨੇ ਬਹੁਤ ਸੋਹਣਾ ਲਿਖਿਆ ਹੈ:ਖੋਲ ਦੇਂਦਾ ਜੇ ਦਿਲ ਤੂੰ ਲਫ਼ਜ਼ਾਂ ਦੇ ਵਿੱਚ ਯਾਰਾਂ ਦੇ ਨਾਲਖੋਲਣਾ ਨਾ ਪੈਂਦਾ ਅੱਜ ਏਦਾਂ ਔਜ਼ਾਰਾਂ ਦੇ ਨਾਲਹੁਣ ਲੋਕਾਂ ਦੀ ਆਪਸੀ ਗੱਲਬਾਤ ਘਟਣ ਕਾਰਨ ਘਰੇਲੂ ਸਾਂਝ ਵੀ ਥਿੜਕ ਗਈ ਹੈ। ਹਰ ਕੋਈ ਇੱਕ-ਦੂਜੇ ਤੋਂ ਅੱਗੇ ਲੰਘਣ ਅਤੇ ਕਦੇ ਨਾ ਖ਼ਤਮ ਹੋਣ ਵਾਲੀ ਦੌੜ ਵਿੱਚ ਲੱਗਾ ਹੋਇਆ ਹੈ। ਚੰਗੀ ਬੋਲਚਾਲ ਇੱਕ ਚੰਗੇ ਅਤੇ ਸੁਲਝੇ ਹੋਏ ਮਨੁੱਖ ਦੀ ਨਿਸ਼ਾਨੀ ਹੈ, ਜਿਸ ਰਾਹੀਂ ਉਹ ਦੂਜੇ ’ਤੇ ਆਪਣਾ ਪ੍ਰਭਾਵ ਛੱਡਦਾ ਹੈ ਜਾਂ ਦੂਜਿਆਂ ਦਾ ਪ੍ਰਭਾਵ ਕਬੂਲਦਾ ਹੈ। ਇਹ ਮੂੰਹੋਂ ਨਿਕਲੇ ਬੋਲ ਹੀ ਹਨ ਜੋ ਕਿਸੇ ਦੇ ਧੁਰ ਅੰਦਰ ਤੱਕ ਉਤਰ ਜਾਣ ਤਾਂ ਰਿਸ਼ਤੇ ਉਮਰ ਭਰ ਲਈ ਹੰਢਣਸਾਰ ਬਣ ਜਾਂਦੇ ਹਨ ਅਤੇ ਜੇ ਕੁੜੱਤਣ ਭਰੇ ਹੋਵਣ ਤਾਂ ਵਿਅਕਤੀ ਦਿਲ ਤੋਂ ਉਤਰ ਜਾਂਦਾ ਹੈ। ਖੂਨ ਦੀਆਂ ਗੂੜ੍ਹੀਆਂ ਸਾਂਝਾਂ ਅਤੇ ਕਈ ਵਾਰ ਨਾ ਟੁੱਟਣ ਵਾਲੇ ਰਿਸ਼ਤੇ ਵੀ ਇਨ੍ਹਾਂ ਬੋਲਾਂ ਦਾ ਸ਼ਿਕਾਰ ਹੋ ਕੇ ਕੱਚੀਆਂ ਤੰਦਾਂ ਵਾਂਗ ਟੁੱਟ ਜਾਂਦੇ ਹਨ। ਸ਼ੁਰੂਆਤੀ ਦਿਨਾਂ ਵਿੱਚ ਮਨੁੱਖ ਆਪਣੇ ਪਰਿਵਾਰ ਵਿੱਚੋਂ ਬੋਲਚਾਲ ਦਾ ਪ੍ਰਭਾਵ ਕਬੂਲਦਾ ਹੈ ਤੇ ਜਿਵੇਂ -ਜਿਵੇਂ ਉਸ ਦਾ ਦਾਇਰਾ ਵਿਸ਼ਾਲ ਹੁੰਦਾ ਜਾਂਦਾ ਹੈ ਤਾਂ ਉਹ ਆਪਣੇ ਆਲੇ ਦੁਆਲੇ ਦੇ ਬੋਲਾਂ ਤੋਂ ਪ੍ਰਭਾਵਿਤ ਹੁੰਦਾ ਹੈ। ਅਜੋਕੇ ਮਨੁੱਖ ਦੇ ਬੋਲਾਂ ਵਿੱਚ ਤਲਖੀ ਵਧਣ ਦਾ ਕਾਰਨ ਕਿਤੇ ਨਾ ਕਿਤੇ ਸਹਿਣਸ਼ੀਲਤਾ ਦੀ ਘਾਟ ਹੈ। ਇਸ ਦੇ ਨਾਲ ਹੀ ਇਹ ਵੀ ਇੱਕ ਕਾਰਨ ਕਿ ਅੱਜਕੱਲ੍ਹ ਜਿਸ ਨੂੰ ਅੰਗਰੇਜ਼ੀ ਵਿੱਚ ‘ਸਿੰਗਲ ਚਾਈਲਡ’ ਆਖਦੇ ਹਨ, ਭਾਵ ਇਕਲੌਤੀ ਔਲਾਦ ਦਾ ਹੋਣਾ ਵੀ ਹੈ, ਜਿਸ ਕਾਰਨ ਉਹ ਕਈ ਨਜ਼ਦੀਕੀ ਰਿਸ਼ਤਿਆਂ ਜਿਵੇਂ ਕਿ ਭੈਣ-ਭਰਾ ਆਦਿ ਦਾ ਨਿੱਘ ਨਹੀਂ ਮਾਣ ਸਕਦਾ ਤੇ ਉਹ ਅਪਣੱਤ ਦੇ ਇਸ ਮੋਹ ਤੋਂ ਸੱਖਣਾ ਹੋ ਜਾਂਦਾ ਹੈ। ਹਰ ਕੋਈ ਆਪਣੇ ਬੱਚੇ ਨੂੰ ਫੁੱਲਾਂ ਵਾਂਗ ਰੱਖਣ ਦਾ ਚਾਹਵਾਨ ਹੈ ਤੇ ਉਸ ਨੂੰ ਘੂਰਨ ਦਾ ਹੱਕ ਕਿਤੇ ਨਾ ਕਿਤੇ ਮਾਪੇ ਵੀ ਖੋ ਚੁੱਕੇ ਹਨ। ਇਸ ਗੱਲ ਦੀ ਗਵਾਹੀ ਬਿਰਧ ਆਸ਼ਰਮਾਂ ਦੀ ਵਧਦੀ ਗਿਣਤੀ ਭਰਦੀ ਹੈ ਕਿ ਬੋਲਾਂ ਵਿੱਚੋਂ ਘਟੀ ਅਪਣੱਤ, ਹਲੀਮੀ ਦੀ ਘਾਟ ਕਾਰਨ ਕਿਵੇਂ ਬਿਰਧ ਹੋ ਚੁੱਕੇ ਮਾਂ-ਬਾਪ ਆਸ਼ਰਮਾਂ ਵਿੱਚ ਆਪਣੀਆਂ ਮੋਤੀਏ ਨਾਲ ਖਰਾਬ ਹੋ ਚੁੱਕੀਆਂ ਅੱਖਾਂ ਅਤੇ ਸੁਣਨ ਤੋਂ ਆਹਰੀ ਹੋ ਚੁੱਕੇ ਕੰਨਾਂ ਨਾਲ ਅੱਜ ਵੀ ਕਿਸੇ ਆਪਣੇ ਨੂੰ ਦੇਖਣ ਅਤੇ ਅਪਣੱਤ ਭਰੇ ਬੋਲਾਂ ਨੂੰ ਸੁਣਨ ਲਈ ਉਡੀਕਦੇ-ਉਡੀਕਦੇ ਜਹਾਨੋਂ ਕੂਚ ਕਰ ਜਾਂਦੇ ਹਨ।ਬੋਲਾਂ ਦਾ ਕੌੜੇ ਜਾਂ ਮਿੱਠੇ ਹੋਣਾ ਹਾਲਾਤ ’ਤੇ ਵੀ ਨਿਰਭਰ ਕਰਦਾ ਹੈ। ਮਨੁੱਖ ਬਹੁਤੀ ਵਾਰ ਆਪਣੀ ਬੋਲਚਾਲ ਦੀ ਸੁਰ ਰੁਤਬੇ ਨੂੰ ਦੇਖ ਕੇ ਵੀ ਤੈਅ ਕਰਦਾ ਹੈ ਕਿ ਜੇਕਰ ਸਾਹਮਣੇ ਵਾਲਾ ਉਸ ਤੋਂ ਉੱਚੇ ਅਹੁਦੇ ’ਤੇ ਹੈ ਤਾਂ ਉਸ ਦੇ ਸ਼ਬਦਾਂ ਵਿੱਚ ਹਲੀਮੀ ਲੋੜੋਂ ਵਧ ਜਾਂਦੀ ਹੈ ਤੇ ਜੇਕਰ ਉਸ ਤੋਂ ਹੇਠਲੇ ਅਹੁਦੇ ’ਤੇ ਹੈ ਤਾਂ ਉਸ ਦੇ ਬੋਲ ਤਲਖੀ ਫੜ ਜਾਂਦੇ ਹਨ। ਇਹ ਬੋਲ ਹੀ ਜੇਕਰ ਮਿਠਾਸ ਭਰੇ ਹੋਣ ਤਾਂ ਔਖੇ ਵੇਲੇ ਮੱਲ੍ਹਮ ਦਾ ਕੰਮ ਕਰਦੇ ਹਨ, ਪਰ ਜੇਕਰ ਕੁੜੱਤਣ ਭਰੇ ਹੋਣ ਤਾਂ ਖਲਪਾੜ ਵਾਂਗ ਵੱਜਦੇ ਸੀਨਾਂ ਚੀਰ ਕੇ ਰੱਖ ਦਿੰਦੇ ਹਨ। ਇਹ ਮੂੰਹ ਇੱਕ ਦੁਕਾਨ ਦੀ ਤਰ੍ਹਾਂ ਹੈ ਜਿਸ ਦੇ ਖੁੱਲ੍ਹਣ ’ਤੇ ਹੀ ਪਤਾ ਲੱਗਦਾ ਹੈ ਕਿ ਦੁਕਾਨ ਲੋਹੇ ਦੀ ਹੈ ਜਾਂ ਸੋਨੇ ਦੀ, ਪਰ ਅੱਜਕੱਲ੍ਹ ਪਰਵਾਹ ਹੀ ਕਿਸ ਨੂੰ ਹੈ। ਜਿਵੇਂ ਕਿ ਅਸੀਂ ਅਕਸਰ ਦੇਖਿਆ ਹੈ ਕਿ ਹੁਣ ਲੋਕ ਜਜ਼ਬਾਤੀ ਹੋਣ ਦੀ ਥਾਂ ਪ੍ਰੋਫੈਸ਼ਨਲ ਹੋ ਗਏ ਹਨ ਤੇ ਮਿਲਣ ਵਰਤਣ ਵੀ ਜ਼ਰੂਰਤਾਂ ਤੈਅ ਕਰਦੀਆਂ ਹਨ ਅਤੇ ਰਿਸ਼ਤਾ ਕਿੱਥੋਂ ਤੱਕ ਨਿਭਾਉਣਾ ਹੈ, ਇਹ ਵੀ ਉਸ ਪੂਰੀ ਹੋਣ ਵਾਲੀ ਲੋੜ ’ਤੇ ਨਿਰਭਰ ਕਰਦਾ ਹੈ।ਜੇਕਰ ਤੁਹਾਡੀ ਰੋਜ਼ੀ ਰੋਟੀ ਕਮਾਉਣ ਦੇ ਸਾਧਨ ਵਜੋਂ ਤੁਸੀਂ ਕਿਸੇ ਅਜਿਹੇ ਅਹੁਦੇ ’ਤੇ ਹੋ ਜਿਸ ਵਿੱਚ ਤੁਸੀਂ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਖ਼ੁਸ਼ੀ ਦਾ ਕਾਰਨ ਬਣ ਸਕਦੇ ਹੋ ਤਾਂ ਤੁਸੀਂ ਭਾਗਾਂ ਵਾਲੇ ਹੋ। ਫਿਰ ਤੁਹਾਡੇ ’ਤੇ ਇੱਕ ਪੰਥ ਦੋ ਕਾਜ ਵਾਲੀ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ। ਇਹ ਰੂਹ ਨੂੰ ਸਕੂਨ ਦੇਣ ਵਾਲੀ ਗੱਲ ਹੈ, ਸਾਰਾ ਰੌਲਾ ਹੀ ਸਕੂਨ ਦਾ। ਇੱਥੇ ਸਮਝਣ ਦੀ ਲੋੜ ਹੈ ਕਿ ਇਸ ਸੰਸਾਰ ’ਤੇ ਸਦਾ ਕਿਸੇ ਨੇ ਵੀ ਨਹੀਂ ਰਹਿਣਾ ਤੇ ਜੱਗ ਵਾਲਾ ਮੇਲਾ ਕਿਸੇ ਦਿਨ ਵਿਸਰ ਜਾਣਾ ਹੈ। ਅਸੀਂ ਸਭ ਨੇ ਇੱਕ ਯਾਦ ਬਣ ਜਾਣਾ ਹੈ ਤੇ ਯਾਦਾਂ ਚੰਗੀਆਂ ਹੋਣ ਤਾਂ ਚੇਤੇ ਦੀ ਚੰਗੇਰ ਵਿੱਚ ਸਾਂਭ ਲਈਆਂ ਜਾਂਦੀਆਂ ਹਨ ਤੇ ਜੇ ਮਾੜੀਆਂ ਹੋਣ ਤਾਂ ਵਿਸਰ ਜਾਂਦੀਆਂ ਹਨ। ਆਓ, ਕੋਸ਼ਿਸ਼ ਕਰੀਏ ਕਿ ਯਾਦਾਂ ਚੰਗੀਆਂ ਹੀ ਹੋਣ ਜਿਵੇਂ ਕਿ ਸਤਿੰਦਰ ਸਰਤਾਜ ਨੇ ਗਾਇਆ ਹੈ;ਕਿਤੇ ਨੀ ਤੇਰਾ ਰੁਤਬਾ ਘੱਟ ਦਾ ਜੇ ਹੱਸ ਕੇ ਬੁਲਾ ਲਵੇ ਕਿਧਰੇਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹਬੱਤਾਂ ਜਤਾ ਲਵੇ ਕਿਧਰੇਸੰਪਰਕ: 98553-18181