For the best experience, open
https://m.punjabitribuneonline.com
on your mobile browser.
Advertisement

ਬੋਰਡ ਵਾਲੀਆਂ ਜਮਾਤਾਂ ਦੇ ਨਤੀਜੇ ਅਤੇ ਅਕਾਦਮਿਕ ਪੱਧਰ

04:11 AM May 28, 2025 IST
ਬੋਰਡ ਵਾਲੀਆਂ ਜਮਾਤਾਂ ਦੇ ਨਤੀਜੇ ਅਤੇ ਅਕਾਦਮਿਕ ਪੱਧਰ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਵਿਦਿਅਕ ਵਰ੍ਹੇ 2024-25 ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਨੇ ਐਤਕੀਂ ਵੀ ਵਿਦਿਅਕ ਮਾਹਿਰਾਂ ਅਤੇ ਸਬੰਧਿਤ ਲੋਕਾਂ ਨੂੰ ਹੈਰਾਨ ਕੀਤਾ ਹੈ। ਹੈਰਾਨੀ ਹੋਵੇ ਵੀ ਕਿਉਂ ਨਾ, ਜਿਹੜੇ ਬੱਚਿਆਂ ਨੂੰ ਪਾਸ ਹੋਣ ਦੀ ਉਮੀਦ ਨਹੀਂ ਹੁੰਦੀ, ਉਨ੍ਹਾਂ ਦੇ ਵੀ 80% ਅੰਕ ਆ ਜਾਂਦੇ ਹਨ। 80 ਤੋਂ 95% ਅੰਕ ਆਉਣੇ ਹੁਣ ਆਮ ਗੱਲ ਹੋ ਗਈ ਹੈ। ਬੱਚੇ ਅਤੇ ਅਧਿਆਪਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ- ਬਸ, ਦੋ ਤਿੰਨ ਅੰਕਾਂ ਪਿੱਛੇ ਮੈਰਿਟ ਆਉਣ ਤੋਂ ਰਹਿ ਗਈ। ਸਕੂਲਾਂ ਤੋਂ ਜਿ਼ਆਦਾਤਰ ਗ਼ੈਰ-ਹਾਜ਼ਰ ਰਹਿਣ ਵਾਲੇ ਬੱਚੇ ਕੇਵਲ ਪਾਸ ਹੀ ਨਹੀਂ ਹੁੰਦੇ ਸਗੋਂ ਬਹੁਤ ਚੰਗੇ ਅੰਕ ਲੈ ਕੇ ਆਪਣਾ, ਮਾਪਿਆਂ, ਸਕੂਲ ਅਤੇ ਸਿੱਖਿਆ ਵਿਭਾਗ ਦਾ ਨਾਂ ਰੌਸ਼ਨ ਕਰਦੇ ਹਨ। ਜਿਨ੍ਹਾਂ ਸਕੂਲਾਂ `ਚ ਅਹਿਮ ਵਿਸ਼ਿਆਂ ਦੀਆਂ ਅਸਾਮੀਆਂ ਲੰਮੇ ਸਮੇਂ ਤੋਂ ਖਾਲੀ ਹਨ, ਉਨ੍ਹਾਂ ਸਕੂਲਾਂ ਦੇ ਨਤੀਜੇ ਕੇਵਲ 100% ਹੀ ਨਹੀਂ ਹੁੰਦੇ ਸਗੋਂ ਬੱਚੇ ਬਹੁਤ ਚੰਗੇ ਅੰਕਾਂ ਨਾਲ ਪਾਸ ਹੁੰਦੇ ਹਨ। ਉਸਾਰੂ ਸੋਚ ਰੱਖਣ ਵਾਲੇ, ਸਿੱਖਿਆ ਦੇ ਅਕਾਦਮਿਕ ਪੱਧਰ ਤੇ ਬੱਚਿਆਂ ਦੇ ਭਵਿੱਖ ਦਾ ਫ਼ਿਕਰ ਕਰਨ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਬੱਚਿਆਂ ਦੀ ਬੌਧਿਕ ਸਮਰੱਥਾ ਦੇ ਨਹੀਂ ਸਗੋਂ ਸਿੱਖਿਆ ਬੋਰਡ ਦੇ ਬਣਾਏ ਫਾਰਮੂਲਿਆਂ ਅਤੇ ਘੜੀ ਯੋਜਨਾ ਦੇ ਹਨ।
ਇਸ ਵਰ੍ਹੇ ਦਾ 10ਵੀਂ ਜਮਾਤ ਦਾ ਨਤੀਜਾ 95.60% ਕੱਢਿਆ ਗਿਆ ਹੈ। 2,77,746 ਬੱਚਿਆਂ `ਚੋਂ ਕੇਵਲ 11,391 ਬੱਚਿਆਂ ਨੂੰ ਰੀਅਪੀਅਰ ਦਿੱਤੀ ਗਈ ਹੈ ਤੇ ਕੇਵਲ 782 ਬੱਚੇ ਫੇਲ੍ਹ ਕੀਤੇ ਹਨ। ਪ੍ਰਾਈਵੇਟ ਸਕੂਲਾਂ ਦੀ ਪਾਸ ਫ਼ੀਸਦ ਸਰਕਾਰੀ ਸਕੂਲਾਂ ਨਾਲੋਂ 1.49% ਜਿ਼ਆਦਾ ਰਹੀ ਹੈ। ਪਹਿਲੇ ਤਿੰਨ ਸਥਾਨਾਂ ਉੱਤੇ ਰਹਿਣ ਵਾਲੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਹਨ। ਸਰਕਾਰੀ ਸਕੂਲਾਂ ਨਾਲੋਂ ਪ੍ਰਾਈਵੇਟ ਸਕੂਲਾਂ ਦੀਆਂ ਮੈਰਿਟਾਂ ਵੀ ਜਿ਼ਆਦਾ ਹਨ।
ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਹੋਣ ਦੇ ਬਾਵਜੂਦ ਇਨ੍ਹਾਂ ਦਾ ਨਤੀਜਾ 91.72% ਰਿਹਾ ਹੈ। ਮੈਰੀਟੋਰੀਅਸ ਸਕੂਲਾਂ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ। ਪੇਂਡੂ ਖੇਤਰ ਦਾ ਨਤੀਜਾ ਸ਼ਹਿਰੀ ਖੇਤਰ ਨਾਲੋਂ 1.38% ਜਿ਼ਆਦਾ ਹੈ। ਪਹਿਲੇ, ਦੂਜੇ ਤੇ ਤੀਜੇ ਸਥਾਨਾਂ ’ਤੇ ਆਉਣ ਵਾਲੇ ਬੱਚਿਆਂ ਨੂੰ 650 ਵਿਚੋਂ 650 ਅੰਕ ਦਿੱਤੇ ਗਏ ਹਨ; ਭਾਵ, ਉਨ੍ਹਾਂ ਦੇ ਅੰਕਾਂ ’ਚ ਇੱਕ-ਇੱਕ ਅੰਕ ਦਾ ਵੀ ਫਰਕ ਨਹੀਂ। ਪੰਜਾਬੀ 99.43%, ਅੰਗਰੇਜ਼ੀ 97.98, ਹਿੰਦੀ 99.54, ਗਣਿਤ 98.89, ਸਾਇੰਸ 99.06 ਅਤੇ ਸਮਾਜਿਕ ਵਿਸ਼ੇ ਦਾ 99.38% ਨਤੀਜਾ ਕੱਢਿਆ ਹੈ।
10ਵੀਂ ਜਮਾਤ ਦੇ ਨਤੀਜਿਆਂ ਨਾਲ ਜੁੜੇ ਸਵਾਲ ਇਹ ਹਨ ਕਿ ਪਿੰਡਾਂ ਵਿੱਚ ਅਹਿਮ ਵਿਸ਼ਿਆਂ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਅਤੇ ਸ਼ਹਿਰੀ ਖੇਤਰ ਦੇ ਸਕੂਲਾਂ ਦੀਆਂ ਸਾਰੀਆਂ ਅਸਾਮੀਆਂ ਭਰੀਆਂ ਹੋਣ ਦੇ ਬਾਵਜੂਦ ਪੇਂਡੂ ਸਕੂਲਾਂ ਦਾ ਨਤੀਜਾ ਸ਼ਹਿਰੀ ਸਕੂਲਾਂ ਨਾਲੋਂ ਜਿ਼ਆਦਾ ਕਿਉਂ ਹੈ? ਕੀ ਨੌਵੀਂ ਜਮਾਤ ਦੀਆਂ ਸਾਲਾਨਾ ਅਤੇ 10ਵੀਂ ਜਮਾਤ ਦੀਆਂ ਘਰੇਲੂ ਪ੍ਰੀਖਿਆਵਾਂ ’ਚ ਵੀ ਬੱਚਿਆਂ ਦੇ ਐਨੇ ਹੀ ਅੰਕ ਆਉਂਦੇ ਹਨ? ਚੰਗੀ ਤਰ੍ਹਾਂ ਭਾਸ਼ਾਵਾਂ ਨੂੰ ਪੜ੍ਹ-ਲਿਖ ਨਾ ਸਕਣ ਵਾਲੇ ਬੱਚਿਆਂ ਦੇ ਗਣਿਤ, ਸਾਇੰਸ, ਅੰਗਰੇਜ਼ੀ ਅਤੇ ਸਮਾਜਿਕ ਵਿਸ਼ਿਆਂ ਵਿੱਚ ਐਨੇ ਵਧੀਆ ਅੰਕ ਕਿਵੇਂ ਆ ਜਾਂਦੇ ਹਨ ? ਸਰਕਾਰੀ ਸਕੂਲਾਂ ’ਚੋਂ ਸਾਲ ’ਚ ਔਸਤਨ 20% ਬੱਚੇ ਗ਼ੈਰ-ਹਾਜ਼ਰ ਹੁੰਦੇ ਹਨ। ਇਹ 20% ਬੱਚੇ ਪਾਸ ਹੋ ਕੇ ਐਨੇ ਚੰਗੇ ਅੰਕ ਕਿਵੇਂ ਲੈ ਗਏ ਹਨ?
ਜੇ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਚ ਵੱਡੀ ਕ੍ਰਾਂਤੀ ਆ ਗਈ ਹੈ ਤਾਂ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਸਰਕਾਰੀ ਸਕੂਲਾਂ ਨਾਲੋਂ 1.49% ਜਿ਼ਆਦਾ ਕਿਉਂ ਹਨ? ਪ੍ਰਾਈਵੇਟ ਸਕੂਲਾਂ ਦੀਆਂ ਮੈਰਿਟਾਂ ਜਿ਼ਆਦਾ ਕਿਉਂ ਹਨ? ਸਿੱਖਿਆ ਵਿਭਾਗ ਦੇ ਐਮੀਨੈਂਸ ਸਕੂਲਾਂ ਉੱਤੇ ਕਰੋੜਾਂ ਰੁਪਏ ਖਰਚ ਹੋ ਰਹੇ ਹਨ, ਫਿਰ ਵੀ ਇਹ ਸਕੂਲ ਐਮੀਨੈਂਸ ਕਾਰਗੁਜ਼ਾਰੀ ਕਿਉਂ ਨਹੀਂ ਦਿਖਾ ਸਕੇ? 10ਵੀਂ ਜਮਾਤ `ਚੋਂ ਐਨੇ ਵਧੀਆ ਅੰਕਾਂ ਨਾਲ ਪਾਸ ਹੋਣ ਵਾਲੇ ਬੱਚਿਆਂ ਵਿਚੋਂ 67% ਬੱਚੇ ਸਾਇੰਸ ਅਤੇ ਕਾਮਰਸ ਗਰੁੱਪ ਰੱਖਣ ਲਈ ਤਿਆਰ ਕਿਉਂ ਨਹੀਂ ਹੁੰਦੇ? 2024-25 ਵਿੱਚ 12ਵੀਂ ਜਮਾਤਾਂ `ਚ 2,65,388 ਬੱਚਿਆਂ ਵਿੱਚੋਂ ਕੇਵਲ 86,480 ਬੱਚਿਆਂ ਨੇ ਸਾਇੰਸ ਤੇ ਕਾਮਰਸ ਗਰੁੱਪਾਂ ਦੀ ਪ੍ਰੀਖਿਆ ਦਿੱਤੀ। ਐਨੇ ਚੰਗੇ ਅੰਕਾਂ ਵਾਲੇ ਬੱਚੇ ਆਪਣੇ ਦਾਖ਼ਲਾ ਫਾਰਮ ਕਿਉਂ ਨਹੀਂ ਭਰ ਸਕਦੇ? ਖ਼ੁਦ ਪੱਤਰ ਤੱਕ ਵੀ ਕਿਉਂ ਨਹੀਂ ਲਿਖ ਸਕਦੇ? 60% ਬੱਚਿਆਂ ਨੂੰ 11ਵੀਂ ਜਮਾਤ ਲਈ ਗਰੁੱਪ ਅਤੇ ਵਿਸ਼ਿਆਂ ਦੀ ਚੋਣ ਕਰਨ ਦਾ ਗਿਆਨ ਨਹੀਂ ਹੁੰਦਾ।
12ਵੀਂ ਜਮਾਤ ਦੇ ਸਾਰੇ ਗਰੁੱਪਾਂ ਨੂੰ ਮਿਲਾ ਕੇ ਨਤੀਜਾ 91% ਰਿਹਾ। 2,65,388 ਬੱਚਿਆਂ ਵਿਚੋਂ ਕੇਵਲ 17,844 ਬੱਚਿਆਂ ਨੂੰ ਰੀਅਪੀਅਰ ਦਿੱਤੀ ਗਈ ਅਤੇ 5950 ਬੱਚੇ ਫੇਲ੍ਹ ਕੀਤੇ। ਪਹਿਲੇ ਦੋ ਸਥਾਨਾਂ ’ਤੇ ਆਉਣ ਵਾਲੀਆਂ ਬੱਚੀਆਂ ਦੇ 500 `ਚੋਂ 500 ਅੰਕ ਹਨ ਤੇ ਇਹ ਬੱਚੇ ਸਾਇੰਸ ਗਰੁੱਪ ਦੇ ਹਨ। ਤੀਜੇ ਸਥਾਨ ਵਾਲੀ ਬੱਚੀ ਦੇ 500 ਵਿੱਚੋਂ 498 (99.60%) ਅੰਕ ਹਨ। ਸਾਇੰਸ ਗਰੁੱਪ ਦਾ ਨਤੀਜਾ 98.52 %, ਕਾਮਰਸ ਗਰੁੱਪ ਦਾ 96.83, ਹਿਉਮੈਨੀਟੀਜ਼ ਦਾ 87.58 ਅਤੇ ਵੋਕੇਸ਼ਨਲ ਗਰੁੱਪ ਦਾ ਨਤੀਜਾ 97.56% ਰਿਹਾ। ਪ੍ਰਾਈਵੇਟ ਸਕੂਲਾਂ ਦਾ ਨਤੀਜਾ ਸਰਕਾਰੀ ਸਕੂਲਾਂ ਨਾਲੋਂ 1.46% ਜਿ਼ਆਦਾ ਰਿਹਾ। ਪਹਿਲੇ ਤਿੰਨ ਸਥਾਨਾਂ ਉੱਤੇ ਰਹਿਣ ਵਾਲੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਹੀ ਹਨ। ਪੇਂਡੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਸ਼ਹਿਰੀ ਸੀਨੀਅਰ ਸੈਕੰਡਰੀ ਸਕੂਲਾਂ ਨਾਲੋਂ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਪੇਂਡੂ ਸਕੂਲਾਂ ਦਾ ਸ਼ਹਿਰੀ ਸਕੂਲਾਂ ਨਾਲੋਂ ਨਤੀਜਾ 0.46% ਜਿ਼ਆਦਾ ਰਿਹਾ। ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ `ਚ ਅਸਾਮੀਆਂ ਘੱਟ ਹੋਣ ਦੇ ਬਾਵਜੂਦ ਨਤੀਜਾ 86.86% ਰਿਹਾ। ਫਿਜਿ਼ਕਸ ਦਾ ਨਤੀਜਾ 99.78,% ਕੈਮਿਸਟਰੀ ਦਾ 99.73%, ਬਾਇਓ 99.65, ਮੈਥ 97.12, ਅੰਗਰੇਜ਼ੀ ਜਨਰਲ, 9612, ਪੰਜਾਬੀ ਜਨਰਲ 98.55, ਪੰਜਾਬੀ ਚੋਣਵੀਂ 94.39, ਇਤਿਹਾਸ 93.26, ਅਰਥ ਸ਼ਾਸਤਰ 99.14, ਪੁਲੀਟੀਕਲ ਸਾਇੰਸ ਦਾ ਨਤੀਜਾ 98.18% ਕੱਢਿਆ ਗਿਆ ਹੈ। 12ਵੀਂ ਵਿਚ ਵੀ ਸਰਕਾਰੀ ਸਕੂਲਾਂ ਨਾਲੋਂ ਪ੍ਰਾਈਵੇਟ ਸਕੂਲਾਂ ਦੀਆਂ ਮੈਰਿਟਾਂ ਜਿ਼ਆਦਾ ਹਨ। 12ਵੀਂ ਵਿੱਚ ਵੀ ਐਮੀਨੈਂਸ ਸਕੂਲ ਮੈਰੀਟੋਰੀਅਸ ਸਕੂਲਾਂ ਤੋਂ ਕਾਫੀ ਪਿੱਛੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਸੈਂਕੜੇ ਅਸਾਮੀਆਂ ਖਾਲੀ ਹੋਣ, ਇੱਕ ਦੋ ਲੈਕਚਰਾਰਾਂ ਅਤੇ ਕਈ ਸਕੂਲਾਂ `ਚ ਇੱਕ ਵੀ ਲੈਕਚਰਾਰ ਨਾ ਹੋਣ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਨਤੀਜੇ 100% ਕਿਵੇਂ ਆ ਜਾਂਦੇ ਹਨ? ਸਾਇੰਸ, ਕਾਮਰਸ ਅਤੇ ਆਰਟਸ ਗਰੁੱਪਾਂ ਵਿਚ 100% ਅੰਕ ਕਿਵੇਂ ਆ ਜਾਂਦੇ ਹਨ? ਗ਼ੈਰ-ਹਾਜ਼ਰ ਰਹਿਣ ਵਾਲੇ ਅਤੇ ਪਾਸ ਹੋਣ ਦੀ ਉਮੀਦ ਰੱਖਣ ਵਾਲੇ ਬੱਚਿਆਂ ਦੇ 75 ਤੋਂ 85% ਅੰਕ ਕਿਵੇਂ ਆ ਜਾਂਦੇ ਹਨ? ਸਰਕਾਰੀ ਸਕੂਲਾਂ ਦੇ ਸਾਇੰਸ ਗਰੁੱਪ ’ਚ ਐਨੀ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚੇ ਮੈਡੀਕਲ ਅਤੇ ਆਈਆਈਟੀ, ਇੰਜਨੀਅਰਿੰਗ ਕਾਲਜਾਂ ਵਿਚ ਕਿਉਂ ਨਹੀਂ ਜਾ ਸਕਦੇ? ਕਾਮਰਸ ਗਰੁੱਪ ਦੇ ਬੱਚੇ ਬੀਮਾ, ਬੈਕਿੰਗ ਤੇ ਕਾਮਰਸ ਨਾਲ ਜੁੜੇ ਉੱਚ ਖੇਤਰਾਂ ’ਚ ਕਿਉਂ ਨਹੀਂ ਜਾ ਸਕਦੇ? ਜਿ਼ਆਦਾਤਰ ਬੱਚੇ ਨਰਸਿੰਗ, ਬੀਐੱਸਸੀ ਨਰਸਿੰਗ, ਬੀਏ, ਬੀਐੱਸਸੀ, ਬੀਸੀਏ, ਬੀਕਾਮ, ਪੋਲੀਟੈਕਨੀਕਲ ਕਾਲਜਾਂ, ਆਮ ਇੰਜਨੀਅਰਿੰਗ ਕਾਲਜਾਂ ਜਾਂ ਫਿਰ ਡਿਪਲੋਮਾ ਕੋਰਸਾਂ `ਚ ਚਲੇ ਜਾਂਦੇ ਹਨ। ਕਈ ਤਾਂ ਉਚੇਰੀ ਸਿੱਖਿਆ ਔਖੀ ਹੋਣ ਕਰ ਕੇ ਗਰੁੱਪ ਬਦਲ ਲੈਂਦੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਵਸਥਾ ਦੀਆਂ ਖਾਮੀਆਂ ਅਤੇ ਖਾਲੀ ਅਸਾਮੀਆਂ ਦੀ ਸਮੱਸਿਆ ਦੀ ਆਲੋਚਨਾ ਤੋਂ ਬਚਣ ਲਈ ਬੋਰਡ ਦੀਆਂ ਜਮਾਤਾਂ ਦੇ ਚੰਗੇ ਨਤੀਜੇ ਦਿਖਾਉਣ ਲਈ ਸੌਖਾ ਢੰਗ ਅਪਣਾ ਲਿਆ ਹੈ।
ਇਕ ਤਰ੍ਹਾਂ ਦੇ ਪ੍ਰਸ਼ਨ ਪੱਤਰ, 30 ਅੰਕਾਂ ਦੇ ਅਬਜੈਕਟਿਵ ਟਾਈਪ ਪ੍ਰਸ਼ਨ, ਪ੍ਰੀਖਿਆ ਕੇਂਦਰਾਂ ਵਿਚ ਸਖ਼ਤੀ ਨਹੀਂ, ਸੌਖੇ ਪਰਚੇ ਪਾਉਣ, ਪਰਚਿਆਂ ਦੇ ਮੁਲਾਂਕਣ ਸਮੇਂ ਗ਼ਲਤੀਆਂ ਵੱਲ ਧਿਆਨ ਨਾ ਦੇਣਾ, ਅਸੈੱਸਮੈਂਟ ਅਤੇ ਪ੍ਰਯੋਗੀ ਪ੍ਰੀਖਿਆਵਾਂ ਦੇ ਅੰਕ ਸਕੂਲਾਂ ਦੇ ਪੱਧਰ ’ਤੇ ਦਿੱਤੇ ਜਾਣੇ, ਚੰਗੇ ਨਤੀਜੇ ਬਣਾਉਣ ਦੇ ਫਾਰਮੂਲੇ ਅਤੇ ਯੋਜਨਾ ਨੇ ਨਕਲ ਅਤੇ ਗਰੇਸ ਅੰਕ ਦੇਣ ਦਾ ਰੌਲਾ ਪੈਣਾ ਵੀ ਬੰਦ ਕਰ ਦਿੱਤਾ ਹੈ। ਵਿਦਿਅਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਚੰਗੇ ਨਤੀਜੇ ਬੱਚਿਆਂ, ਮਾਪਿਆਂ, ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਖੁਸ਼ ਤਾਂ ਕਰ ਸਕਦੇ ਹਨ ਪਰ ਅਜਿਹੇ ਨਤੀਜੇ ਸਦਾ ਸਵਾਲ ਖੜ੍ਹੇ ਕਰਦੇ ਰਹਿਣਗੇ ਕਿਉਂਕਿ ਇਹ ਸਿੱਖਿਆ ਵਿੱਚ ਕ੍ਰਾਂਤੀ ਨਹੀਂ ਲਿਆਉਣਗੇ। ਇਹ ਹੁਸ਼ਿਆਰ ਅਤੇ ਪੜ੍ਹਾਈ `ਚ ਕਮਜ਼ੋਰ, ਮਿਹਨਤੀ ਅਤੇ ਘੱਟ ਮਿਹਨਤੀ ਬੱਚਿਆਂ ’ਚ ਫਰਕ ਘਟਾ ਰਹੇ ਹਨ; ਬੱਚਿਆਂ ਨੂੰ ਮਿਹਨਤ ਤੋਂ ਦੂਰ ਲਿਜਾ ਰਹੇ ਹਨ; ਸਕੂਲਾਂ ਦਾ ਅਕਾਦਮਿਕ ਪੱਧਰ ਨੀਵਾਂ ਕਰ ਰਹੇ ਹਨ। ਚੰਗੇ ਨਤੀਜੇ ਜ਼ਰੂਰ ਕੱਢੋ ਪਰ ਸਕੂਲਾਂ ਦੇ ਅਕਾਦਮਿਕ ਪੱਧਰ ਨਾਲ ਸਮਝੌਤਾ ਕਰ ਕੇ ਨਹੀਂ।
ਸੰਪਰਕ: vijaykumarbehki@gmail.com

Advertisement
Advertisement

Advertisement
Author Image

Jasvir Samar

View all posts

Advertisement