ਬੈਡਮਿੰਟਨ: ਸ੍ਰੀਕਾਂਤ ਹੱਥੋਂ ਮਲੇਸ਼ੀਆ ਮਾਸਟਰਜ਼ ਦਾ ਖਿਤਾਬ ਖੁੰਝਿਆ
ਕੁਆਲਾਲੰਪੁਰ, 25 ਮਈ
ਭਾਰਤੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਮਿਲੀ ਹਾਰ ਮਗਰੋਂ ਭਾਰਤੀ ਖਿਡਾਰੀ ਕਿਦਾਂਬੀ ਸ੍ਰੀਕਾਂਤ ਦਾ ਲੰਬੇ ਸਮੇਂ ਮਗਰੋਂ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਉਸ ਨੂੰ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਚੀਨ ਦੇ ਲੀ ਸ਼ੀ ਫੇਂਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 32 ਸਾਲਾ ਸ੍ਰੀਕਾਂਤ ਛੇ ਸਾਲਾਂ ਵਿੱਚ ਪਹਿਲੀ ਵਾਰ ਬੀਡਬਲਿਊਐੱਫ ਵਰਲਡ ਟੂਰ ਫਾਈਨਲਜ਼ ਵਿੱਚ ਪਹੁੰਚਿਆ ਸੀ। ਫਾਈਨਲ ਵਿੱਚ ਸ਼ੀ ਫੇਂਗ ਨੇ ਭਾਰਤੀ ਖਿਡਾਰੀ ਨੂੰ 21-11, 21-9 ਨਾਲ ਹਰਾਇਆ। ਸ੍ਰੀਕਾਂਤ ਨੇ ਮੈਚ ਤੋਂ ਬਾਅਦ ਕਿਹਾ, ‘ਇਹ ਬਹੁਤ ਵਧੀਆ ਹਫ਼ਤਾ ਰਿਹਾ। ਇਹ ਮੇਰਾ ਸੀਜ਼ਨ ਦਾ ਤੀਜਾ ਟੂਰਨਾਮੈਂਟ ਹੈ। ਪਹਿਲੇ ਦੋ ਟੂਰਨਾਮੈਂਟਾਂ ਵਿੱਚ ਵੀ ਮੈਂ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਬਹੁਤੀ ਸਫਲਤਾ ਨਹੀਂ ਮਿਲੀ। ਮੈਂ ਹੁਣ ਤੱਕ ਜਿਸ ਤਰੀਕੇ ਖੇਡ ਰਿਹਾ ਹਾਂ, ਉਸ ਤੋਂ ਬਹੁਤ ਖੁਸ਼ ਹਾਂ। ਅੱਜ ਮੈਂ ਉਮੀਦ ਅਨੁਸਾਰ ਨਹੀਂ ਖੇਡਿਆ ਪਰ ਉਹ (ਸ਼ੀ ਫੇਂਗ) ਕਾਫੀ ਵਧੀਆ ਖੇਡਿਆ।’ ਉਸ ਨੇ ਕਿਹਾ, ‘ਮੇਰੇ ਕਰੀਅਰ ਵਿੱਚ ਇੱਕ ਸਮਾਂ ਸੀ ਜਦੋਂ ਮੈਨੂੰ ਪੋਡੀਅਮ ’ਤੇ ਖੜ੍ਹੇ ਹੋਣ ਦੀ ਆਦਤ ਪੈ ਗਈ ਸੀ ਅਤੇ ਫਿਰ ਕਾਫੀ ਸਮਾਂ ਬੀਤ ਗਿਆ। ਹੁਣ ਪੋਡੀਅਮ ’ਤੇ ਵਾਪਸੀ ਕਰਨਾ ਕਾਫੀ ਖ਼ਾਸ ਹੈ।’ -ਪੀਟੀਆਈ