ਬੈਡਮਿੰਟਨ: ਸਿੰਧੂ ਤੇ ਪ੍ਰਣੌਏ ਸਿੰਗਾਪੁਰ ਓਪਨ ਦੇ ਦੂਜੇ ਗੇੜ ’ਚ
ਸਿੰਗਾਪੁਰ, 27 ਮਈ
ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਅਤੇ ਐੱਚਐੱਸ ਪ੍ਰਣੌਏ ਅੱਜ ਆਪੋ-ਆਪਣੇ ਮੁਕਾਬਲੇ ਜਿੱਤ ਕੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਏ ਹਨ। ਸਿੰਧੂ ਨੇ ਕੈਨੇਡਾ ਦੀ ਵੇਨ ਯੂ ਜ਼ਾਂਗ ਨੂੰ 31 ਮਿੰਟਾਂ ਵਿੱਚ 21-14, 21-9 ਨਾਲ ਹਰਾਇਆ। ਦੂਜੇ ਗੇੜ ਵਿੱਚ ਉਸ ਦਾ ਸਾਹਮਣਾ ਵਿਸ਼ਵ ਦੀ ਪੰਜਵੀਂ ਨੰਬਰ ਦੀ ਖਿਡਾਰਨ ਅਤੇ ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਚੀਨ ਦੀ ਚੇਨ ਯੂ ਫੇਈ ਨਾਲ ਹੋਵੇਗਾ। ਦੁਨੀਆ ਦੇ 34ਵੇਂ ਨੰਬਰ ਦੇ ਖਿਡਾਰੀ ਪ੍ਰਣੌਏ ਨੇ ਡੈਨਮਾਰਕ ਦੇ ਰਾਸਮਸ ਗੇਮਕੇ ਨੂੰ 19-21, 21-16, 21-14 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਫਰਾਂਸ ਦੇ ਕ੍ਰਿਸਟੋਵ ਪੋਪੋਵ ਨਾਲ ਹੋਵੇਗਾ। ਇਸ ਦੌਰਾਨ ਭਾਰਤ ਦੇ ਪ੍ਰਿਯਾਂਸ਼ੂ ਰਾਜਾਵਤ, ਕਿਰਨ ਜੌਰਜ, ਅਨਮੋਲ ਖਰਬ ਅਤੇ ਮਾਲਵਿਕਾ ਪਹਿਲੇ ਗੇੜ ਵਿੱਚ ਹੀ ਹਾਰ ਕੇ ਬਾਹਰ ਹੋ ਗਏ। ਮਾਲਵਿਕਾ ਨੂੰ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਸੁਪਾਨਿਦਾ ਕੇਟਥੋਂਗ ਨੇ 21-14, 18-21, 11-21 ਨਾਲ ਹਰਾਇਆ। ਇਸੇ ਤਰ੍ਹਾਂ ਪ੍ਰਿਯਾਂਸ਼ੂ ਨੂੰ ਸੱਤਵਾਂ ਦਰਜਾ ਪ੍ਰਾਪਤ ਜਪਾਨ ਦੇ ਕੋਡਾਈ ਨਾਰੋਕਾ ਹੱਥੋਂ 21-14, 10-21, 14-21 ਨਾਲ, ਅਨਮੋਲ ਨੂੰ ਚੇਨ ਹੱਥੋਂ 11-21, 22-24 ਨਾਲ, ਜੌਰਜ ਨੂੰ ਚੀਨ ਦੇ ਵੇਂਗ ਹੋਂਗ ਯਾਂਗ ਹੱਥੋਂ 19-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ