ਬੈਡਮਿੰਟਨ: ਸਿੰਧੂ ਇੰਡੋਨੇਸ਼ੀਆ ਓਪਨ ਦੇ ਅਗਲੇ ਗੇੜ ਵਿੱਚ
ਜਕਾਰਤਾ, 3 ਜੂਨ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਸਖ਼ਤ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ ਪਰ ਲਕਸ਼ੈ ਸੇਨ ਅਤੇ ਐੱਚਐੱਸ ਪ੍ਰਣੋਏ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਏ। ਸਿੰਧੂ ਨੇ ਇੱਕ ਘੰਟਾ 19 ਮਿੰਟ ਤੱਕ ਚੱਲੇ ਰੋਮਾਂਚਕ ਮਹਿਲਾ ਸਿੰਗਲਜ਼ ਮੈਚ ਵਿੱਚ ਜਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ 22-20, 21-23, 21-15 ਨਾਲ ਹਰਾਇਆ। ਸਿੰਧੂ ਨੇ ਮੈਚ ਤੋਂ ਬਾਅਦ ਕਿਹਾ, ‘ਪਹਿਲੇ ਗੇੜ ਵਿੱਚ ਜਿੱਤਣਾ ਅਹਿਮ ਹੈ। ਇਹ ਯਕੀਨੀ ਤੌਰ ’ਤੇ ਮੇਰਾ ਉਤਸ਼ਾਹ ਵਧਾਏਗਾ। ਮੈਂ ਪਹਿਲੇ ਗੇੜ ਵਿੱਚ ਹਾਰਦੀ ਰਹੀ ਹਾਂ, ਇਸ ਲਈ ਅਜਿਹੇ ਮੈਚ ਜਿੱਤਣਾ ਮੇਰੇ ਲਈ ਬਹੁਤ ਅਹਿਮ ਹੈ।’
ਸੇਨ ਨੂੰ ਇੱਕ ਘੰਟਾ ਪੰਜ ਮਿੰਟ ਤੱਕ ਚੱਲੇ ਪੁਰਸ਼ ਸਿੰਗਲਜ਼ ਮੈਚ ਵਿੱਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਚੀਨ ਦੇ ਸ਼ੀ ਯੂ ਕੀ ਹੱਥੋਂ 11-21, 22-20, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ 23 ਸਾਲਾ ਭਾਰਤੀ ਖਿਡਾਰੀ ਨੇ ਪਿੱਠ ਦੀ ਸੱਟ ਤੋਂ ਉਭਰਨ ਮਗਰੋਂ ਵਾਪਸੀ ਕੀਤੀ ਸੀ। ਉਸ ਨੂੰ ਪਿਛਲੇ ਹਫ਼ਤੇ ਸੱਟ ਕਾਰਨ ਮਲੇਸ਼ੀਆ ਓਪਨ ਦਾ ਮੈਚ ਵਿਚਾਲੇ ਹੀ ਛੱਡਣਾ ਪਿਆ ਸੀ। ਪੁਰਸ਼ ਸਿੰਗਲਜ਼ ਵਿੱਚ ਪ੍ਰਣੌਏ ਵੀ ਇਸ ਪਹਿਲੇ ਗੇੜ ’ਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਉਹ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਹੱਥੋਂ 17-21, 18-21 ਨਾਲ ਹਾਰ ਗਿਆ।
ਸਿੰਧੂ ਮਹਿਲਾ ਸਿੰਗਲਜ਼ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾਉਣ ਵਾਲੀ ਇੱਕੋ-ਇੱਕ ਭਾਰਤੀ ਖਿਡਾਰਨ ਹੈ। ਹੁਣ ਉਸ ਦਾ ਸਾਹਮਣਾ ਥਾਈਲੈਂਡ ਦੀ ਛੇਵਾਂ ਦਰਜਾ ਪ੍ਰਾਪਤ ਪੋਰਨਪਾਵੀ ਚੋਚੀਵੋਂਗ ਨਾਲ ਹੋਵੇਗਾ। ਮਾਲਵਿਕਾ ਨੂੰ ਇੰਡੋਨੇਸ਼ੀਆ ਦੀ ਪੁਤਰੀ ਕੁਸੂਮਾ ਵਰਦਾਨੀ ਖ਼ਿਲਾਫ਼ ਆਪਣਾ ਮਹਿਲਾ ਸਿੰਗਲਜ਼ ਦਾ ਮੈਚ ਸੱਟ ਕਾਰਨ ਅੱਧ ਵਿਚਾਲੇ ਹੀ ਛੱਡਣਾ ਪਿਆ। ਜਦੋਂ ਉਹ ਕੋਰਟ ’ਤੇ ਤਿਲਕ ਕੇ ਜ਼ਖ਼ਮੀ ਹੋਈ, ਉਸ ਵੇਲੇ ਉਹ 21-16, 16-15 ਨਾਲ ਅੱਗੇ ਚੱਲ ਰਹੀ ਸੀ। -ਪੀਟੀਆਈ