ਬੈਡਮਿੰਟਨ: ਸਿੰਗਾਪੁਰ ਓਪਨ ’ਚ ਸਾਤਵਿਕ-ਚਿਰਾਗ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ
ਸਿੰਗਾਪੁਰ, 26 ਮਈ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਜੋੜੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਵਿਸ਼ਵ ਦੀ ਸਾਬਕਾ ਨੰਬਰ ਇੱਕ ਜੋੜੀ ਨੇ ਆਖਰੀ ਵਾਰ ਮਾਰਚ ਵਿੱਚ ਆਲ ਇੰਗਲੈਂਡ ਚੈਂਪੀਅਨਸ਼ਿਪ ’ਚ ਚੁਣੌਤੀ ਪੇਸ਼ ਕੀਤੀ ਸੀ। ਹਾਲਾਂਕਿ ਚਿਰਾਗ ਦੀ ਪਿੱਠ ’ਤੇ ਸੱਟ ਲੱਗਣ ਕਾਰਨ ਇਹ ਜੋੜੀ ਦੂਜੇ ਗੇੜ ’ਚੋਂ ਹੀ ਹਟ ਗਈ ਸੀ। ਇਸ ਸਾਲ ਦੇ ਸ਼ੁਰੂ ਵਿੱਚ ਮਲੇਸ਼ੀਆ ਓਪਨ ਅਤੇ ਇੰਡੀਆ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ ਜੋੜੀ ਇੱਥੇ ਆਪਣੀ ਮੁਹਿੰਮ ਦੀ ਸ਼ੁਰੂਆਤ ਮਲੇਸ਼ੀਆ ਦੇ ਚੁੰਗ ਹੋਨ ਜਿਆਨ ਅਤੇ ਮੁਹੰਮਦ ਹਾਈਕਲ ਖ਼ਿਲਾਫ਼ ਕਰੇਗੀ। ਵਿਸ਼ਵ ਚੈਂਪੀਅਨਸ਼ਿਪ (2023) ਵਿੱਚ ਕਾਂਸੇ ਦਾ ਤਗ਼ਮਾ ਜੇਤੂ ਐੱਚਐੱਸ ਪ੍ਰਣੌਏ ਡੈਨਮਾਰਕ ਦੇ ਰਾਸਮਸ ਗੇਮਕੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਲਕਸ਼ੈ ਸੇਨ ਜਦੋਂ ਪਹਿਲੇ ਗੇੜ ਵਿੱਚ ਲਿਨ ਚੁਨ-ਯੀ ਦਾ ਸਾਹਮਣਾ ਕਰੇਗਾ ਤਾਂ ਉਹ ਆਪਣੀ ਫਿਟਨੈਸ ਬਾਰੇ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਪ੍ਰਿਯਾਂਸ਼ੂ ਰਾਜਾਵਤ ਮੌਜੂਦਾ ਸੀਜ਼ਨ ਵਿੱਚ ਪ੍ਰਭਾਵਿਤ ਨਹੀਂ ਕਰ ਸਕਿਆ। ਇੰਡੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਕਿਰਨ ਜੌਰਜ ਵੀ ਉਮੀਦਾਂ ’ਤੇ ਖਰਾ ਨਹੀਂ ਉਤਰਿਆ। -ਪੀਟੀਆਈ