ਬੈਡਮਿੰਟਨ: ਰਾਜਾਵਤ ਹਾਰਿਆ; ਟਰੀਸਾ ਤੇ ਗਾਇਤਰੀ ਦੀ ਜੋੜੀ ਕੁਆਰਟਰ ਫਾਈਨਲ ’ਚ
ਬਸੇਲ, 20 ਮਾਰਚ
ਭਾਰਤੀ ਬੈਡਮਿੰਟਨ ਖਿਡਾਰੀ ਪ੍ਰਿਆਂਸ਼ੂ ਰਾਜਾਵਤ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਦੂਜੇ ਗੇੜ ’ਚ ਟੌਮਾ ਪੋਪੋਵ ਤੋਂ 21-15, 21-17 ਨਾਲ ਹਾਰ ਗਿਆ। ਇਸ ਤੋਂ ਪਹਿਲਾਂ ਰਾਜਾਵਤ ਨੇ ਪਹਿਲੇ ਗੇੜ ਦੇ ਮੁਕਾਬਲੇ ’ਚ ਸਥਾਨਕ ਖਿਡਾਰੀ ਟੌਬੈਸ ਕੁਐਂਜ਼ੀ ਨੂੰ ਸਿਰਫ਼ 29 ਮਿੰਟਾਂ ’ਚ 21-10 21-11 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ।
ਇਸੇ ਤਰ੍ਹਾਂ ਸ੍ਰੀਕਾਂਤ ਕਿਦਾਂਬੀ ਚੀਨ ਦੇ ਲੀ ਸ਼ੀ ਫੇਂਗ ਤੋਂ 15-21, 11-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਉੱਧਰ ਮੁੱਥੂਸਵਾਮੀ ਸੁਬਰਾਮਨੀਅਨ ਨੇ ਡੈਨਮਾਰਕ ਦੇ ਮੈਗਨਸ ਜੌਹਨਸਨ ਨੂੰ 21-5 21-16 ਨਾਲ ਹਰਾਇਆ। ਹਾਲਾਂਕਿ ਇਸੇ ਵਰਗ ਦੇ ਪਹਿਲੇ ਗੇੜ ’ਚ ਭਾਰਤ ਦੇ ਕਿਰਨ ਜੌਰਜ ਨੂੰ ਡੈਨਮਾਰਕ ਦੇ ਆਰ. ਗੈਮਕੇ ਹੱਥੋਂ 21-18 17-21 10-21 ਨਾਲ ਹਾਰ ਨਸੀਬ ਹੋਈ।
ਦੂਜੇ ਪਾਸੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਤੇ ਸੱਤਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਮਹਿਲਾ ਸਿੰਗਲਜ਼ ਵਰਗ ’ਚ ਡੈਨਮਾਰਕ ਦੀ ਖਿਡਾਰਨ ਜੂਲੀ ਜੈਕਬਸਨ ਤੋਂ 17-21 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਨੁਪਮਾ ਉਪਾਧਿਆਏ ਨੇ ਅਨਮੋਲ ਖਰਬ ਨੂੰ 21-14 21-13 ਨਾਲ ਹਰਾਇਆ। ਇਸੇ ਦੌਰਾਨ ਮਹਿਲਾਵਾਂ ਦੇ ਡਬਲਜ਼ ਮੁਕਾਬਲੇ ਵਿੱਚ ਭਾਰਤ ਦੀ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਉਨ੍ਹਾਂ ਜਰਮਨੀ ਦੀ ਜੋੜੀ ਅਮੇਲੀ ਲੇਹਮੈਨ ਅਤੇ ਸੈਲਿਨ ਹਬਸ਼ ਨੂੰ ਮਾਤ ਦਿੱਤੀ। -ਪੀਟੀਆਈ