‘ਬੈਂਡ ਬਾਜਾ ਬਾਰਾਤ’ ਗਰੋਹ ਦੇ ਚਾਰ ਮੈਂਬਰ ਕਾਬੂ
ਨਵੀਂ ਦਿੱਲੀ, 6 ਮਾਰਚ
ਦਿੱਲੀ ਪੁਲੀਸ ਨੇ ਰਾਜਧਾਨੀ ਅਤੇ ਇਸ ਦੇ ਉਪਨਗਰਾਂ ਵਿੱਚ ਚੋਰੀਆਂ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੇ ‘ਬੈਂਡ ਬਾਜਾ ਬਾਰਾਤ’ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਵਿੱਚ ਨਾਬਾਲਗ ਸਣੇ ਇਸ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਸ਼ਾਸਤਰੀ ਪਾਰਕ, ਸਵਰੂਪ ਨਗਰ ਅਤੇ ਜੀਟੀਬੀ ਇਨਕਲੇਵ ਵਿੱਚ ਵਿਆਹਾਂ ਵਿੱਚ ਹੋਈਆਂ ਚੋਰੀਆਂ ਦੇ ਤਿੰਨ ਕੇਸ ਹੱਲ ਹੋ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿੱਚ ਸਥਿਤ ਇਹ ਗਰੋਹ ਵਿਆਹ ਵਾਲੇ ਸਥਾਨਾਂ ਤੋਂ ਨਕਦੀ ਅਤੇ ਗਹਿਣੇ ਚੋਰੀ ਕਰਨ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਸੀ।
ਪੁਲੀਸ ਡਿਪਟੀ ਕਮਿਸ਼ਨਰ (ਅਪਰਾਧ) ਅਪੂਰਵ ਗੁਪਤਾ ਨੇ ਕਿਹਾ ਕਿ ਇਹ ਗਰੋਹ ਵਿਆਹਾਂ ਵਿੱਚ ਚੋਰੀਆਂ ਕਰਨ ਅਤੇ ਚੰਗਾ ਪਹਿਰਾਵਾ ਪਾ ਕੇ ਮਹਿਮਾਨਾਂ ਨਾਲ ਘੁਲਣ-ਮਿਲਣ ਵਿੱਚ ਮਾਹਿਰ ਹੈ। ਡੀਸੀਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਅੱਜੂ (24), ਕੁਲਜੀਤ (22) ਅਤੇ ਕਾਲੂ ਛਿਆਲ (25) ਵਜੋਂ ਹੋਈ ਹੈ, ਸਾਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ 2,14,000 ਰੁਪਏ ਨਕਦ, ਮੋਬਾਈਲ ਫ਼ੋਨ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। -ਪੀਟੀਆਈ
ਗਰੋਹ ਦਾ ਮੁਖੀ ਚੋਰੀ ਲਈ ਬੱਚਿਆਂ ਨੂੰ ਕਰਦਾ ਸੀ ਸ਼ਾਮਲ
ਪੁਲੀਸ ਡਿਪਟੀ ਕਮਿਸ਼ਨਰ (ਅਪਰਾਧ) ਅਪੂਰਵ ਗੁਪਤਾ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਗਰੋਹ ਦਾ ਮੁਖੀ ਬੱਚਿਆਂ ਦੇ ਮਾਪਿਆਂ ਨੂੰ ਸੇਵਾਵਾਂ ਦੇ ਬਦਲੇ 10 ਤੋਂ 12 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਕਰਕੇ ਉਨ੍ਹਾਂ ਨੂੰ ਲੁਭਾਉਂਦਾ ਸੀ। ਆਮ ਤੌਰ ’ਤੇ 9 ਤੋਂ 15 ਸਾਲ ਦੇ ਬੱਚਿਆਂ ਨੂੰ ਦਿੱਲੀ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸ਼ੱਕ ਪੈਦਾ ਕੀਤੇ ਬਿਨਾਂ ਚੀਜ਼ਾਂ ਚੋਰੀ ਕਰਨ ਦੀ ਸਿਖਲਾਈ ਦਿੱਤੀ। ਉਨ੍ਹਾਂ ਨੂੰ ਮਹਿਮਾਨਾਂ ਨਾਲ ਰਲਣ, ਭਰੋਸੇ ਨਾਲ ਕੰਮ ਕਰਨ ਅਤੇ ਫੜੇ ਜਾਣ ’ਤੇ ਚੁੱਪ ਰਹਿਣ ਲਈ ਵੀ ਸਿਖਲਾਈ ਦਿੱਤੀ ਗਈ ਸੀ। -ਪੀਟੀਆਈ