ਬੈਂਕ ਦੇ ਸਾਢੇ ਅੱਠ ਕਰੋੜ ਨਾ ਮੋੜਨ ਵਾਲੇ ਨਿੱਜੀ ਸਕੂਲ ਦੀ ਤਾਲਾਬੰਦੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਫ਼ਰਵਰੀ
ਇਥੇ ਮੋਗਾ-ਕੋਟਕਪੂਰਾ ਮਾਰਗ ਸਥਿੱਤ ਪਿੰਡ ਪੰਜਗਰਾਈਂ ਨੇੜੇ ਇੰਟਰਨੈਸ਼ਨਲ ਮਿਲੇਨੀਅਮ ਸਕੂਲ, ਕੋਟਕਪੂਰਾ ਪ੍ਰਬੰਧਕਾਂ ਵੱਲੋਂ ਐੱਚਡੀਐੱਫ਼ਸੀ ਬੈਂਕ ਦਾ ਕਰੀਬ 8.50 ਕਰੋੜ ਦਾ ਕਰਜ਼ਾ ਨਾ ਮੋੜਨ ਕਾਰਨ ਬੈਂਕ ਨੇ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਕੂਲ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਨੂੰ ਰੋਕਣ ਲਈ ਸਕੂਲ ਵੈਨਾਂ ਗੇਟ ਅੱਗੇ ਖੜ੍ਹੀਆਂ ਕਰ ਦਿੱਤੀਆਂ ਪਰ ਪੁਲੀਸ ਨੇ ਸਮਝਾ ਕੇ ਕਨੂੰਨੀ ਕਾਰਵਾਈ ਕਰਵਾਈ। ਬੈਂਕ ਪ੍ਰਬੰਧਕ ਰੋਹਿਤ ਪਾਠਕ ਨੇ ਦੱਸਿਆ ਕਿ ਕਰੀਬ 8.50 ਕਰੋੜ ਰੁਪਏ ਕਰਜ਼ਾ ਰਾਸ਼ੀ ਸਕੂਲ ਵੱਲ ਬਕਾਇਆ ਹੈ। ਉਨ੍ਹਾਂ ਕੁਝ ਚਿਰ ਪਹਿਲਾਂ ਕਾਨੂੰਨ ਅਤੇ ਬੈਂਕਾਂ ਨੂੰ ਮਿਲੇ ਅਧਿਕਾਰਾਂ ਤਹਿਤ ਸਕੂਲ ਨੂੰ ਸੀਲ ਕਰ ਦਿੱਤਾ ਸੀ। ਉਨ੍ਹਾਂ ਸਕੂਲ ਪ੍ਰਬੰਧਕਾਂ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਬੈਂਕ ਵੱਲੋਂ ਸਕੂਲ ਨੂੰ ਲਗਾਈ ਸੀਲ ਤੋੜ ਦਿੱਤੀ ਅਤੇ ਮੁੜ ਸਕੂਲ ਚਾਲੂ ਕਰ ਲਿਆ ਗਿਆ। ਉਨ੍ਹਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਹਾਈ ਕੋਰਟ ’ਚ ਰਿੱਟ ਦਾਇਰ ਕਰ ਕੀਤੀ ਸੀ ਜਿਸ ਉੱਤੇ ਹਾਈ ਕੋਰਟ ਨੇ 23 ਸਤੰਬਰ 2024 ਨੂੰ ਹੁਕਮ ਪਾਸ ਕੀਤੇ ਗਏ ਸਨ। ਇਸ ਮਾਮਲੇ ਦੀ ਹੁਣ 29 ਜਨਵਰੀ 2025 ਨੂੰ ਸੁਣਵਾਈ ਸੀ ਤਾਂ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਪ੍ਰਸ਼ਾਸਨ ਨੂੰ ਤਰੁੰਤ ਕਾਰਵਾਈ ਲਈ ਹੁਕਮ ਜਾਰੀ ਕੀਤੇ ਜਿਨ੍ਹਾਂ ਉੱਤੇ ਇਹ ਕਾਰਵਾਹੀ ਹੋਈ ਹੈ।
ਇਸ ਮੌਕੇ ਤਹਿਸੀਲਦਾਰ ਕਮ ਕਾਰਜਕਾਰੀ ਮੈਜਿਸਟਰੇਟ ਬਾਘਾਪੁਰਾਣਾ, ਅਮਰਦੀਪ ਸਿੰਘ ਅਤੇ ਡੀਐੱਸਪੀ ਡੀ ਮੋਗਾ ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਉੱਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਕਾਰਵਾਈ ਵਿਚ ਪ੍ਰਬੰਧਕਾਂ ਵੱਲੋਂ ਕਥਿਤ ਅੜਿੱਕਾ ਡਾਹੁਣ ਲਈ ਸਕੂਲ ਵੈਨ ਗੇਟ ਅੱਗੇ ਲਗਾ ਦਿੱਤੀ ਗਈ ਪਰ ਉਨ੍ਹਾਂ ਨੁੰ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਅਤੇ ਕਾਨੂੰਨੀ ਪੱਖ ਤੋਂ ਜਾਣੂੰ ਸਕੂਲ ਦੇ ਮੁੱਖ ਗੇਟ, ਕਮਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਥਾਣਾ ਸਮਾਲਸਰ ਮੁਖੀ ਜਨਗ ਰਾਜ
ਸ਼ਰਮਾਂ ਤੇ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ।
ਸਕੂਲ ਪ੍ਰਬੰਧਕਾਂ ਤੇ ਬੈਂਕ ਪ੍ਰਬੰਧਕਾਂ ਦਰਮਿਆਨ ਚੱਲ ਰਹੀ ਕਾਨੂੰਨੀ ਲੜਾਈ ਕਾਰਨ ਸਕੂਲ ਵਿੱਚ ਪੜ੍ਹਦੇ ਕਰੀਬ 500 ਵਿਦਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗ ਗਿਆ ਹੈ। ਸਕੂਲੀ ਵਿਦਿਆਰਥੀ ਦੀ ਪੜ੍ਹਾਈ ਸਿਖਰ ਉੱਤੇ ਹੈ ਅਤੇ ਸਲਾਨਾ ਪ੍ਰੀਖਿਆਵਾਂ ਸਿਰ ਉੱਤੇ ਹਨ।