ਬੇਲਗਾਮ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੂਜੀ ਵਾਰ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਖ਼ਤਰਨਾਕ ਪੱਧਰ ਦੀ ਉਹ ਹਲਚਲ ਪੈਦਾ ਕਰ ਦਿੱਤੀ ਹੈ ਜਿਸ ਦਾ ਕਿਆਸ ਲਾਇਆ ਜਾ ਰਿਹਾ ਸੀ। ‘ਅਮਰੀਕਾ ਨੂੰ ਮੁੜ ਮਹਾਨ’ ਬਣਾਉਣ ਦੀ ਕਾਹਲ ’ਚ ਟਰੰਪ ਨੇ ਸੋਮਵਾਰ ਨੂੰ ਕਈ ਕਾਰਜਕਾਰੀ ਹੁਕਮ ਪਾਸ ਕਰ ਕੇ ਆਪਣੇ ਮੁਲਕ ਅਤੇ ਬਾਕੀ ਦੁਨੀਆ ਨੂੰ ਭਾਜੜ ਪਾ ਦਿੱਤੀ। ਉਸ ਨੇ ਇੱਕ ਹੁਕਮ ’ਤੇ ਦਸਤਖ਼ਤ ਕਰ ਕੇ ਅਮਰੀਕਾ ਦਾ ਨਾਤਾ ਵਿਸ਼ਵ ਸਿਹਤ ਸੰਗਠਨ ਨਾਲੋਂ ਤੋੜ ਦਿੱਤਾ ਹੈ ਤੇ ਇਹ ਕਰਦਿਆਂ ਦੋਸ਼ ਲਾਇਆ ਕਿ ਇਸ ਆਲਮੀ ਏਜੰਸੀ ਨੇ ਕੋਵਿਡ-19 ਮਹਾਮਾਰੀ ਨੂੰ ਸਹੀ ਢੰਗ ਨਾਲ ਨਹੀਂ ਨਜਿੱਠਿਆ ਹਾਲਾਂਕਿ ਕਰੋਨਾਵਾਇਰਸ ਸੰਕਟ ਨਾਲ ਨਜਿੱਠਣ ਦੀ ਟਰੰਪ ਦੀ ਖ਼ੁਦ ਦੀ ਪਹੁੰਚ ਭਿਆਨਕ ਸੀ। 2020 ਵਿੱਚ ਅਮਰੀਕਾ ’ਚ ਸਾਢੇ ਤਿੰਨ ਲੱਖ ਤੋਂ ਵੱਧ ਮੌਤਾਂ ਰਿਪੋਰਟ ਹੋਈਆਂ ਸਨ ਜਿਹੜਾ ਉਸ ਦੇ ਪਹਿਲੇ ਕਾਰਜਕਾਲ ਦਾ ਆਖ਼ਿਰੀ ਸਾਲ ਸੀ ਪਰ ਉੱਥੇ ਰਹੀਆਂ ਕਮੀਆਂ ਹੁਣ ਟਰੰਪ ਲਈ ਕੋਈ ਅਰਥ ਨਹੀਂ ਰੱਖਦੀਆਂ। ਡਬਲਿਊਐੱਚਓ ਤੋਂ ਵੱਖ ਹੋ ਕੇ ਅਮਰੀਕੀ ਰਾਸ਼ਟਰਪਤੀ ਨੇ ਭਵਿੱਖ ’ਚ ਕਿਸੇ ਵੀ ਬਿਮਾਰੀ ਨਾਲ ਆਲਮੀ ਪੱਧਰ ’ਤੇ ਇੱਕ ਹੋ ਕੇ ਲੜਨ ਦੇ ਵਾਅਦਾ ਤੋੜ ਦਿੱਤਾ ਹੈ।
ਟਰੰਪ ਨੇ ਅਮਰੀਕਾ ਨੂੰ ਪੈਰਿਸ ਜਲਵਾਯੂ ਸੰਧੀ ’ਚੋਂ ਬਾਹਰ ਕਰਨ ਦੇ ਆਦੇਸ਼ ’ਤੇ ਵੀ ਸਹੀ ਪਾ ਦਿੱਤੀ ਹੈ। ਇਸ ਸਮਝੌਤੇ ਦਾ ਮੁੱਖ ਟੀਚਾ ਆਲਮੀ ਤਪਸ਼ ਨੂੰ ਸਨਅਤੀ ਯੁੱਗ ਤੋਂ ਪਹਿਲਾਂ ਦੇ ਪੱਧਰਾਂ ਤੋਂ 1.5 ਸੈਲਸੀਅਸ ਵੱਧ ਤੱਕ ਕਾਬੂ ਕਰਨਾ ਹੈ। ਪਿਛਲਾ ਸਾਲ ਦਰਜ ਰਿਕਾਰਡ ਵਿੱਚ ਧਰਤੀ ਲਈ ਸਭ ਤੋਂ ਗਰਮ ਰਿਹਾ ਹੈ ਤੇ ਅਮਰੀਕਾ ਵੱਲੋਂ ਖਹਿੜਾ ਛੁਡਾਉਣ ਤੋਂ ਬਾਅਦ ਇਹ ਟੀਚਾ ਹੁਣ ਹੋਰ ਅਸੰਭਵ ਜਾਪਣ ਲੱਗ ਪਿਆ ਹੈ। ਉਂਝ, ਅਮਰੀਕੀ ਰਾਸ਼ਟਰਪਤੀ ਨੂੰ ਕੋਈ ਪਰਵਾਹ ਨਹੀਂ ਹੈ ਕਿਉਂਕਿ ਉਹ ਖ਼ੁਦ ਕਿਸੇ ਵੀ ਦੁਸ਼ਮਣ, ਚਾਹੇ ਉਹ ਅਸਲੀ ਹੋਵੇ ਜਾਂ ਖਿਆਲੀ, ਉੱਤੇ ਗਰਮੀ ਕੱਢਣ ਦਾ ਆਦੀ ਹੈ। ਕੋਈ ਹੈਰਤ ਦੀ ਗੱਲ ਨਹੀਂ ਕਿ ਉਨ੍ਹਾਂ ਬਰਿਕਸ ਦੇਸ਼ਾਂ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ, ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਵਪਾਰਕ ਤੌਰ ’ਤੇ ਡਾਲਰ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਮਾਲ ਉੱਪਰ 100 ਫ਼ੀਸਦੀ ਟੈਕਸ ਲਾਇਆ ਜਾਵੇਗਾ।
ਟਰੰਪ ਦੇ ਲਫ਼ਜ਼ਾਂ ਵਿੱਚ ਅਮਰੀਕਾ ਦਾ ਸੁਨਹਿਰੀ ਕਾਲ ਸ਼ੁਰੂ ਹੋ ਗਿਆ ਹੈ, ਠੀਕ ਉਵੇਂ ਹੀ ਜਿਵੇਂ ਭਾਰਤ ਵਿੱਚ ਇਸ ਵੇਲੇ ਮੋਦੀ ਦਾ ਅੰਮ੍ਰਿਤ ਕਾਲ ਚੱਲ ਰਿਹਾ ਹੈ। ਇਸੇ ਕਰ ਕੇ ਜਦੋਂ ਉਨ੍ਹਾਂ 6 ਜਨਵਰੀ 2021 ਨੂੰ ਅਮਰੀਕੀ ਸੰਸਦ ’ਤੇ ਧਾਵਾ ਬੋਲਣ ਵਾਲੀ ਭੀੜ ਵਿੱਚ ਸ਼ਾਮਿਲ 1500 ਗੋਰੇ ਨਸਲਪ੍ਰਸਤਾਂ ਦੀ ਰਿਹਾਈ ਦਾ ਹੁਕਮ ਦਿੱਤਾ ਤਾਂ ਇਸ ਤਰ੍ਹਾਂ ਦੇ ਲੋਕ ਹੀ ਉਸ ਨਾਲ ਸਹਿਮਤ ਹੋਣਗੇ। ਦੂਜੇ ਬੰਨ੍ਹੇ, ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਲੋਕਾਂ ਲਈ ਬੁਰੀ ਖ਼ਬਰ ਹੈ। ਇੱਕ ਅਨੁਮਾਨ ਮੁਤਾਬਿਕ, ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ 1.3 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ ਜਿਨ੍ਹਾਂ ਵਿੱਚ ਭਾਰਤੀਆਂ ਦਾ ਅਨੁਪਾਤ ਵੀ ਘੱਟ ਨਹੀਂ। ਟਰੰਪ ਨੇ ਐਲਾਨ ਤਾਂ ਕਰ ਦਿੱਤਾ ਹੈ ਪਰ ਇੰਨੀ ਵੱਡੀ ਗਿਣਤੀ ’ਚ ਲੋਕਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ।