ਬੇਰੁਜ਼ਗਾਰ ਅਧਿਆਪਕਾਂ ਵਲੋਂ ਰੋਸ ਮਾਰਚ

ਨਿਜੀ ਪੱਤਰ ਪ੍ਰੇਰਕ
ਸੰਗਰੂਰ, 10 ਸਤੰਬਰ

ਸਰਕਾਰ ਖ਼ਿਲਾਫ਼ ਰੋਸ ਮਾਰਚ ਕਰਦੇ ਹੋਏ ਬੇਰੁਜ਼ਗਾਰ ਅਧਿਆਪਕ।-ਫੋਟੋ: ਲਾਲੀ

ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਵੱਲੋਂ ਇਥੇ ਡੀਸੀ ਕੰਪਲੈਕਸ ਅੱਗੇ ਚੱਲ ਰਹੇ ਬੇਮਿਆਦੀ ਪੱਕੇ ਰੋਸ ਧਰਨੇ ਦੇ ਤੀਜੇ ਦਿਨ ਬੇਰੁਜ਼ਗਾਰ ਅਧਿਆਪਕਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਭਾਵੇਂ ਅੱਜ ਯੂਨੀਅਨ ਦੀ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਹੋਣੀ ਸੀ ਪਰ ਪੰਜਾਬ ਕੈਬਨਿਟ ਦੀ ਸੁਲਤਾਨਪੁਰ ਲੋਧੀ ਵਿੱਚ ਹੋਣ ਵਾਲੀ ਮੀਟਿੰਗ ਕਾਰਨ ਮੁਲਤਵੀ ਹੋ ਗਈ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੂਬਾ ਕਮੇਟੀ ਮੈਂਬਰ ਯੁੱਧਜੀਤ ਸਿੰਘ, ਨਵਜੀਵਨ ਸਿੰਘ ਬਰਨਾਲਾ ਨੇ ਕਿਹਾ ਕਿ ਇੱਕ ਪਾਸੇ ਸਿੱਖਿਆ ਵਿਭਾਗ ਦਾਅਵਾ ਕਰ ਰਿਹਾ ਹੈ ਕਿ ਇਸ ਸ਼ੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ 52000 ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਕਾਰਨ ਗਿਣਤੀ ਵਧੀ , ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ 30 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਹਨ। ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਸੰਘਰਸ਼ ਨੂੰ ਹਮਾਇਤ ਦਿੰਦਿਆਂ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਇਸ ਮੌਕੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ।