ਬੇਰੁਜ਼ਗਾਰ ਕੋਵਿਡ-19 ਮੈਡੀਕਲ ਤੇ ਪੈਰਾ ਮੈਡੀਕਲ ਵਾਲੰਟੀਅਰਾਂ ਵੱਲੋਂ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੂਨ
ਕੋਵਿਡ-19 ਦੌਰਾਨ ਵੱਖ ਵੱਖ ਥਾਵਾਂ ’ਤੇ ਮੈਡੀਕਲ ਅਤੇ ਪੈਰਾ ਮੈਡੀਕਲ ਵਾਲੰਟੀਅਰ ਸਟਾਫ ਵਜੋਂ ਸੇਵਾਵਾਂ ਦੇ ਚੁੱਕੇ ਬੇਰੁਜ਼ਗਾਰ ਮੁਲਾਜ਼ਮਾਂ ਨੇ ਅੱਜ ਲੁਧਿਆਣਾ ਵਿੱਚ ਰੋਸ ਪ੍ਰਦਰਸ਼ਨ ਤੇ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਕਈ ਮੁਲਾਜ਼ਮਾਂ ਨੇ ਪੀਪੀਈ ਕਿੱਟਾਂ ਪਾ ਕੇ ਆਪਣਾ ਰੋਸ ਪ੍ਰਗਟਾਇਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਦਿੱਤਾ ਗਿਆ। ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨ ਖਤਮ ਕੀਤਾ ਗਿਆ।
ਇਸ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਹ ਐੱਨਐੱਚਐੱਮ ਕਰੋਨਾ ਵਾਲੰਟੀਅਰ ਹਨ ਜਿਨ੍ਹਾਂ 2020 ਅਤੇ 2021 ਵਿੱਚ ਡਿਊਟੀ ਦਿੱਤੀ ਸੀ। ਕਾਂਗਰਸ ਸਰਕਾਰ ਨੇ ਉਨ੍ਹਾਂ ਤੋਂ ਕਰੋਨਾ ਵੇਲੇ ਲੋਕਾਂ ਦੀ ਦੇਖਭਾਲ ਦੀ ਡਿਊਟੀ ਲੈਣ ਤੋਂ ਬਾਅਦ ਬਿਨਾ ਕਿਸੇ ਨੋਟਿਸ ਤੋਂ ਹੀ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ। ਇਸ ਮਗਰੋਂ ਕਈ ਧਰਨੇ ਦਿੱਤੇ ਗਏ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਾ ਫੜੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ 2023 ਨੂੰ ਸ਼ਹੀਦ ਭਾਈ ਕਰਨੈਲ ਸਿੰਘ ਪਿੰਡ ਇਸੜੂ ਦੀ ਸ਼ਰਧਾਂਜਲੀ ਦੇਣ ਤੋਂ ਬਾਅਦ ਉੱਥੇ ਹੀ ਪਬਲਿਕ ਵਿੱਚ ਮੀਡੀਆ ਦੇ ਵੱਖ ਵੱਖ ਚੈਨਾਲਾਂ ’ਤੇ ਬਿਆਨ ਦਿੱਤਾ ਸੀ ਕਿ ਐਨਐਚਐਮ ਕਰੋਨਾ ਵਿੱਚ ਕੰਮ ਕਰਨ ਵਾਲਿਆਂ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸਕੱਤਰ ਚਮਕੌਰ ਸਿੰਘ ਨਾਲ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੀ ਚੰਡੀਗੜ੍ਹ ਵਿੱਚ 27-10-2023 ਨੂੰ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਨੇ ਦੀਵਾਲੀ ਦਾ ਨੌਕਰੀ ਵਜੋਂ ਤੋਹਫਾ ਦੇਣ ਦਾ ਵਾਅਦਾ ਕੀਤਾ ਜੋ 31-10-2023 ਨੂੰ ਆਪ ਪਾਰਟੀ ਪੰਜਾਬ ਦੇ ਸ਼ੋਸ਼ਲ ਮੀਡੀਆ ਪੇਜ਼ ਤੇ ਵੀ ਪਾਇਆ ਗਿਆ ਪਰ ਕੋਈ ਵੀ ਕਾਰਵਾੲਂ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸੇ ਤਰ੍ਹਾਂ 28 ਜੁਲਾਈ 2024 ਨੂੰ ਮੁੱਖ ਮੰਤਰੀ ਵੱਲੋਂ ਪ੍ਰੈਸ ਕਾਨਫਰੈਂਸ ਵਿੱਚ ਕਿਹਾ ਕਿ ਕਰੋਨਾ ਵਾਲਾ ਸਟਾਫ ਵੈਲ ਟ੍ਰੇਨਡ ਹੈ। ਰੋਸ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾਂ ਨੇ ਸਰਕਾਰ ਨੂੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਨੌਕਰੀਆਂ ਤੇ ਬਹਾਲ ਕੀਤਾ ਜਾਵੇ।
ਇਸ ਸਬੰਧੀ ਉਨ੍ਹਾਂ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸਾਸ਼ਨ ਰਾਹੀਂ ਮੁੱਖ ਮੰਤਰੀ ਨੂੰ ਦਿੱਤਾ। ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ 6 ਜੂਨ ਨੂੰ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਜਿਸ ਸਬੰਧੀ 3 ਜੂਨ ਨੂੰ ਡੀਸੀ ਵੱਲੋਂ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ 9 ਜੂਨ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਅੱਜ ਇਹ ਰੋਸ ਪ੍ਰਦਰਸ਼ਨ ਕਰਨਾ ਪਿਆ। ਅੱਜ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਨੇ 14 ਜੂਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਸਬੰਧੀ ਲਿਖਤੀ ਭਰੋਸਾ ਦਿੱਤਾ ਹੈ। ਇਸ ਭਰੋਸੇ ਤੋਂ ਬਾਅਦ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਖਤਮ ਕਰ ਦਿੱਤਾ।