ਬੇਬੇ ਦੀ ਆਖਿ਼ਰੀ ਇੱਛਾ
ਸੁੱਚਾ ਸਿੰਘ ਖੱਟੜਾ
ਮਾਂ ਦਾ ਔਲਾਦ ਨਾਲ ਅਤੇ ਔਲਾਦ ਦਾ ਮਾਂ ਨਾਲ ਸ਼ਾਇਦ ਵੱਖਰੀ ਕਿਸਮ ਦਾ ਰਿਸ਼ਤਾ ਹੁੰਦਾ ਹੈ ਜਿਸ ਕਰ ਕੇ ਦਿਲ ਨੂੰ ਛੂਹ ਜਾਣ ਵਾਲੇ ਗੀਤ ਮਾਂ ਉੱਤੇ ਹੀ ਬਣੇ ਹਨ।
ਸਾਡੇ ਇਲਾਕੇ ਵਿੱਚ ਉਦੋਂ ਮਾਂ ਨੂੰ ਬੇਬੇ ਕਹਿੰਦੇ ਸਨ। 1959 ਵਿੱਚ ਮੈਂ ਪੰਜਵੀਂ ਪਾਸ ਕੀਤੀ। ਅਗਲੇ ਮਹੀਨੇ ਪਿਤਾ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ। ਮੈਥੋਂ ਵੱਡਾ ਇਕ ਭਰਾ, ਉਸ ਤੋਂ ਵੱਡੀ ਇਕ ਭੈਣ ਅਤੇ ਮੇਰੇ ਤੋਂ ਛੋਟੀਆਂ ਦੋ ਭੈਣਾਂ; ਵੱਡਾ ਪਰਿਵਾਰ ਪਾਲਣ ਦੀ ਜਿ਼ੰਮੇਵਾਰੀ ਬੇਬੇ ਨੇ ਸਫਲਤਾ ਨਾਲ ਨਿਭਾਈ। ਵੱਡਾ ਭਰਾ ਫ਼ੌਜ ਵਿੱਚ ਚਲਾ ਗਿਆ। ਭੈਣਾਂ ਵਿਆਹੀਆਂ ਗਈਆਂ। ਮੈਂ ਅਧਿਆਪਕ ਬਣ ਗਿਆ।
ਪਿੰਡ ਬਿਜਲੀ ਨਹੀਂ ਸੀ। ਜਿਸ ਪ੍ਰਾਈਵੇਟ ਸਕੂਲ ਵਿੱਚ ਮੈਂ ਅਧਿਆਪਕ ਲੱਗਿਆ, ਉਸ ਸਕੂਲ ਵਿੱਚ ਬਿਜਲੀ ਹੈ ਸੀ। ਮੇਰੀ ਵਿਦਿਅਕ ਯੋਗਤਾ ਸਕੂਲ ਪੱਧਰ ਤੱਕ ਹੀ ਸੀ। ਅਗਲੀ ਪੜ੍ਹਾਈ ਲਈ ਮੈਂ ਹਰ ਸਾਲ ਅਕਤੂਬਰ ਤੋਂ ਅਪਰੈਲ ਤੱਕ ਸਕੂਲ ਵਿੱਚ ਹੀ ਰਿਹਾਇਸ਼ ਰੱਖ ਲੈਂਦਾ ਸੀ। ਮੱਝਾਂ ਵੇਚ ਦਿੱਤੀਆਂ ਪਰ ਮੱਝ ਤੁਰੰਤ ਮੁੜ ਲੈਣੀ ਪਈ ਕਿਉਂਕਿ ਬੇਬੇ ਕੰਮ ਤੋਂ ਬਿਨਾਂ ਰਹਿ ਨਹੀਂ ਸਕਦੀ ਸੀ ਅਤੇ ਉਹ ਵੀ ਇਕੱਲੀ! ਫੈਸਲਾ ਸਹੀ ਸੀ। ਬੇਬੇ ਹੁਣ ਇਕੱਲੀ ਨਹੀਂ ਸੀ। ਮੱਝ ਦਾ ਸਾਥ ਮਿਲ ਗਿਆ ਸੀ। ਬੇਬੇ ਆਪ ਹੀ ਖੇਤਾਂ ਤੋਂ ਘਾਹ ਪੱਠਾ ਲਿਆਉਂਦੀ ਅਤੇ ਆਪ ਹੀ ਮੱਝ ਦਾ ਗੋਹਾ ਕੂੜਾ ਕਰਦੀ। ਬੇਬੇ ਦਾ ਗੁੱਸਾ ਸਮਝਣ ਵਿੱਚ ਮੈਂ ਤਾਂ ਕੁਤਾਹੀ ਕਰ ਸਕਦਾ ਸੀ ਪਰ ਮੱਝ ਕਦੇ ਗਲਤੀ ਨਾ ਕਰਦੀ। ਜਦੋਂ ਕਦੇ ਨਾ-ਪਸੰਦ ਕੁਤਰਾ ਜਾਂ ਪੱਠੇ ਖੁਰਲੀ ਵਿੱਚੋਂ ਹੇਠਾਂ ਸੁੱਟ ਬੈਠਦੀ ਜਾਂ ਪਿੱਛੇ ਹਟ ਕੇ ਗੋਹਾ ਕਰਨਾ ਭੁੱਲ ਜਾਂਦੀ ਅਤੇ ਜਾਂ ਗੋਹਾ ਕਰ ਕੇ ਉੱਪਰ ਪੈਰ ਰੱਖ ਦਿੰਤੀ ਤਾਂ ਬੇਬੇ ਦਾ ਗੁੱਸਾ ਦੇਖ ਮੱਝ ਪੂਰਾ ਗਲਾਵਾਂ ਖਿਚ ਕੇ ਇਕ ਪਾਸੇ ਪਿਛਾਂਹ ਹਟ ਕੇ ਖੜ੍ਹ ਜਾਂਦੀ ਅਤੇ ਸੇਵਾ ਦੀ ਉਡੀਕ ਕਰਦੀ। ਬੇਬੇ ਕਦੇ ਡੰਡਾ ਨਾ ਮਾਰਦੀ ਪਰ ਪਿੱਠ ਉੱਤੇ ਕੂਹਣੀ ਅਜਿਹੀ ਖੋਭਦੀ ਕਿ ਮੱਝ ਦੀ ਪਿੱਠ ਛੇ ਇੰਚ ਥੱਲੇ ਲਿਫ ਜਾਂਦੀ। ਇਸ ਦੇ ਬਾਵਜੂਦ ਹਰ ਮੱਝ ਬੇਬੇ ਦੇ ਹੱਥ ਪੈ ਜਾਂਦੀ। ਮੈਂ ਚਾਹੇ ਥਣਾਂ ਨੂੰ ਘੰਟਾ ਭਰ ਪਲੋਸਦਾ ਰਹਾਂ, ਮੱਝ ਦੁੱਧ ਨਾ ਉਤਾਰਦੀ। ਵਿਆਹ ਤੋਂ ਬਾਅਦ ਮੇਰੀ ਪਤਨੀ ਸਕੂਲੋਂ ਆ ਕੇ ਬੇਬੇ ਨਾਲ ਘਾਹ ਪੱਠਾ ਲਿਆਉਣ ਅਤੇ ਮੱਝ ਦੀ ਸਾਂਭ ਸੰਭਾਲ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਈ।
ਸਰਕਾਰੀ ਸਰਵਿਸ ਵਿੱਚ ਆਏ ਨੂੰ ਅਜੇ ਤਿੰਨ ਮਹੀਨੇ ਹੀ ਹੋਏ ਸਨ ਕਿ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਜੀਟੀਯੂ ਨੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰ ਦਿੱਤਾ। ਮੈਂ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਜਿ਼ਲ੍ਹਾ ਰੋਪੜ (ਰੂਪਨਗਰ) ਦਾ ਪ੍ਰਧਾਨ ਸੀ। ਢਾਈ ਮਹੀਨੇ ਬਾਅਦ ਅੰਦੋਲਨ ਸਫਲਤਾ ਨਾਲ ਸਮਾਪਤ ਹੋਇਆ। ਕਈ ਵਾਰ ਰਾਤਾਂ ਵੀ ਬਾਹਰ ਗੁਜ਼ਾਰਨੀਆਂ ਪੈਂਦੀਆਂ। ਬੇਬੇ ਨੂੰ ਇਹ ਪਸੰਦ ਅਤੇ ਮਨਜ਼ੂਰ ਨਹੀਂ ਸੀ। ਉਹ ਚਾਹੁੰਦੀ ਹੁੰਦੀ ਸੀ ਕਿ ਰਾਤ ਨੂੰ ਮੈਨੂੰ ਘਰ ਆ ਜਾਣਾ ਚਾਹੀਦਾ ਹੈ। ਤ੍ਰਿਲੋਚਨ ਸਿੰਘ ਰਾਣਾ ਜੀ ਦੀ ਸੇਵਾ ਮੁਕਤੀ ਬਾਅਦ ਮੈਨੂੰ ਜਿ਼ਲ੍ਹਾ ਰੋਪੜ ਦਾ ਪ੍ਰਧਾਨ ਚੁਣ ਲਿਆ ਗਿਆ, ਕੁਝ ਸਮੇਂ ਬਾਅਦ ਸੂਬੇ ਦਾ ਜਨਰਲ ਸਕੱਤਰ ਵੀ ਬਣਾ ਦਿੱਤਾ ਗਿਆ। ਸੂਬਾਈ ਮੁਲਾਜ਼ਮਾਂ ਦੀ ਕੌਮੀ ਫੈਡਰੇਸ਼ਨ ਦੀਆਂ ਮੀਟਿੰਗਾਂ ਦੂਜੇ ਸੂਬਿਆਂ ਵਿੱਚ ਹੁੰਦੀਆਂ ਤਾਂ ਕਈ-ਕਈ ਦਿਨ ਬਾਹਰ ਰਹਿਣਾ ਪੈਂਦਾ। ਇੱਕ ਦਿਨ ਬੇਬੇ ਨੇ ਕਹਿ ਹੀ ਦਿੱਤਾ, “ਪੁੱਤ ਜਿਸ ਦਿਨ ਮੈਂ ਮਰਨਾ, ਤੂੰ ਘਰ ਨਹੀਂ ਹੋਣਾ। ਮੈਂ ਚਾਹੁੰਦੀ, ਤੂੰ ਮੇਰੇ ਕੋਲ ਹੋਵੇ ਪਰ ਮੈਨੂੰ ਲਗਦਾ, ਮੈਨੂੰ ਤਾਂ ਫੂਕਣਾ ਵੀ ਲੋਕਾਂ ਨੇ ਹੀ ਹੈ।” ਬੇਬੇ ਤੰਦਰੁਸਤ ਰਹਿੰਦੀ ਸੀ ਪਰ ਉਹਦੀ ਗੱਲ ਨੇ ਅਸੁਖਾਵਾਂ ਅਤੇ ਅਣਸੋਚਿਆ ਖਿਆਲ ਮੇਰੇ ਸਾਹਮਣੇ ਖੜ੍ਹਾ ਕਰ ਦਿੱਤਾ।
ਇਕ ਵਾਰ ਬੇਬੇ ਨੂੰ ਪੀਲੀਆ ਹੋ ਗਿਆ। ਅਹੁੜ-ਪਹੁੜ ਅਤੇ ਦਵਾਈ ਬੇਅਸਰ ਹੋ ਗਈ। ਇਕ ਦਿਨ ਅਚਾਨਕ ਮੈਨੂੰ ਸਕੂਲੋਂ ਬੁਲਾ ਲਿਆ। ਦੋ ਕਿਲੋਮੀਟਰ ਦੀ ਦੂਰੀ ਮੁੱਕਣ ਵਿੱਚ ਨਾ ਆਵੇ। ਘਰ ਪਹੁੰਚਿਆ। ਮੋਟਰਸਾਈਕਲ ਸਟੈਂਡ ਉੱਤੇ ਲਾਉਂਦਿਆਂ ਮੰਜੇ ਲਾਗੇ ਬੈਠੀਆਂ ਭੈਣਾਂ ਦੇ ਚਿਹਰਿਆਂ ਤੋਂ ਜੋ ਪੜ੍ਹਿਆ, ਮਸੇਰ ਭੈਣ ਨੇ ਬੋਲ ਹੀ ਦਿੱਤਾ, “ਵੀਰਾ, ਮਾਸੀ ਨਹੀਂ ਰਹੀ।” ਮੈਂ ਬੇਬੇ ਦੇ ਚਿਹਰੇ ਉੱਤੇ ਝੁਕ ਕੇ ਜ਼ੋਰ ਨਾਲ ਬੇਬੇ ਨੂੰ ਆਵਾਜ਼ ਮਾਰੀ... ਬੇਬੇ ਦੀਆਂ ਅੱਖਾਂ ਖੁੱਲ੍ਹ ਗਈਆਂ। ਕੁਝ ਦੇਰ ਬਾਅਦ ਪੂਰੀ ਸੁਰਤ ਆਈ, ਪੁੱਛਣ ’ਤੇ ਬੇਬੇ ਨੇ ਦੱਸਿਆ, “ਮੈਂ ਪਤਾਲ ਵਿੱਚ ਹੋਰ ਹੇਠਾਂ ਹੋਰ ਹੇਠਾਂ ਜਾ ਰਹੀ ਸੀ ਕਿ ਅਚਾਨਕ ਤੇਰੀ ਹਾਕ ਸੁਣ ਕੇ ਪਤਾ ਨਹੀਂ ਕਿਵੇਂ ਮੈਂ ਵਾਪਸ ਮੁੜ ਆਈ।” ਅੱਜ ਹੋਰ ਕੱਲੱ ਹੋਰ, ਬੇਬੇ ਮੁੜ ਤੰਦਰੁਸਤ ਹੋ ਗਈ।
ਕੁਝ ਸਾਲਾਂ ਬਾਅਦ ਬੇਬੇ ਨੂੰ ਖੂਨ ਦੀ ਉਲਟੀ ਆਈ। ਅਸੀਂ ਪੀਜੀਆਈ ਲੈ ਗਏ। ਉਸ ਨੂੰ ਐਮਰਜੈਂਸੀ ਵਿੱਚ ਲੈ ਲਿਆ ਗਿਆ। ਬੇਬੇ ਨੂੰ ਬੈੱਡ ਉੱਤੇ ਖੂਨ ਦੀ ਉਲਟੀ ਆ ਗਈ। ਮੈਂ ਆਪਣੇ ਹੱਥਾਂ ਦੇ ਬੁੱਕ ਉੱਤੇ ਉਲਟੀ ਦਾ ਸੰਘਣਾ ਖੂਨ ਸਾਂਭ ਲਿਆ। ਹੱਥ ਸਾਫ ਕਰ ਕੇ ਵਾਪਸ ਪਰਤਿਆ ਤਾਂ ਬੇਬੇ ਦੇ ਚਿਹਰੇ ਉੱਤੇ ਭਾਵ ਸੀ ਜਿਵੇਂ ਉਸ ਤੋਂ ਕੋਈ ਗ਼ਲਤੀ ਕੀਤੀ ਹੋਵੇ।
“ਬੇਬੇ ਜੋ ਤੂੰ ਮੇਰੇ ਲਈ ਕਰਦੀ ਰਹੀ, ਇਹ ਤਾਂ ਉਸ ਦਾ ਲੱਖਵਾਂ ਭਾਗ ਵੀ ਨਹੀਂ।” ਮੇਰੀ ਗੱਲ ਸੁਣ ਕੇ ਬੇਬੇ ਦਾ ਚਿਹਰਾ ਸ਼ਾਂਤ ਹੋ ਗਿਆ। ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਦਵਾਈਆਂ ਸਮਝਾ ਕੇ ਸਾਨੂੰ ਘਰ ਭੇਜ ਦਿੱਤਾ ਗਿਆ।
ਇਕ ਦਿਨ ਬੇਬੇ ਵਧੇਰੇ ਬੇਚੈਨ ਸੀ... ਮੁੜ ਖੂਨ ਦੀ ਉਲਟੀ ਆ ਗਈ। ਉਲਟੀ ਉਹਨੇ ਮੰਜੇ ਤੋਂ ਉਤਰ ਕੇ ਕੀਤੀ। “ਪੁੱਤ, ਹੁਣ ਮੈਂ ਚੱਲੀ...” ਕਹਿ ਕੇ ਉਹ ਮੰਜੇ ਉੱਤੇ ਜਿਵੇਂ ਡਿੱਗ ਹੀ ਗਈ ਹੋਵੇ। ਮੈਂ ਤੁਰੰਤ ਉਸ ਦੇ ਸਿਰਹਾਣੇ ਬੈਠ ਉਸ ਦਾ ਸਿਰ ਆਪਣੀ ਗੋਦ ਵਿੱਚ ਲੈ ਲਿਆ। ਬੇਬੇ ਦਾ ਇਕ ਹੱਥ ਮੇਰੇ ਹੱਥ ਵਿੱਚ ਸੀ ਜਦੋਂ ਬੇਬੇ ਨੇ ਆਖਿ਼ਰੀ ਵਾਰ ਕਿਹਾ, “ਪੁੱਤ, ਮੈਂ ਹੁਣ ਚੱਲੀ।”... ਤੇ ਬੇਬੇ ਨੇ ਹਮੇਸ਼ਾ ਲਈ ਅੱਖਾਂ ਮੀਚ ਲਈਆਂ। ਬੇਬੇ ਦੀ ਆਖਿ਼ਰੀ ਇੱਛਾ ਪੂਰੀ ਹੋ ਗਈ ਸੀ।
ਸੰਪਰਕ: 94176-52947