ਬੇੜੀਆਂ ’ਚ ਜਕੜੇ ਸੁਫਨੇ
ਅਮ੍ਰਤ

ਉਹ ਇਕੱਲੀ ਕਰਜ਼ੇ ਦੀ ਪੰਡ ਹੀ ਲੈ ਕੇ ਨਹੀਂ ਆਏ ਸਗੋਂ ਉਹ ਤਿੜਕੇ ਸੁਫਨੇ ਵੀ ਨਾਲ ਲਿਆਏ ਹਨ ਜੋ ਉਨ੍ਹਾਂ ਚੰਗੇ ਭਵਿੱਖ ਦੀ ਆਸ ’ਚ ਦੇਖੇ ਸਨ। ਹੁਣ ਵਰ੍ਹਿਆਂਬੱਧੀ ਉਨ੍ਹਾਂ ਦੀਆਂ ਅੱਖਾਂ ’ਚ ਉਨ੍ਹਾਂ ਤਿੜਕੇ ਸੁਫਨਿਆਂ ਦੀ ਰੜਕ ਪੈਂਦੀ ਰਹੇਗੀ। ਸ਼ਾਇਦ ਇਨ੍ਹਾਂ ’ਚੋਂ ਬਹੁਤੇ ਤਾਂ ਫਿਰ ਅੱਖਾਂ ’ਚ ਕੋਈ ਹੋਰ ਸੁਫਨਾ ਸਜਾਉਣ ਦਾ ਹੌਸਲਾ ਵੀ ਨਾ ਕਰ ਸਕਣ। ਅਮਰੀਕਾ ਨੇ ਜਿਹੜੇ 104 ਭਾਰਤੀ ਆਪਣੇ ਫ਼ੌਜੀ ਜਹਾਜ਼ ’ਚ ਹੱਥਕੜੀਆਂ ਤੇ ਬੇੜੀਆਂ ਨਾਲ ਨੂੜ ਕੇ ਵਾਪਸ ਭੇਜੇ ਹਨ, ਉਨ੍ਹਾਂ ’ਚੋਂ 30 ਪੰਜਾਬੀ ਹਨ। ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਸਾਰੇ ਆਪੋ ਆਪਣੇ ਘਰੀਂ ਪਹੁੰਚ ਚੁੱਕੇ ਹਨ ਜਿੱਥੇ ਬਿਰਧ ਮਾਪਿਆਂ ਦੀਆਂ ਅੱਖਾਂ ’ਚੋਂ ਵਗਦੇ ਹੰਝੂ ਟੁੱਟੇ ਸੁਫਨਿਆਂ ਦੇ ਦਰਦ ਨਾਲ ਇਕਮਿਕ ਹੋ ਰਹੇ ਹਨ। ਕੌਣ ਕਿਸਨੂੰ ਧਰਵਾਸਾ ਦੇ ਰਿਹਾ ਹੈ, ਕੋਈ ਪਤਾ ਨਹੀਂ ਲੱਗਦਾ। ਕਈ ਮਾਪੇ ਇਸ ਗੱਲੋਂ ਪ੍ਰਮਾਤਮਾ ਦਾ ਸ਼ੁਕਰ ਮਨਾ ਰਹੇ ਹਨ ਕਿ ਉਨ੍ਹਾਂ ਦੇ ਧੀ-ਪੁੱਤ ਬਿਗਾਨੀਆਂ ਧਰਤੀਆਂ ’ਤੇ ਰੁਲਦੇ-ਖੁਲਦੇ ਅਖ਼ੀਰ ਸਹੀ ਸਲਾਮਤ ਘਰ ਪਰਤ ਆਏ ਹਨ। ਕਈਆਂ ਨੂੰ ਧਰਵਾਸਾ ਹੈ ਕਿ ਇੱਕ ਦਰ ਬੰਦ ਹੋਣ ’ਤੇ ਦੁਨੀਆ ਨਹੀਂ ਮੁੱਕ ਜਾਂਦੀ ਤੇ ਜ਼ਿੰਦਗੀ ਕੋਈ ਹੋਰ ਹੀਲਾ ਵਸੀਲਾ ਬਣਾ ਦੇਵੇਗੀ ਪਰ ਸਾਰਿਆਂ ਦੀ ਸਾਂਝੀ ਚਿੰਤਾ ਕਰਜ਼ੇ ਦੀ ਹੈ। ਜ਼ਿਆਦਾਤਰ ਨੇ ਜ਼ਮੀਨ ਵੇਚ ਕੇ, ਗਹਿਣੇ ਧਰ ਕੇ ਤੇ ਉਧਾਰ ਚੁੱਕ ਕੇ ਆਪਣੇ ਸੁਫਨਿਆਂ ਨੂੰ ਪਰਵਾਜ਼ ਦਿੱਤੀ ਸੀ ਪਰ ਬੇਗਾਨੀ ਧਰਤੀ ਨੇ ਪਨਾਹ ਦੇਣ ਤੋਂ ਨਾਂਹ ਕਰ ਦਿੱਤੀ ਤੇ ਸਫ਼ਰ ’ਚ ਲੁੱਟੇ ਪੁੱਟੇ ਗਏ ਮੁਸਾਫ਼ਿਰ ਵਾਂਗ ਉਹ ਆਪਣਾ ਸਭ ਕੁਝ ਗੁਆ ਕੇ ਘਰੀਂ ਪਰਤ ਆਏ। ਇਨ੍ਹਾਂ ਦੇ ਹੱਥ ਭਾਵੇਂ ਖਾਲੀ ਹਨ ਪਰ ਸਿਰ ’ਤੇ ਕਰਜ਼ੇ ਦੀ ਪੰਡ ਜ਼ਰੂਰ ਭਾਰੀ ਹੋ ਗਈ ਹੈ। ਕਿੱਥੇ ਤਾਂ ਖੱਟੀ ਖੱਟ ਕੇ ਇਨ੍ਹਾਂ ਕਰਜ਼ ਉਤਾਰ ਦੇਣ ਦੀਆਂ ਬੁਣਤਾਂ ਬੁਣੀਆਂ ਸਨ ਅਤੇ ਕਿੱਥੇ ਸਾਰੀ ਤਾਣੀ ਹੀ ਉਲਝ ਗਈ ਹੈ।
ਇਹ ਕੋਈ ਪਹਿਲੇ ਨਹੀਂ ਸਨ ਜਿਨ੍ਹਾਂ ਰੋਜ਼ੀ-ਰੋਟੀ ਦੀ ਭਾਲ ਲਈ ਪ੍ਰਦੇਸ ਦਾ ਰੁਖ਼ ਕੀਤਾ ਸੀ। ਪਰਵਾਸ ਦਾ ਸਿਲਸਿਲਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਕਰੀਬ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਦੂਰ-ਦੁਰਾਡੇ ਦੇਸ਼ਾਂ ’ਚ ਜਾ ਕੇ ਵਸਦੇ ਰਹੇ ਹਨ। ਕਈ ਵਾਰ ਆਪਣੀ ਮਰਜ਼ੀ ਨਾਲ ਅਤੇ ਕਈ ਵਾਰ ਆਪਣੀਆਂ ਮਜਬੂਰੀਆਂ ਦੇ ਮਾਰੇ ਪ੍ਰਦੇਸਾਂ ’ਚ ਰੁਲਦੇ ਹਨ। ਆਲਮੀ ਜੰਗਾਂ ਵੇਲੇ ਬਰਤਾਨਵੀ ਫ਼ੌਜ ’ਚ ਭਰਤੀ ਹੋਣ ਪਿੱਛੋਂ ਬੇਗਾਨੀਆਂ ਧਰਤੀਆਂ ’ਤੇ ਜਾ ਕੇ ਜਾਨਾਂ ਵਾਰਦੇ ਰਹੇ ਹਨ। ਮਸਲਾ ਉਦੋਂ ਵੀ ਰੋਜ਼ੀ-ਰੋਟੀ ਦਾ ਸੀ ਅਤੇ ਅੱਜ ਵੀ ਹਾਲਾਤ ਉਹੀ ਹਨ। ਬੁਨਿਆਦੀ ਲੋੜ ਤਾਂ ਰੋਜ਼ੀ-ਰੋਟੀ ਹੈ ਜੋ ਉਦੋਂ ਵੀ ਆਪਣੀ ਧਰਤੀ ’ਤੇ ਕਮਾਉਣੀ ਔਖੀ ਸੀ ਤੇ ਉਹ ਇਸ ਆਸ ਨਾਲ ਦੇਸ ਛੱਡਣ ਦਾ ਹੂਲਾ ਫੱਕਦੇ ਸਨ ਕਿ ਉੱਥੇ ਜਾ ਕੇ ਮਿਹਨਤ ਦਾ ਮੁੱਲ ਪੈ ਜਾਵੇਗਾ। ਉਹ ਕੋਈ ਨਾ ਕੋਈ ਕੰਮ-ਧੰਦਾ ਮਿਲਣ ਅਤੇ ਚਾਰ ਛਿੱਲੜ ਜੋੜ ਕੇ ਪੰਜਾਬ ਬੈਠੇ ਆਪਣੇ ਮਾਪਿਆਂ ਜਾਂ ਧੀਆਂ-ਪੁੱਤਾਂ ਨੂੰ ਭੇਜਣ ਦਾ ਸੁਫਨਾ ਦੇਖਦੇ ਸਨ। ਚੰਗੀ ਜ਼ਿੰਦਗੀ ਜਿਊਣ ਦੀ ਖ਼ਾਹਿਸ਼ ਹਰ ਮਨੁੱਖ ਕਰਦਾ ਹੈ ਅਤੇ ਆਪਣੀ ਸਮਝ ਤੇ ਪਹੁੰਚ ਮੁਤਾਬਿਕ ਯਤਨ ਕਰਨਾ ਉਸ ਦੇ ਸੁਭਾਅ ’ਚ ਸ਼ਾਮਿਲ ਹੈ। ਵਿਦੇਸ਼ੀ ਹਮਲਾਵਰਾਂ ਦੀ ਮਾਰ ਝੱਲਣ ਵਾਲੇ ਪੰਜਾਬੀਆਂ ਨੂੰ ਉੱਜੜਨ ਅਤੇ ਮੁੜ ਵੱਸਣ ਦੀ ਗੁੜ੍ਹਤੀ ਵਿਰਸੇ ’ਚੋਂ ਹੀ ਮਿਲੀ ਹੈ। ਇਸ ਲਈ ਸਮੇਂ ਸਮੇਂ ’ਤੇ ਪਰਵਾਸ ਕਰਨ ਦੇ ਰੁਝਾਨ ’ਚ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ।

ਸੱਠਵੇਂ ਦਹਾਕੇ ’ਚ ਬਰਤਾਨੀਆ ਸਰਕਾਰ ਨੇ ਆਪਣੇ ਦੇਸ਼ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਪੜ੍ਹੇ-ਲਿਖੇ ਤੇ ਹੁਨਰਮੰਦ ਕਾਮੇ ਬੁਲਾਉਣੇ ਸ਼ੁਰੂ ਕਰ ਦਿੱਤੇ ਸਨ। ਉਦੋਂ ਇੰਗਲੈਂਡ ਜਾਣ ਲਈ ‘ਵਾਊਚਰ’ ਦਿੱਤਾ ਜਾਂਦਾ ਸੀ। ਸ਼ੁਰੂ ਸ਼ੁਰੂ ਵਿੱਚ ਜਿਹੜੇ ਹੁਨਰਮੰਦ ਕਾਮਿਆਂ ਨੇ ਪਰਵਾਸ ਕੀਤਾ, ਉਨ੍ਹਾਂ ਵਿੱਚੋਂ ਵਧੇਰੇ ਮਿੱਲਾਂ ਤੇ ਫੈਕਟਰੀਆਂ’ਚ ਕੰਮ ਕਰਦੇ ਸਨ। ਡਿਗਰੀਆਂ ਵਾਲਿਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਕੰਮ ਮਿਲ ਜਾਂਦਾ ਸੀ। ਇਸ ਤੋਂ ਇਲਾਵਾ ਉਹ ਜਿੱਥੇ ਕੰਮ ਮਿਲਦਾ, ਉੱਥੇ ਦਿਹਾੜੀਆਂ ਲਾਉਂਦੇ ਤੇ ਰੁਜ਼ਗਾਰ ਦੀ ਭੱਠੀ ਮਘਦੀ ਰਹਿੰਦੀ। ਪਹਿਲਾਂ-ਪਹਿਲ ਦੁਆਬੇ ਦੇ ਲੋਕਾਂ ਦੀ ਪਾਰ ਜਾ ਕੇ ਵੱਸਣ ਵਿੱਚ ਝੰਡੀ ਰਹੀ ਅਤੇ ਕਈ ਦਹਾਕੇ ਤਕ ‘ਵਲੈਤੀਏ’ ਹੋਣਾ ਸਿਰਫ਼ ਦੁਆਬੇ ਵਾਲਿਆਂ ਦੇ ਹਿੱਸੇ ਹੀ ਆਉਂਦਾ ਸੀ। ਮਾਝੇ, ਮਾਲਵੇ ਤੇ ਪੁਆਧ ਤੱਕ ਇਹ ਰੁਝਾਨ ਕਾਫ਼ੀ ਪਛੜ ਕੇ ਪਹੁੰਚਿਆ। ਪੰਜਾਬ ’ਚ ਝੁੱਲੀ ਕਾਲੀ ਹਨੇਰੀ ਵੇਲੇ ਜਦੋਂ ਜ਼ਿੰਦਗੀ ਦੀ ਕੋਈ ਕੀਮਤ ਨਾ ਰਹੀ ਤਾਂ ਕਈਆਂ ਨੇ ‘ਤੱਤੀ ਵਾਅ’ ਤੋਂ ਬਚਣ ਅਤੇ ਕਈਆਂ ਨੇ ‘ਠੰਢੇ ਬੁੱਲੇ’ ਦੀ ਆਸ ’ਚ ਘਰਾਂ ਤੋਂ ਚਾਲੇ ਪਾ ਦਿੱਤੇ ਅਤੇ ਸਿੱਧੇ ਅਸਿੱਧੇ ਢੰਗ ਨਾਲ ਕੈਨੇਡਾ ਅਤੇ ਅਮਰੀਕਾ ਜਿਹੇ ਮੁਲਕਾਂ ’ਚ ਜਾ ਵੜੇ। ਕਈਆਂ ਨੇ ਜਰਮਨੀ ’ਚ ਪਨਾਹ ਲੈ ਲਈ ਅਤੇ ਕੋਈ ਕਿਧਰੇ ਹੋਰ ਜਾ ਵੱਸਿਆ। ਜਿਸਦਾ ਜਿੰਨਾ ਜ਼ੋਰ ਚੱਲਿਆ ਤੇ ਜਿੱਥੇ ਢੋਈ ਮਿਲੀ, ਉਸ ਨੇ ਆਸਰਾ ਲੈ ਲਿਆ। ਇਉਂ ਪਰਵਾਸ ਦਾ ਖੂਹ ਦਹਾਕਿਆਂ ਤੋਂ ਗਿੜਦਾ ਰਿਹਾ ਹੈ ਅਤੇ ਪੰਜਾਬੀਆਂ ਨੇ ਸਖਤ ਮਿਹਨਤ ਨਾਲ ਵਿਦੇਸ਼ਾਂ ’ਚ ਆਪਣੀ ਥਾਂ ਬਣਾਈ ਹੈ। ਦੁਨੀਆ ਦੇ ਤਕਰੀਬਨ ਹਰ ਮੁਲਕ ’ਚ ਪੰਜਾਬੀਆਂ ਦੀ ਹੋਂਦ ਹੈ। ਕਿਤੇ ਬਹੁਤੀ ਤੇ ਕਿਤੇ ਥੋੜ੍ਹੀ ਪਰ ਇਸ ਪਿੱਛੇ ਉਨ੍ਹਾਂ ਦੀ ਲੰਮੀ ਘਾਲਣਾ ਹੈ।

ਏਜੰਟਾਂ ਨੂੰ ਮੋਟੀਆਂ ਰਕਮਾਂ ਦੇ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਦਾ ਰੁਝਾਨ ਕੋਈ ਨਵਾਂ ਨਹੀਂ ਹੈ। ਭਾਰਤ ਤੋਂ ਹੀ ਨਹੀਂ, ਹੋਰ ਦੇਸ਼ਾਂ ਤੋਂ ਵੀ ਥੁੜ੍ਹਾਂ ਮਾਰੇ ਲੋਕ ਆਪਣੀਆਂ ਤੰਗੀਆਂ-ਤੁਰਸ਼ੀਆਂ ਵਾਲੀ ਜ਼ਿੰਦਗੀ ਤੋਂ ਤੰਗ ਆ ਕੇ ਅਮਰੀਕਾ ’ਚ ਖੁਸ਼ਹਾਲ ਜੀਵਨ ਜਿਊਣ ਲਈ ਯਤਨ ਕਰਦੇ ਆਏ ਹਨ। ਇਹ ਮੰਨਿਆ ਜਾਂਦਾ ਰਿਹਾ ਹੈ ਕਿ ਕਿਸੇ ਤਰ੍ਹਾਂ ਇੱਕ ਵਾਰ ਉਸ ਧਰਤੀ ’ਤੇ ਪੈਰ ਟਿਕ ਜਾਣ ਤਾਂ ਫਿਰ ਦਿਹਾੜੀ-ਦੱਪਾ ਕਰਦਿਆਂ ਲੋੜਵੰਦ ਆਪਣੇ ਪੈਰ ਜਮਾ ਲੈਂਦੇ ਹਨ ਅਤੇ ਦੇਰ ਸਵੇਰ ਉੱਥੇ ਵਸ ਜਾਣ ਦਾ ਕੋਈ ਬੰਨ੍ਹ-ਸੁੱਬ ਹੋ ਜਾਂਦਾ ਹੈ। ਕਈ ਵਾਰ ਕਾਗਜ਼ੀ ਵਿਆਹਾਂ ਦਾ ਆਸਰਾ ਵੀ ਲਿਆ ਜਾਂਦਾ ਰਿਹਾ ਹੈ ਅਤੇ ਕਈ ਵਾਰ ਅਮਰੀਕਾ ਤੇ ਹੋਰ ਦੇਸ਼ ਪਰਵਾਸੀਆਂ ਨੂੰ ਆਪਣੇ ਪਰਿਵਾਰ ਬੁਲਾਉਣ ਲਈ ਕਾਨੂੰਨੀ ਪ੍ਰੋਗਰਾਮ ਵੀ ਲਿਆਉਂਦੇ ਰਹੇ ਹਨ। ਇਹੋ ਕਾਰਨ ਹੈ ਕਿ ਪਰਵਾਸ ਦਾ ਸਿਲਸਿਲਾ ਹੁਣ ਤੱਕ ਨਿਰੰਤਰ ਚੱਲਦਾ ਆਇਆ ਹੈ। ਪਹਿਲੀ ਵਾਰ ਜਦੋਂ 2017 ’ਚ ਡੋਨਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਸੀ ਤਾਂ ਉਨ੍ਹਾਂ ਉਦੋਂ ਹੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਵਾਲਿਆਂ ਖ਼ਿਲਾਫ਼ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅਮਰੀਕਾ ’ਚ ਗ਼ੈਰ-ਕਾਨੂੰਨੀ ਦਾਖ਼ਲੇ ਲਈ ਮੈਕਸਿਕੋ ਦੀ ਸਰਹੱਦ ਸਭ ਤੋਂ ਵੱਧ ਬਦਨਾਮ ਹੈ ਅਤੇ ਜ਼ਿਆਦਾਤਰ ਪਰਵਾਸੀ ਇੱਥੋਂ ਹੀ ਅਮਰੀਕਾ ’ਚ ਦਾਖ਼ਲੇ ਦਾ ਰਾਹ ਲੱਭਦੇ ਰਹੇ ਹਨ। ਉਦੋਂ ਟਰੰਪ ਨੇ ਮੈਕਸਿਕੋ ਦੀ ਸਰਹੱਦ ਸੀਲ ਕਰਨ ਲਈ ਯਤਨ ਆਰੰਭ ਦਿੱਤੇ ਸਨ ਅਤੇ ਇਸ ਸਰਹੱਦ ਨੇੜੇ ਲੋਹੇ ਦੀਆਂ ਚਾਦਰਾਂ ਲਗਾ ਕੇ ਉੱਚੀ ਕੰਧ ਖੜ੍ਹੀ ਕਰਨ ਦਾ ਕੰਮ ਆਰੰਭਿਆ ਗਿਆ ਸੀ। ਆਪਣੇ ਸੁਭਾਅ ਮੁਤਾਬਿਕ ਟਰੰਪ ਨੇ ਹੋਰ ਵੀ ਕਈ ਸਖ਼ਤੀਆਂ ਵਰਤੀਆਂ ਸਨ। ਕਾਨੂੰਨੀ ਢੰਗ ਨਾਲ ਵੀਜ਼ਾ ਲੈ ਕੇ ਅਮਰੀਕਾ ਜਾਣ ਵਾਲੇ ਪੇਸ਼ੇਵਰ ਮਾਹਿਰਾਂ ਲਈ ਵੀ ਮਾਪਦੰਡ ਸਖ਼ਤ ਕਰ ਦਿੱਤੇ ਗਏ ਸਨ। ਅਮਰੀਕੀ ਪ੍ਰਸ਼ਾਸਨ ਦੀ ਇਹ ਪਹੁੰਚ ਰਹੀ ਹੈ ਕਿ ਉਸ ਕੋਲ ਬਿਹਤਰੀਨ ਡਾਕਟਰ, ਇੰਜਨੀਅਰ ਤੇ ਆਈਟੀ ਖੇਤਰ ਦੇ ਮਾਹਿਰ ਕੰਮ ਕਰਨ ਤਾਂ ਆਉਣ, ਪਰ ਇਨ੍ਹਾਂ ਨੂੰ ਛੇਤੀ ਕੀਤੇ ਸਥਾਈ ਨਾਗਰਿਕਤਾ ਨਾ ਦਿੱਤੀ ਜਾਵੇ। ਇਹੋ ਕਾਰਨ ਹੈ ਕਿ ਕਈ ਕਈ ਸਾਲ ਲੋਕ ਅਨਿਸ਼ਚਿਤਤਾ ਦੀ ਹਾਲਤ ’ਚ ਰੁਜ਼ਗਾਰ ਦੀ ਗੱਡੀ ਨੂੰ ਇਸ ਉਮੀਦ ’ਚ ਧੱਕਾ ਲਗਾਈ ਜਾਂਦੇ ਹਨ ਕਿ ਕਦੇ ਨਾ ਕਦੇ ਉਹ ਮੰਜ਼ਿਲ ’ਤੇ ਜ਼ਰੂਰ ਪੁੱਜ ਜਾਣਗੇ।

ਇਨ੍ਹਾਂ ਸਾਰੀਆਂ ਦੁਸ਼ਵਾਰੀਆਂ ਦੇ ਬਾਵਜੂਦ ਅਮਰੀਕਾ ਦਾ ਤਲਿਸਮ ਅੱਜ ਵੀ ਕਾਇਮ ਹੈ। ਡਾਲਰਾਂ ਦੀ ਚਕਾਚੌਂਧ ਅੱਗੇ ਸਾਰੀਆਂ ਦੁਸ਼ਵਾਰੀਆਂ ਫਿੱਕੀਆਂ ਪੈ ਜਾਂਦੀਆਂ ਹਨ। ਹਾਲਾਂਕਿ ਬੇਗਾਨੀ ਧਰਤੀ ’ਤੇ ਜਾ ਕੇ ਵੱਸਣਾ ਕਿਸੇ ਲਈ ਵੀ ਸੌਖਾ ਨਹੀਂ ਹੁੰਦਾ ਤੇ ਖ਼ਾਸ ਕਰ ਕੇ ਉਦੋਂ ਜਦੋਂ ਉਸ ਧਰਤੀ ਦੇ ਹਾਕਮ ਅਜਿਹਾ ਨਾ ਚਾਹੁੰਦੇ ਹੋਣ। ਟਰੰਪ ਨੇ ਹੁਣ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਹੀ ਸਖ਼ਤੀਆਂ ਦਾ ਦੌਰ ਸ਼ੁਰੂ ਕਰ ਦਿੱਤਾ। ਉਨ੍ਹਾਂ ਆਪਣੀ ਚੋਣ ਮੁਹਿੰਮ ਇਸ ਇੱਕ ਨੁਕਤੇ ’ਤੇ ਹੀ ਟਿਕਾਈ ਰੱਖੀ ਸੀ ਕਿ ਅਮਰੀਕਾ ਕੇਵਲ ਅਮਰੀਕੀਆਂ ਵਾਸਤੇ ਹੈ। ਹਰ ਕੰਮ ’ਚ ਅਮਰੀਕੀਆਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਹੋਰਨਾਂ ਬਾਰੇ ਬਾਅਦ ’ਚ ਸੋਚਿਆ ਜਾਵੇਗਾ। ਗ਼ੈਰ-ਕਾਨੂੰਨੀ ਤੌਰ ’ਤੇ ਦੇਸ਼ ’ਚ ਆਉਣ ਵਾਲਿਆਂ ਜਾਂ ਪਹਿਲਾਂ ਵੱਸ ਚੁੱਕਿਆਂ ਨੂੰ ਉਨ੍ਹਾਂ ਦੇ ਦੇਸ਼ਾਂ ’ਚ ਵਾਪਸ ਭੇਜਿਆ ਜਾਵੇਗਾ। ਇਸੇ ਆਧਾਰ ’ਤੇ ਲੋਕ ਫ਼ਤਵਾ ਹਾਸਿਲ ਕਰਨ ਵਾਲੇ ਟਰੰਪ ਨੇ ਆਪਣੇ ਚੋਣ ਵਾਅਦੇ ’ਤੇ ਫੁੱਲ ਚੜ੍ਹਾ ਦਿੱਤੇ ਹਨ। ਉਨ੍ਹਾਂ ਹੋਰ ਵੀ ਕਈ ਸਖ਼ਤ ਫ਼ੈਸਲੇ ਲਏ ਹਨ ਜਿਨ੍ਹਾਂ ਨੂੰ ਅਮਰੀਕੀ ਅਦਾਲਤਾਂ ’ਚ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਪਰਵਾਸੀਆਂ ਨੂੰ ਜਬਰੀ ਦੇਸ਼ ’ਚੋਂ ਕੱਢਣ ਖ਼ਿਲਾਫ਼ ਕਈ ਥਾਈਂ ਰੋਸ ਵਿਖਾਵੇ ਵੀ ਹੋ ਰਹੇ ਹਨ।

ਇਹ ਉਹੋ ਪਰਵਾਸੀ ਕਾਮੇ ਹਨ ਜੋ ਦਹਾਕਿਆਂ ਤੋਂ ਇਸ ਮੁਲਕ ਦੀ ਆਰਥਿਕਤਾ ਅਤੇ ਤਰੱਕੀ ’ਚ ਆਪਣੇ ਜੀਅ-ਜਾਨ ਯੋਗਦਾਨ ਪਾਉਂਦੇ ਆ ਰਹੇ ਹਨ। ਇਹ ਘੱਟ ਪੈਸਿਆਂ ’ਤੇ ਉਹ ਕੰਮ ਵੀ ਕਰਦੇ ਹਨ ਜਿਨ੍ਹਾਂ ਨੂੰ ਆਮ ਅਮਰੀਕੀ ਨਾਗਰਿਕ ਹਿਕਾਰਤ ਦੀ ਨਜ਼ਰ ਨਾਲ ਵੇਖਦੇ ਹਨ ਪਰ ਹੁਣ ਅਮਰੀਕੀਆਂ ਤੇ ਅਮਰੀਕੀ ਪ੍ਰਸ਼ਾਸਨ ਦੀਆਂ ਨਜ਼ਰਾਂ ਬਦਲ ਗਈਆਂ ਹਨ। ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਦੇਸ਼ ’ਚ ਇੱਕ ਕਰੋੜ ਤੋਂ ਵੱਧ ਗ਼ੈਰ-ਕਾਨੂੰਨੀ ਪਰਵਾਸੀ ਹਨ ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ 7 ਲੱਖ ਤੋਂ ਵੱਧ ਹੈ। ਪ੍ਰਸ਼ਾਸਨ ਦਾ ਆਦੇਸ਼ ਹੈ ਕਿ ਇਨ੍ਹਾਂ ਮਜਬੂਰ, ਬੇਵੱਸ ਪਰ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇ। ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਰੋਜ਼ਾਨਾ 1,200 ਤੋਂ ਲੈ ਕੇ 1,500 ਤੱਕ ਗ਼ੈਰ-ਕਾਨੂੰਨੀ ਪਰਵਾਸੀ ਫੜੇ ਜਾਣ ਅਤੇ ਫਿਰ ਇਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ। ਮੀਡੀਆ ਰਿਪੋਰਟਾਂ ਮੁਤਾਬਿਕ ਹਰ ਰੋਜ਼ ਤਕਰੀਬਨ 800 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਦੇਸ਼ ਦੀ ਕਸਟਮ ਤੇ ਬਾਰਡਰ ਸੁਰੱਖਿਆ ਏਜੰਸੀ ਕੋਲ ਵੱਧ ਤੋਂ ਵੱਧ 41 ਹਜ਼ਾਰ ਵਿਅਕਤੀਆਂ ਨੂੰ ਹਿਰਾਸਤ ’ਚ ਰੱਖਣ ਦੀ ਸਮਰੱਥਾ ਹੈ ਜਿਸ ਕਰ ਕੇ ਹੋਰ ਬਦਲਵੇਂ ਪ੍ਰਬੰਧਾਂ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਬਾਰਡਰ ਸੁਰੱਖਿਆ ਏਜੰਸੀ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਸਖ਼ਤ ਹਾਲਾਤ ਲਈ ਬਦਨਾਮ ਗੁਆਂਟੇਨਾਮੋ ਜੇਲ੍ਹ ’ਚ ਵੀ ਭੇਜ ਸਕਦੀ ਹੈ। ਕੈਨੇਡਾ ਅਤੇ ਮੈਕਸਿਕੋ ਨਾਲ ਅਮਰੀਕਾ ਦੀ ਤਕਰੀਬਨ ਸੱਤ ਹਜ਼ਾਰ ਮੀਲ ਸਰਹੱਦ ਲੱਗਦੀ ਹੈ ਜਿਸ ਦੀ ਸੁਰੱਖਿਆ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ। ਅਮਰੀਕਾ ਤੋਂ ਵਾਪਸ ਭੇਜੀ ਗਈ ਜਗਰਾਉਂ ਦੀ 21 ਸਾਲਾ ਮੁਟਿਆਰ ਮੈਕਸਿਕੋ ਦੇ ਤਿਜੂਆਨਾ ਬਾਰਡਰ ਰਾਹੀਂ ਅਮਰੀਕਾ ’ਚ ਦਾਖ਼ਲ ਹੋਈ ਸੀ। ਉਸ ਨਾਲ ਹੋਰ ਦੇਸ਼ਾਂ ਦੇ ਤਕਰੀਬਨ ਵਿਅਕਤੀ ਵੀ ਸਨ ਅਤੇ ਇਨ੍ਹਾਂ ’ਚ ਵੱਡੀ ਗਿਣਤੀ ਮਹਿਲਾਵਾਂ ਦੀ ਸੀ। ਦੁਨੀਆ ਭਰ ’ਚੋਂ ਚੰਗੇ ਭਵਿੱਖ ਦੀ ਆਸ ’ਚ ਕਾਨੂੰਨ ਤੇ ਸਰਹੱਦ ਉਲੰਘਣ ਲਈ ਮਜਬੂਰ ਇਨ੍ਹਾਂ ਪਰਵਾਸੀਆਂ ਨੂੰ ਅਮਰੀਕੀ ਧਰਤੀ ’ਤੇ ਪੈਰ ਧਰਨ ਤੋਂ ਛੇਤੀ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇੱਕ ਬੱਸ ਰਾਹੀਂ ਉਸ ਕੈਂਪ ’ਚ ਲਿਜਾਇਆ ਗਿਆ ਜਿੱਥੇ ਇਨ੍ਹਾਂ ਵਰਗੇ ਹੋਰ ਬੰਦੀ ਵੀ ਸਨ। ਮੁਸਕਾਨ ਦਾ ਦੱਸਣਾ ਹੈ ਕਿ ਤਿਜੂਆਨਾ ਸਰਹੱਦ ’ਤੇ ਕੋਈ ਸੁਰੱਖਿਆ ਮੁਲਾਜ਼ਮ ਨਜ਼ਰ ਨਹੀਂ ਸੀ ਆਇਆ। ਉਸ ਦਾ ਅਨੁਮਾਨ ਹੈ ਕਿ ਉੱਥੇ ਸਰਹੱਦ ਪਾਰ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਖ਼ੁਫ਼ੀਆ ਕੈਮਰੇ ਲੱਗੇ ਹੋ ਸਕਦੇ ਹਨ ਜਿਸ ਤੋਂ ਬਾਰਡਰ ਸੁਰੱਖਿਆ ਏਜੰਸੀਆਂ ਨੂੰ ਸਰਹੱਦ ਪਾਰ ਕਰਨ ਵਾਲਿਆਂ ਦੀ ਜਾਣਕਾਰੀ ਮਿਲਦੀ ਹੋਵੇ।
ਇਸੇ ਤਰ੍ਹਾਂ ਤਰਨ ਤਾਰਨ ਖੇਤਰ ’ਚ ਚੋਹਲਾ ਸਾਹਿਬ ਵਾਸੀ ਮਨਦੀਪ ਸਿੰਘ (29 ਸਾਲ) ਦੱਸਦਾ ਹੈ ਕਿ ਉਸ ਨੂੰ ਆਪਣੇ ਅਮਰੀਕਾ ਜਾ ਵੱਸਣ ਦੇ ਸੁਫਨੇ ਦੀ ਵੱਡੀ ਕੀਮਤ ਤਾਰਨੀ ਪਈ। ਉਹ ਤਕਰੀਬਨ ਢਾਈ ਸਾਲ ਪਹਿਲਾਂ ਸਪੇਨ ਚਲਾ ਗਿਆ ਸੀ ਤੇ ਉੱਥੇ ਉਸ ਦਾ ਗੁਜ਼ਾਰਾ ਤੇ ਕੰਮ ਦੋਵੇਂ ਠੀਕ ਚੱਲ ਰਹੇ ਸਨ, ਪਰ ਅੱਖਾਂ ’ਚ ਅਮਰੀਕਾ ਵਸਿਆ ਹੋਇਆ ਸੀ ਜਿਸ ਦੀ ਚਮਕ ਸਪੇਨ ਆ ਕੇ ਵੀ ਮੱਧਮ ਨਹੀਂ ਸੀ ਪਈ। ਉਹ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਮਿਹਨਤ ਕਰਦਿਆਂ ਕੁਝ ਪੈਸੇ ਜੋੜ ਜੋੜ ਰੱਖਦਾ ਰਿਹਾ। ਉਸ ਨੇ ਜਦੋਂ ਏਜੰਟ ਨਾਲ ਸੰਪਰਕ ਕੀਤਾ ਤਾਂ ਭਰੋਸਾ ਦਿੱਤਾ ਗਿਆ ਕਿ ਉਸ ਨੂੰ ਸੁਰੱਖਿਅਤ ਢੰਗ ਨਾਲ ਅਮਰੀਕਾ ਭਿਜਵਾ ਦਿੱਤਾ ਜਾਵੇਗਾ, ਪਰ ਇਸ ਦੀ ਵੱਡੀ ਕੀਮਤ ਤਾਰਨੀ ਪਵੇਗੀ। ਮਨਦੀਪ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਅਮਰੀਕੀ ਸੁਫਨੇ ਦੀ ਪੂਰਤੀ ਲਈ ਏਜੰਟ ਨੂੰ ਇੱਕ ਕਰੋੜ ਰੁਪਏ ਦਿੱਤੇ ਸਨ। ਉਸ ਨੇ ਏਜੰਟ ਨੂੰ ਬੇਨਤੀ ਵੀ ਕੀਤੀ ਸੀ ਕਿ ਅਮਰੀਕਾ ਦੀਆਂ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਉਸ ਨੂੰ ਸਰਹੱਦ ਪਾਰ ਕਰਵਾ ਦਿੱਤੀ ਜਾਵੇ। ਉਸ ਨੂੰ ਖਦਸ਼ਾ ਸੀ ਕਿ ਡੋਨਲਡ ਟਰੰਪ ਦੀ ਜਿੱਤ ਹੋ ਗਈ ਤਾਂ ਇਹ ਸਭ ਏਨਾ ਸੁਖਾਲਾ ਨਹੀਂ ਰਹੇਗਾ, ਪਰ ਏਜੰਟ ਉਸ ਨੂੰ ਝੂਠੀਆਂ ਤਸੱਲੀਆਂ ਅਤੇ ਧਰਵਾਸੇ ਦਿੰਦਾ ਰਿਹਾ। ਏਜੰਟ ਵੱਲੋਂ ਉਸ ਨੂੰ ਸਰਬੀਆ ਦਾ ਵੀਜ਼ਾ ਦਿਵਾਇਆ ਗਿਆ ਅਤੇ ਉਹ ਪਹਿਲਾਂ ਦੁਬਈ ਤੇ ਫਿਰ ਅਰਮੀਨੀਆ ਹੁੰਦਾ ਹੋਇਆ ਸਰਬੀਆ ਪਹੁੰਚ ਗਿਆ। ਉੱਥੋਂ ਕਈ ਹੋਰਾਂ ਨਾਲ ਉਸ ਨੂੰ ਮੈਕਸਿਕੋ ਦੇ ਸਰਹੱਦੀ ਸ਼ਹਿਰ ਤਿਜੂਆਨਾ ਲਿਜਾਇਆ ਗਿਆ ਤੇ ਸਰਹੱਦ ਪਾਰ ਕਰਵਾ ਦਿੱਤੀ ਗਈ। ਇੱਥੇ ਹੋਣੀ ਬਲਵਾਨ ਨਿਕਲੀ ਤੇ ਉਸ ਦੇ ਖ਼ਦਸ਼ੇ ਸਹੀ ਸਾਬਤ ਹੋਏ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਅੱਗੇ ਦੀ ਕਹਾਣੀ ਇੱਕੋ ਹੀ ਹੈ ਕਿ ਉਨ੍ਹਾਂ ਤੋਂ ਮੋਬਾਈਲ ਫੋਨ ਅਤੇ ਸਾਮਾਨ ਵਾਲੇ ਬੈਗ ਲੈ ਲਏ ਗਏ। ਉਨ੍ਹਾਂ ਨੂੰ ਹਿਰਾਸਤ ’ਚ ਲੈਣ ਉਪਰੰਤ ਖ਼ਾਸ ਤਰ੍ਹਾਂ ਦੀਆਂ ਬੰਦੀਆਂ ਵਾਲੀਆਂ ਪੋਸ਼ਾਕਾਂ ਪਾਉਣ ਨੂੰ ਦਿੱਤੀਆਂ ਗਈਆਂ। ਮਨਦੀਪ ਦੱਸਦਾ ਹੈ ਕਿ ਮੈਕਸਿਕੋ ’ਚ ਹਜ਼ਾਰਾਂ ਵਿਅਕਤੀ ਸਰਹੱਦ ਪਾਰ ਕਰਕੇ ਅਮਰੀਕਾ ਦਾਖ਼ਲ ਹੋਣ ਦੀ ਉਡੀਕ ’ਚ ਸਨ। ਦੋ ਹਫ਼ਤੇ ਉਡੀਕ ਕਰਨ ਤੋਂ ਬਾਅਦ ਉਸ ਦੀ ਬਾਰਡਰ ਪਾਰ ਜਾਣ ਦੀ ਵਾਰੀ ਆਈ। ਉਹ ਜੰਗਲਾਂ ਰਾਹੀਂ ਕਰੀਬ 120 ਕਿਲੋਮੀਟਰ ਪੈਦਲ ਗਏ। ਹੋਰ ਗ਼ੈਰ-ਕਾਨੂੰਨੀ ਪਰਵਾਸੀਆਂ ਨਾਲ ਉਸ ਨੇ ਸਰਹੱਦ ਪਾਰ ਕੀਤੀ ਹੀ ਸੀ ਕਿ ਬਾਰਡਰ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉੱਥੇ ਕੈਂਪਾਂ ’ਚ ਬੁਨਿਆਦੀ ਸਹੂਲਤਾਂ ਵੀ ਨਹੀਂ ਸਨ। ਜੇ ਕੋਈ ਸਵਾਲ ਕਰਦਾ ਸੀ ਤਾਂ ਉਸ ਨੂੰ ਬੱਸ ਇੱਕੋ ਹੀ ਜਵਾਬ ‘ਟਰੰਪ’ ਮਿਲਦਾ ਸੀ। ਉਨ੍ਹਾਂ ਨਾਲ ਨਾ ਤਾਂ ਕਿਸੇ ਨੂੰ ਮਿਲਣ ਦਿੱਤਾ ਜਾਂਦਾ ਸੀ ਤੇ ਨਾ ਹੀ ਕੋਈ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦਾ ਪ੍ਰਬੰਧ ਸੀ। ਉਸ ਦੇ ਤੇ ਉਸ ਵਰਗੇ ਹੋਰਾਂ ਦੇ ਸੁਫਨਿਆਂ ਨੂੰ ਹੱਥਕੜੀਆਂ ਤੇ ਬੇੜੀਆਂ ’ਚ ਜਕੜ ਦਿੱਤਾ ਗਿਆ ਸੀ।
ਅਮਰੀਕੀ ਫ਼ੌਜੀ ਜਹਾਜ਼ ’ਚ ਅਪਰਾਧੀਆਂ ਵਾਂਗ ਭਾਰਤ ਭੇਜੇ ਗਏ ਸਾਰੇ ਪੰਜਾਬੀਆਂ ਦੀ ਕਹਾਣੀ ਇੱਕੋ ਹੀ ਹੈ। ਇਹ ਸਾਰੇ ਤੰਗੀਆਂ ਤੁਰਸ਼ੀਆਂ ਨਾਲ ਜੂਝ ਰਹੇ ਸਨ। ਕਰਜ਼ੇ ਚੁੱਕ ਕੇ ਖੁਸ਼ਹਾਲ ਜ਼ਿੰਦਗੀ ਨਾਲ ਝੋਲੀ ਭਰਨਾ ਚਾਹੁੰਦੇ ਸਨ ਪਰ ਖੁਸ਼ੀਆਂ ਖੇੜਿਆਂ ਦੀ ਥਾਂ ਪ੍ਰਦੇਸ ਤੋਂ ਦੁੱਖਾਂ ਦੀ ਪੰਡ ਬੰਨ੍ਹ ਲਿਆਏ ਹਨ। ਇਸ ਪੰਡ ’ਚ ਕਰਜ਼ੇ ਦਾ ਬੋਝ ਵੀ ਹੈ। ਕਹਿੰਦੇ ਨੇ ਵੰਡਣ ਨਾਲ ਦੁੱਖ ਘਟ ਜਾਂਦਾ ਹੈ। ਸ਼ਾਇਦ ਘਟ ਵੀ ਜਾਵੇ ਪਰ ਕਰਜ਼ੇ ਦਾ ਬੋਝ ਕੌਣ ਵੰਡਾਏਗਾ। ਇਨ੍ਹਾਂ ਨੂੰ ਇਹ ਝੋਰਾ ਵੱਢ ਵੱਢ ਖਾ ਰਿਹਾ ਹੈ ਕਿ ਹਾਲਾਤ ਸ਼ਾਇਦ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਖਰਾਬ ਹੋ ਜਾਣ। ਸ਼ਾਇਦ ਕੋਈ ਗਹਿਣੇ ਰੱਖੀ ਜ਼ਮੀਨ ਨਾ ਛੁਡਵਾ ਸਕੇ ਤੇ ਕਿਸੇ ਦੀਆਂ ਬਰੂਹਾਂ ਕਰਜ਼ ਦੇਣ ਵਾਲਿਆਂ ਦੀ ‘ਤਾਬ’ ਨਾ ਝੱਲ ਸਕਣ। ਗੱਲ ਸਿਰਫ਼ ਇਨ੍ਹਾਂ 30 ਪੰਜਾਬੀਆਂ ਦੀ ਹੀ ਨਹੀਂ ਜੋ ਅਮਰੀਕਾ ਤੋਂ ਆਏ ਹਨ ਮਸਲਾ ਤਾਂ ਲੋੜਾਂ ਪੂਰੀਆਂ ਕਰਨ ਲਈ ਪਰਵਾਸ ਵੱਲ ਰੁਖ਼ ਕਰਨ ਦਾ ਹੈ। ਵੱਡੀ ਗਿਣਤੀ ਪੰਜਾਬੀ ਵਿਦਿਆਰਥੀ ਲੱਖਾਂ ਰੁਪਏ ਖ਼ਰਚ ਕੇ ਕੈਨੇਡਾ, ਆਸਟਰੇਲੀਆ, ਜਰਮਨੀ ਤੇ ਹੋਰ ਮੁਲਕਾਂ ’ਚ ਵਿਦਿਆ ਪ੍ਰਾਪਤੀ ਦੇ ਨਾਂ ’ਤੇ ਜਾ ਰਹੇ ਹਨ। ਕੈਨੇਡਾ ਨੇ ਵੀ ਪਿਛਲੇ ਸਮੇਂ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕੇ ਹਨ। ਪਰਵਾਸ ਸਬੰਧੀ ਕਾਨੂੰਨ ਬਦਲੇ ਜਾ ਰਹੇ ਹਨ ਅਤੇ ਹੁਣ ਕੈਨੇਡਾ ’ਚ ਵੀ ਸਥਾਈ ਨਾਗਰਿਕਤਾ ਲੈਣਾ ਪਹਿਲਾਂ ਵਾਂਗ ਸੌਖਾ ਨਹੀਂ ਰਿਹਾ। ਜੇ ਕਾਨੂੰਨ ਹੋਰ ਸਖ਼ਤ ਹੁੰਦੇ ਹਨ ਤੇ ਕੋਈ ਰਿਆਇਤ ਨਹੀਂ ਦਿੱਤੀ ਜਾਂਦੀ ਤਾਂ ਆਉਣ ਵਾਲੇ ਸਮੇਂ ’ਚ ਕੈਨੇਡਾ ਤੋਂ ਵੀ ਸਾਡੇ ਵਿਦਿਆਰਥੀ ਪੰਜਾਬ ਵਾਪਸ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਦੇਸ਼ੀ ਵਿਦਿਅਕ ਸੰਸਥਾਵਾਂ ਦੀਆਂ ਵੱਡੀਆਂ ਫੀਸਾਂ ਤਾਰੀਆਂ ਹਨ ਤੇ ਏਜੰਟਾਂ ਦੇ ਘਰ ਵੀ ਭਰੇ ਹਨ। ਕੈਨੇਡਿਆਈ ਕਾਨੂੰਨ ਵੀ ਇਹ ਵਾਅਦਾ ਨਹੀਂ ਕਰਦਾ ਕਿ ਉੱਥੇ ਵਿੱਦਿਆ ਹਾਸਿਲ ਕਰਨ ਵਾਲਿਆਂ ਨੂੰ ਉੱਥੇ ਵੱਸਣ ਦਾ ਅਧਿਕਾਰ ਵੀ ਮਿਲੇਗਾ। ਸਥਿਤੀ ਬੜੀ ਚਿੰਤਾਜਨਕ ਹੈ। ਸਾਡੀਆਂ ਸਰਕਾਰਾਂ ਕਈ ਦਹਾਕਿਆਂ ’ਚ ਵੀ ਸਾਡੀ ਨਵੀਂ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਸਕੀਆਂ। ਜੇ ਇਹੋ ਹਾਲਾਤ ਰਹਿੰਦੇ ਹਨ ਤਾਂ ਇੱਕ ਤੋਂ ਦੂਜੇ ਤਰੀਕੇ ਅਤੇ ਇੱਕ ਤੋਂ ਦੂਜੇ ਦੇਸ਼ ਭਟਕਣਾ ਤੇ ਜੱਦੋਜਹਿਦ ਕਰਨਾ ਹੀ ਨਵੀਂ ਪੀੜ੍ਹੀ ਦਾ ਨਸੀਬ ਬਣਿਆ ਰਹੇਗਾ।