ਜਤਿੰਦਰ ਸਿੰਘਆਓ ਆਪਾਂ ਸੁਫਨਿਆਂ ਭਰੇ ਸੰਸਾਰ ’ਚ ਚੱਲੀਏ। ਸੰਸਾਰ ਨੂੰ ਖ਼ੂਬਸੂਰਤ ਬਣਾਉਣ ਵਾਲੇ ਸਾਰੇ ਜੀਆਂ ਨੇ ਸੁਫਨਿਆਂ ਦਾ ਕਮਾਲ ਦਾ ਸੰਸਾਰ ਸਿਰਜਿਆ ਹੈ। ਗੁਰੂ ਰਵਿਦਾਸ ਦੇ 'ਬੇਗਮਪੁਰੇ' ਦੇ ਸੁਫਨੇ ਦੇ ਬੜੇ ਡੂੰਘੇ ਅਰਥ ਹਨ; ਉਸ ਸਥਾਨ ਦੀ ਕਲਪਨਾ ਜਿਥੇ ਦੁੱਖ ਤੇ ਬੇਚੈਨੀ ਲਈ ਕੋਈ ਥਾਂ ਨਹੀਂ, ਨਾ ਵਸਤਾਂ ’ਤੇ ਟੈਕਸ, ਨਾ ਚਿੰਤਾ, ਨਾ ਡਰ, ਨਾ ਅਫਸੋਸ, ਨਾ ਬਰਬਾਦੀ; ਜਿਥੇ ਸਭ ਬਰਾਬਰ ਤੇ ਕੋਈ ਊਚ-ਨੀਚ ਨਹੀਂ; ਜਿਥੇ ਚਾਹੁਣ, ਬੇਰੋਕ ਜਾ ਸਕਣ, ਹਰ ਹਮ-ਸ਼ਹਿਰੀ ਮੀਤ ਹੋਵੇਗਾ। ਸੰਤ ਤੁਕਾਰਾਮ 'ਪੰਧਰਪੁਰ' ਦੀ ਕਲਪਨਾ ਕਰਦੇ ਨੇ, ਜੋ ਸਮੇਂ ਅਤੇ ਮੌਤ ਦੀਆਂ ਵਲਗਣਾਂ ਤੋਂ ਪਾਰ ਹੈ; ਜਿਥੇ ਕੋਈ ਊਚ-ਨੀਚ ਨਹੀਂ, ਸਭ (ਛੋਟਾ ਵੱਡਾ) ਹੱਥੀਂ ਕਿਰਤ ਕਰਦੇ ਨੇ ਤੇ ਸਰੀਰਕ ਦੁੱਖਾਂ ਤੋਂ ਮੁਕਤ ਹੁੰਦੇ ਨੇ; ਜਿਥੇ ਸੰਤ ਬਿਰਤੀ ਵਾਲੇ ਵਪਾਰ ਕਰਦੇ ਨੇ, ਦੁਕਾਨਾਂ ਚਲਾਉਂਦੇ ਨੇ, ਕੋਈ ਕਿਸੇ ਦੇ ਰਾਹ ’ਚ ਰੋੜਾ ਨਹੀਂ ਬਣਦਾ; ਜੋ ਚਾਹੋ - ਅੰਨ ਤੇ ਆਜ਼ਾਦੀ - ਸਭ ਨੂੰ ਬਿਨਾਂ ਪੈਸੇ ਅਦਾ ਕੀਤਿਆਂ ਮਿਲਦਾ ਹੈ। ਸੰਤ ਫਰਮਾਉਂਦੇ ਨੇ ਕਿ ਜਿਸ ਨੇ ਪੰਧਰਪੁਰ ਦੇਖ ਲਿਆ, ਉਹ ਬੈਕੁੰਠ ਨਹੀਂ ਜਾਂਦਾ। ਸੰਤ ਇਸ ਸ਼ਹਿਰ ’ਚ ਨੱਚਣ ਦਾ ਸੱਦਾ ਦਿੰਦੇ ਹਨ। ਸੰਤ ਕਬੀਰ ਪ੍ਰੇਮਨਗਰ ਦਾ ਹੋਕਾ ਦਿੰਦੇ ਹਨ। ਉਨ੍ਹਾਂ ਲਈ ਪ੍ਰੇਮ ਦੇ ਢਾਈ ਅੱਖਰ ਸਾਰੀ ਜ਼ਿੰਦਗੀ ਦਾ ਸਾਰ ਹਨ। ਮਹਾਤਮਾ ਫੂਲੇ ਬਾਲੀ ਰਾਜ ਦੀ ਬਾਤ ਪਾਉਂਦੇ ਹਨ। ਰਾਜ ਜੋ ਸਮਾਨਤਾ ਤੇ ਖ਼ੁਸ਼ਹਾਲੀ ਦਾ ਚਿੰਨ੍ਹ ਹੈ। ਪੇਰੀਆਰ ਦ੍ਰਵਿੜਸਤਾਨ ਬਣਾਉਣ ਦੀ ਖ਼ਵਾਹਿਸ਼ ਰੱਖਦੇ ਹਨ।ਡਾ. ਬੀਆਰ ਅੰਬੇਡਕਰ ਨੇ 1956 ਜੋ ਅਖ਼ਬਾਰ ਸ਼ੁਰੂ ਕੀਤਾ, ਉਸ ਦਾ ਨਾਂ ‘ਪ੍ਰਬੁੱਧ ਭਾਰਤ’ ਰੱਖਿਆ; ਮਤਲਬ, ਚੇਤਨ ਤੇ ਰੌਸ਼ਨ-ਖ਼ਿਆਲ ਭਾਰਤ। ਅਖ਼ਬਾਰ ਦਾ ਨਾਂ ਉਨ੍ਹਾਂ ਦੇ ਸੁਫਨਿਆਂ ਦੀ ਗਵਾਹੀ ਭਰਦਾ ਹੈ। ਇਨ੍ਹਾਂ ਪਿਆਰਿਆਂ ਬਾਰੇ ਕਿਤਾਬ ਲਿਖਦਿਆਂ, ਸਮਾਜ ਵਿਗਿਆਨੀ ਗੇਲ ਓਮਵੈਟ ਇਸ ਸਵਾਲ ਨਾਲ ਸ਼ੁਰੂਆਤ ਕਰਦੇ ਹਨ ਕਿ ਦਲਿਤ ਬਹੁਜਨ ਪਰਿਵਾਰਾਂ ’ਚੋਂ ਆਈਆਂ ਇਨ੍ਹਾਂ ਹਸਤੀਆਂ ਨੇ ਇਸ ਕਿਸਮ ਦੇ ਸੁੁਫਨੇ ਕਿਉਂ ਸੰਜੋਏ? ਅਜਿਹੇ ਸੁਫਨੇ ਨਾਲ ਸੱਤ ਸਮੁੰਦਰ ਪਾਰ ਬੈਠੇ ਮਾਰਕਸ, ਲੈਨਿਨ, ਅੰਤੋਨੀਓ ਗ੍ਰਾਮਸ਼ੀ, ਚੀ ਗਵੇਰਾ ਵਰਗੇ ਜੁਝਾਰੂ ਲੋਕਾਈ ਦੇ ਸਨਮੁਖ ਹੋਏ। ਸ਼ੋਸ਼ਣ ਦੀਆਂ ਗੁੰਝਲਾਂ ਨੂੰ ਪਰਤ-ਦਰ-ਪਰਤ ਖੋਲ੍ਹਦਿਆਂ, ਦੁਸ਼ਮਣਾਂ ਤੇ ਦੋਸਤਾਂ ਦੀ ਪਛਾਣ ਕਰਦਿਆਂ, ਅਵਾਮ ਨੂੰ ਸਾਮਵਾਦ ਦਾ ਸੁਫਨਾ ਦਿਖਾਇਆ।ਸੁਫਨਿਆਂ ਬਿਨਾਂ ਮਨੁੱਖੀ ਸਮਾਜ ਦਾ ਤਸੱਵੁਰ ਨਹੀਂ ਕੀਤਾ ਜਾ ਸਕਦਾ। ਸੁਫਨੇ ਆਪ-ਮੁਹਾਰੇ ਆਉਂਦੇ ਹਨ। ਸੁਫਨੇ ਵੱਡੀਆਂ ਤਰਥੱਲੀਆਂ ਲਿਆਉਣ ਦਾ ਸਬੱਬ ਬਣਦੇ ਹਨ। ਜਿੱਥੇ ਸਮਾਜ ਦੇ ਵੱਡੇ ਹਿੱਸੇ ਨੂੰ ਮਨੁੱਖ ਹੀ ਨਾ ਸਮਝਿਆ ਜਾਂਦਾ ਹੋਵੇ, ਜਿਨ੍ਹਾਂ ਦੀ ਛੋਹ ਤੱਕ ਅਖੌਤੀ ਉੱਚ ਜਾਤੀਆਂ ਨੂੰ ‘ਪਲੀਤ’ ਕਰਦੀ ਹੋਵੇ, ਆਮ ਵਰਤੇ ਜਾਂਦੇ ਰਾਹਾਂ ’ਤੇ ਤੁਰਨ ਦੀ ਪਾਬੰਦੀ ਹੋਵੇ, ਸਾਂਝੇ ਖੂਹਾਂ ਤੇ ਟੈਂਕਾਂ ਤੋਂ ਪਾਣੀ ਭਰਨ ਦੀ ਮਨਾਹੀ ਹੋਵੇ, ਉਨ੍ਹਾਂ ਦੀ ਹੱਥੀਂ ਕਿਰਤ ਨੂੰ ਨੀਵਾਂ ਸਮਝਿਆ ਜਾਂਦਾ ਹੋਵੇ, ਕਿਰਤ ਦਾ ਨਿਗੁਣਾ ਮੁੱਲ ਵੀ ਨਾ ਪੈਂਦਾ ਹੋਵੇ, ਜਿਨ੍ਹਾਂ ਲਈ ਪੈਦਾ ਹੋਣਾ ਮਾਰੂ ਹਾਦਸੇ ਤੁੱਲ ਹੋਵੇ, ਉਨ੍ਹਾਂ ਲਈ ਖ਼ੂਬਸੂਰਤ ਜ਼ਿੰਦਗੀ ਦੇ ਸੁਫਨੇ ਲੈਣਾ ਆਕਸੀਜਨ ਸਮਾਨ ਹੈ। ਇਹ ਸੁਫਨਮਈ ਸੰਸਾਰ ਨਿਰਾ ਖ਼ਿਆਲੀ ਪੁਲਾਓ ਨਹੀਂ, ਹਰ ਹਕੀਕਤ ਸਾਕਾਰ ਹੋਣ ਤੋਂ ਪਹਿਲਾਂ ਸੁਫਨਾ ਹੀ ਹੁੰਦੀ ਹੈ।ਸੁਫਨਿਆਂ ਦੀਆਂ ਕਈ ਕਿਸਮਾਂ ਹਨ। ਕੁਝ ਨਿੱਜ ਦੀ ਪੂਰਤੀ ਲਈ ਦੇਖੇ ਜਾਂਦੇ ਹਨ। ਕੁਝ ਕਮਾਈ ਦੇ ਸਾਧਨਾਂ ਤੇ ਧਨ-ਦੌਲਤ ਹਥਿਆਉਣ ਅਤੇ ਸਮਾਜਿਕ ਤੇ ਸਿਆਸੀ ਚੌਧਰ ਕਾਇਮ ਰੱਖਣ ਨਾਲ ਸਬੱਬ ਬਣਦੇ ਹਨ। ਇਨ੍ਹਾਂ ਸੁਫਨਿਆਂ ਦੀ ਬਣਤਰ ’ਚ ਕੁੱਲ ਆਲਮ ਦੀ ਤਬਾਹੀ ਦਿਸਦੀ ਹੈ। ਧਰਤੀ ਦੇ ਹਰ ਕੋਨੇ, ਸਣੇ ਭਾਰਤ, ’ਚ ਵਸਿਆ ਮਨੁੱਖੀ ਸਮਾਜ ਇਸ ਲੋਭ ਤੇ ਹੰਕਾਰ ਦੀ ਭੇਂਟ ਚੜ੍ਹਿਆ ਹੈ। ਇਨ੍ਹਾਂ ਮਨੁੱਖੀ ਕੁਰੀਤੀਆਂ ਨੇ ਨਾ-ਬਰਾਬਰੀ, ਗਰੀਬੀ, ਹਿੰਸਾ, ਕਤਲੋਗਾਰਤ, ਸ਼ੋਸ਼ਣ, ਜ਼ਲਾਲਤ ਨੂੰ ਜਨਮ ਦਿੱਤਾ ਹੈ। ਭਾਰਤੀ ਸਮਾਜ ’ਚ ਇਹ ਲਾਹਨਤਾਂ ਸਦੀਆਂ ਪਹਿਲਾਂ ਜਾਤੀ ਪ੍ਰਥਾ ਦੇ ਰੂਪ ’ਚ ਗਹਿਰਾ ਘਰ ਕਰ ਗਈਆਂ। ਮਰਦ ਪ੍ਰਧਾਨ ਤੇ ਬ੍ਰਾਹਮਣਵਾਦੀ ਸੋਚ ’ਚ ਗ੍ਰਸੇ ਸਮਾਜ ਦੀ ਔਰਤਾਂ ਤੇ ਦਲਿਤ ਬਹੁਜਨ ਤਬਕਿਆਂ ’ਤੇ ਕਰੂੁਰ ਹਿੰਸਾ ਦਾ ਲੰਮਾ ਇਤਿਹਾਸ ਹੈ। ਇਸ ਮੁਲਕ ਦੀਆਂ ਅਖੌਤੀ ਉੱਚ ਜਾਤੀਆਂ ਨੇ ਜਾਤੀ ਪ੍ਰਥਾ ਕਾਇਮ ਕਰ ਕੇ ਮੁਲਕ ਨਾਲ ਧ੍ਰੋਹ ਕਮਾਇਆ ਹੈ; ਇਸ ਦੀਆਂ ਜੜ੍ਹਾਂ ਨੂੰ ਅੰਦਰੋਂ ਖੋਖਲਾ ਤੇ ਕਮਜ਼ੋਰ ਕੀਤਾ ਹੈ; ਮਨੁੱਖ ਨੂੰ ਪੈਦਾਇਸ਼ ਦੇ ਆਧਾਰ ’ਤੇ ਚੰਗੇ ਮਾੜੇ ਤੇ ਉੱਚੇ ਨੀਵੇਂ ’ਚ ਵੰਡਿਆ ਹੈ। ਸਮਾਜ ਨੂੰ ਜਾਤੀ ਨਾਮਕ ਅਣਗਿਣਤ ਟੁਕੜਿਆਂ ’ਚ ਵੰਡਿਆ ਹੈ। ਇਹ ਸਭ ਪੈਦਾਵਾਰ ਦੇ ਸਾਧਨਾਂ ’ਤੇ ਕਬਜ਼ਾ ਕਰਨ ਅਤੇ ਸਮਾਜਿਕ ਤੇ ਸਿਆਸੀ ਚੌਧਰ ਲਈ ਕੀਤਾ ਗਿਆ। ਜੋ ਸਮੂਹ ਕਾਬਜ਼ ਹੁੰਦੇ ਗਏ, ‘ਉੱਚ’ ਜਾਤਾਂ ਅਖਵਾਉਂਦੇ ਗਏ। ਦੁਖਾਂਤ ਇਹ ਕਿ ਇਸ ਗ਼ੈਰ-ਕੁਦਰਤੀ ਤੇ ਗ਼ੈਰ-ਸਮਾਜਿਕ ਵਰਤਾਰੇ ਨੂੰ ਰੱਬੀ ਹੁਕਮ ਐਲਾਨਿਆ; ਉਸ ਤੋਂ ਵੱਡਾ ਦੁਖਾਂਤ, ਇਹ ਪਿਛਾਂਹਖਿੱਚੂ ਸਮਝ ਦਲਿਤ ਬਹੁਜਨ ਸਮਾਜ ਦੇ ਵੱਡੇ ਹਿੱਸੇ ਨੇ ਆਤਮਸਾਤ ਕਰ ਲਈ।ਭਾਰਤ ਦੇ 75 ਸਾਲ ਪਹਿਲਾਂ ਗਣਤੰਤਰ ਬਣਨ ਅਤੇ ਸੰਵਿਧਾਨਿਕ ਤੇ ਕਾਨੂੰਨੀ ਬਰਾਬਰੀ ਦੇ ਬਾਵਜੂਦ ਮਨੂ ਸਿਮ੍ਰਤੀ ਦੀਆਂ ਜੜ੍ਹਾਂ ਅੱਜ ਵੀ ਡੂੰਘੀਆਂ ਹਨ। ਆਜ਼ਾਦ ਭਾਰਤ ’ਚ ਇਸ ਅ-ਮਨੁੱਖੀ ਵੰਡ ਦੇ ਲਾਭ ਨੂੰ ਮੈਰਿਟ ਦਾ ਜਾਮਾ ਪਹਿਨਾ ਦਿੱਤਾ ਗਿਆ। ਮੈਰਿਟ ਨੂੰ ਵਿਅਕਤੀਗਤ ਮਿਹਨਤ ਤੇ ਅਕਲਮੰਦੀ ਨਾਲ ਜੋੜ ਦਿੱਤਾ ਗਿਆ। ‘ਸਫਲਤਾ’ ਦੀ ਨੀਂਹ ’ਚ ਚਿਣੀ ਪੁਸ਼ਤੈਨੀ ਧਨ-ਦੌਲਤ, ਖੁੱਲ੍ਹਾਂ ਤੇ ਅਸਰ-ਰਸੂਖ਼ ਨੂੰ ਲੁਕੋ ਲਿਆ ਗਿਆ। ਤਰਕ ਘੜਿਆ ਕਿ ‘ਉੱਚ’ ਜਾਤੀਆਂ ਕੋਲ ਪੈਸਾ ਤੇ ਉੱਚੇ ਅਹੁਦੇ ਉਨ੍ਹਾਂ ਦੀ ਨਿੱਜੀ ਕਾਬਲੀਅਤ ਦਾ ਸਿੱਟਾ ਹਨ। ਇਸ ਦੇ ਉਲਟ ਜੋ ਰਾਖਵੇਂਕਰਨ ਤਹਿਤ ਆਇਆ, ਉਹ ਸਰਕਾਰ ਦੀ ਮਿਹਰਬਾਨੀ ਕਰ ਕੇ ਆਇਆ, ਨਾ ਕਿ ਆਪਣੀ ਮਿਹਨਤ ਜ਼ਰੀਏ। ਭਾਸ਼ਾ ਦੇ ਇਨ੍ਹਾਂ ਆਧੁਨਿਕ ਸ਼ਬਦਾਂ ਰਾਹੀਂ ਇਨ੍ਹਾਂ ਜਾਤਾਂ ਨੇ ਸਦੀਆਂ ਦੀ ਕਰੂਰ ਵੰਡ ਨੂੰ ਬੌਧਿਕ ਪੱਧਰ ’ਤੇ ਆਪਣੇ ਹੱਕ ’ਚ ਭੁਗਤਾ ਲਿਆ। ਪੈਦਾਵਾਰ ਦੇ ਸਾਧਨਾਂ ਅਤੇ ਸਿੱਖਿਆ ’ਤੇ ਕਬਜ਼ਾ ਜਾਰੀ ਰਿਹਾ। ਇਨ੍ਹਾਂ ਕੁਤਰਕਾਂ ਨੇ ਉੱਚ ਜਾਤੀ ਤਬਕਿਆਂ ਨੂੰ ਸਮੂਹਿਕ ਤੌਰ ’ਤੇ ਸ਼ਰਮਿੰਦਾ ਹੋਣ ਦੇ ਅਹਿਸਾਸ ਤੋਂ ਬਚਾਅ ਲਿਆ। ਜਾਤੀ ਹੰਕਾਰ ਬਰਕਰਾਰ ਰਿਹਾ। ਕੁਝ ਭੈੜਾ ਕੀਤੇ ਜਾਣ ਦਾ ਅਹਿਸਾਸ ਮਨੁੱਖ ਨੂੰ ਸਵੈ-ਚਿੰਤਨ ਵੱਲ ਮੋੜਦਾ ਹੈ। ਜਦੋਂ ਸਾਡੇ ਕੀਤੇ ਜ਼ੁਲਮ ਦੂਜੇ ਦੇ ਕਰਮ ਹੋਣ ਤਾਂ ਅਫਸੋਸ ਕਿਸ ਗੱਲ ਦਾ? ਉਨ੍ਹਾਂ ਦੇ ਹੱਕ ’ਚ ਭੁਗਤੇ ਸਿਆਸੀ ਫੈਸਲਿਆਂ ’ਤੇ ਵੀ ਨਿਗੂਣੀ ਚਰਚਾ ਹੋਈ।ਮਸਲਨ, ਬਸਤਾਨਾਂ ਨੇ 1900 ਵਿੱਚ ਪੰਜਾਬ ਲੈਂਡ ਐਲੀਏਨੇਸ਼ਨ ਐਕਟ ਬਣਾਇਆ ਜਿਸ ਤਹਿਤ ਕਾਸ਼ਤਕਾਰ ਜਾਤਾਂ ਦੀ ਸੂਚੀ ਤਿਆਰ ਕੀਤੀ ਤੇ ਖੇਤੀਯੋਗ ਜ਼ਮੀਨਾਂ ਖਰੀਦਣ ਦਾ ਕਾਨੂੰਨੀ ਹੱਕ ਸਿਰਫ ਉਨ੍ਹਾਂ ਜਾਤਾਂ ਤੱਕ ਸੀਮਤ ਕਰ ਦਿੱਤਾ ਜੋ ਇਸ ਸੂਚੀ ਵਿੱਚ ਸ਼ਾਮਿਲ ਸਨ। ਇਸ ਕਾਨੂੰਨ ਨੇ ਖੇਤੀਯੋਗ ਜ਼ਮੀਨਾਂ ਦੀ ਮਾਲਕੀ ਦੇ ਹਕੂਕ ਦਾ ਰਾਖਵਾਂਕਰਨ ਕਰ ਦਿੱਤਾ: ਭਾਵ, ਇਸ ਸੂਚੀ ’ਚੋਂ ਬਾਹਰ ਧੱਕੀਆਂ ਜਾਤਾਂ ਖੇਤੀਯੋਗ ਜ਼ਮੀਨ ਖਰੀਦਣ ਦੇ ਅਯੋਗ ਕਰਾਰ ਦਿੱਤੀਆਂ ਗਈਆਂ। ਦਲਿਤ ਵਰਗ ਨਾਲ ਸਬੰਧਿਤ ਸਾਰੀਆਂ ਜਾਤਾਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ। ਇਸ ਕਾਨੂੰਨ ਰਾਹੀਂ ਉਨ੍ਹਾਂ ਤੋਂ ਖੇਤੀਯੋਗ ਜ਼ਮੀਨ ਖਰੀਦਣ ਦਾ ਹੱਕ ਖੋਹ ਲਿਆ। ਸ਼ਾਮਲਾਤ ਜ਼ਮੀਨਾਂ ਤੋਂ ਵੀ ਵਿਰਵੇ ਰੱਖਿਆ। ਘੁਮਾਂਤਰੂ ਕਬੀਲਿਆਂ ਨੂੰ ਜਰਾਇਮ ਪੇਸ਼ਾ ਐਲਾਨਿਆ ਜੋ ਉਨ੍ਹਾਂ ਨੂੰ ਸਾਧਨਹੀਣ ਬਣਾਉਣ ਤੇ ਅਤਿ ਗਰੀਬੀ ਵੱਲ ਧੱਕਣ ਦਾ ਜ਼ਰੀਆ ਬਣਿਆ। ਬਸਤਾਨਾਂ ਦੁਆਰਾ ਹਿੰਦੋਸਤਾਨ ’ਤੇ ਕਬਜ਼ਾ ਕਰਨ ਤੋਂ ਪਹਿਲਾਂ ਵੀ ਭਾਵੇਂ ਜਾਤਾਂ ਅਤੇ ਕਿੱਤਿਆਂ ਦੀ ਵੰਡ ਦਾ ਗੂੜ੍ਹਾ ਸਬੰਧ ਰਿਹਾ ਪਰ ਇਸ ਕਨੂੰਨ ਨੇ ਇਸ ਵੰਡ ’ਤੇ ਸਰਕਾਰੀ ਮੋਹਰ ਲਗਾ ਦਿੱਤੀ।ਇਸ ਕਾਨੂੰਨ ਨੇ ਉਨ੍ਹਾਂ ਦਲਿਤਾਂ ਨੂੰ ਵੀ ਜ਼ਮੀਨ ਦੀ ਮਾਲਕੀ ਤੋਂ ਵਾਂਝੇ ਕਰ ਦਿੱਤਾ ਜੋ ਖਰੀਦਣ ਦੇ ਸਮਰੱਥ ਸਨ। ਅੱਧੀ ਸਦੀ ਤੱਕ ਲਾਗੂ ਰਹੇ ਇਸ ਕਾਨੂੰਨ ਨੇ ਜ਼ਮੀਨ ਦੀ ਮਾਲਕੀ ਨੂੰ ਕੁਝ ਜਾਤਾਂ ਤੱਕ ਸੀਮਤ ਕਰ ਦਿੱਤਾ। ਆਜ਼ਾਦੀ ਤੋਂ ਬਾਅਦ ਚੁਣੀਆਂ ਪੰਜਾਬ ਵਿਧਾਨ ਸਭਾਵਾਂ ਨੇ ਵੀ ਬੇਜ਼ਮੀਨੇ ਦਲਿਤਾਂ ਨੂੰ ਜ਼ਮੀਨ ਦੀ ਮਾਲਕੀ ਦੇ ਸਵਾਲ ’ਤੇ ਚੁੱਪ ਵੱਟ ਰੱਖੀ ਹੈ। ਪਹਿਲੇ ਸੱਤ ਸਾਲਾਂ (1948-56) ਦੌਰਾਨ ਬਣਾਏ 13 ਭੂਮੀ ਸੁਧਾਰਾਂ ਕਾਨੂੰਨਾਂ ਨੇ ਇਸ ਮਸਲੇ ਨੂੰ ਅਣਗੌਲਿਆਂ ਹੀ ਕੀਤਾ। ਪੰਚਾਇਤੀ ਜ਼ਮੀਨ ਦੀ ਸਾਂਭ-ਸੰਭਾਲ ਲਈ ਬਣਾਇਆ ਕਾਨੂੰਨ ਦਲਿਤਾਂ ਲਈ ਇੱਕ-ਤਿਹਾਈ ਹਿੱਸੇ ਨੂੰ ਰਾਖਵਾਂ ਰੱਖ ਕੇ ਸਿਰਫ ਠੇਕੇ ’ਤੇ ਦੇਣ ਦੀ ਵਕਾਲਤ ਕਰਦਾ ਹੈ। ਸਾਢੇ ਸਤਾਰਾਂ ਏਕੜ ਤੱਕ ਖੇਤੀਯੋਗ ਜ਼ਮੀਨ ਦੀ ਮਾਲਕੀ ਦੀ ਹੱਦ ਤੈਅ ਕਰਨ ਵਾਲੇ ਪੰਜਾਬ ਭੂਮੀ ਸੁਧਾਰ ਕਾਨੂੰਨ-1972 ਨੂੰ ਸਿਆਸੀ ਧਿਰਾਂ ਅਤੇ ਨੌਕਰਸ਼ਾਹੀ ਲਾਗੂ ਕਰਨ ਤੋਂ ਮੁਨਕਰ ਹਨ। ਸੋ, ਅੱਜ ਦੇ ਕਿਹੜੇ ‘ਉੱਚ’ ਜਾਤੀ ਜ਼ਮੀਨ ਮਾਲਕ ਨੇ ਜ਼ਮੀਨ ਆਪਣੀ ਮਿਹਨਤ ਨਾਲ ਕਮਾਈ ਜਾਂ ਸੱਤਾ ਦੀ ਮਿਹਰਬਾਨੀ ਨਾਲ, ਕੌਣ ਜਾਣਦਾ ਹੈ? ਇਹ ਸੌਖਿਆਂ ਕਿਹਾ ਜਾ ਸਕਦਾ ਹੈ ਕਿ ਰਜਵਾੜਿਆਂ ਤੇ ਰਾਜੇ ਮਹਾਰਾਜਿਆਂ ਦੀ ਜ਼ਮੀਨ ਦੀ ਮਲਕੀਅਤ ਦਾ ਬਸਤਾਨਾਂ ਦੀ ਮਿਹਰਬਾਨੀ ਨਾਲ ਸਿੱਧਾ ਸਬੰਧ ਹੈ। ਦਰਅਸਲ ਬੇਗਮਪੁਰਾ ਦਾ ਸੁਫਨਾ ਭੈਅ ਮੁਕਤ, ਬਰਾਬਰੀ, ਆਜ਼ਾਦੀ ਤੇ ਅਪਣੱਤ ਵਾਲੀ ਦੁਨੀਆ ਬਣਾਉਣ ਦਾ ਹੈ। ਸਾਧਨਾਂ ਦੀ ਦਰੁਸਤ ਵੰਡ ਸਿਰਫ ਸ਼ੁਰੂਆਤ ਮਾਤਰ ਹੈ।ਸੰਪਰਕ: 97795-30032