ਬੇਅਦਬੀ ਲਈ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਕਰੀਮਪੁਰੀ
ਸਰਬਜੀਤ ਗਿੱਲ
ਫਿਲੌਰ, 10 ਜੂਨ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਐਲਾਨ ਕੀਤਾ ਕਿ ਪਿੰਡ ਨੰਗਲ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਦੂਜੀ ਵਾਰ ਬੇਅਦਬੀ ਦੇ ਰੋਸ ਵਜੋਂ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਪਾਰਟੀ ਵੱਲੋਂ ਲਾਇਆ ਦਿਨ ਰਾਤ ਦਾ ਪੱਕਾ ਧਰਨਾ ਜਾਰੀ ਰਹੇਗਾ। ਪਿੰਡ ਨੰਗਲ ਵਿੱਚ ਧਰਨੇ ਨੂੰ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਕਾਇਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀਆਂ ਹੈ। ਪੰਜਾਬ ਸਮੇਤ ਦੇਸ਼ ਭਰ ’ਚ ਸੋਚੀ ਸਮਝੀ ਸਾਜ਼ਿਸ਼ ਤਹਿਤ ਡਾ. ਅੰਬੇਡਕਰ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਡਾ. ਅੰਬੇਡਕਰ ਬਾਰੇ ਸੰਸਦ ’ਚ ਦਿੱਤੇ ਬਿਆਨ ਤੋਂ ਬਾਅਦ ਹੀ ਦੇਸ਼ ’ਚ ਅੰਬੇਡਕਰ ਦੇ ਬੁੱਤਾਂ ਦੀਆਂ ਬੇਅਦਬੀਆਂ ਸ਼ੁਰੂ ਹੋਈਆਂ ਹਨ। ਇਸ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਬਰਾਬਰ ਦੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਅੰਬੇਡਕਰ ਦੇ ਅਪਮਾਨ ਬਾਰੇ ਧਾਰੀ ਚੁੱਪੀ ਵੀ ਅੰਬੇਡਕਰ ਵਿਰੋਧੀ ਚਿਹਰੇ ਨੂੰ ਨੰਗਾ ਕਰਦੀ ਹੈ। ਇਸ ਮੌਕੇ ਤੀਰਥ ਰਾਜਪੁਰਾ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਖੁਸ਼ੀ ਰਾਮ ਨੰਗਲ, ਪ੍ਰਵੀਨ ਬੰਗਾ, ਜਗਦੀਸ਼ ਸ਼ੇਰਪੁਰੀ, ਹਰਮੇਸ਼ ਭਾਰਸਿੰਘਪੁਰੀ, ਖੁਸ਼ੀ ਰਾਮ, ਹਰਭਜਨ ਬਲਾਲੋ, ਸੁਸ਼ੀਲ ਬਿਰਦੀ, ਰਾਮ ਸਰੂਪ ਚੰਬਾ, ਸੁਖਵਿੰਦਰ ਬਿੱਟੂ ਤੇ ਮਹਿੰਦਰਪਾਲ ਤੇਹਿੰਗ ਆਦਿ ਹਾਜ਼ਰ ਸਨ।