ਬੇਅਦਬੀ ਮਾਮਲਿਆਂ ’ਚ ਸਜ਼ਾਵਾਂ ਦਿਵਾਉਣ ਲਈ ਸਰਕਾਰ ਨੇ ਕੁਝ ਨਹੀਂ ਕੀਤਾ: ਤਰਸੇਮ ਸਿੰਘ
ਸੁਭਾਸ਼ ਚੰਦਰ
ਸਮਾਣਾ, 1 ਜੂਨ
ਇੱਥੇ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਲਈ ਲੱਗੇ ਟਾਵਰ ਮੋਰਚੇ ਦੇ 231ਵੇਂ ਦਿਨ ਮੋਰਚੇ ਦੇ ਪ੍ਰਬੰਧਕ ਭਾਈ ਗੁਰਪ੍ਰੀਤ ਸਿੰਘ ਸ੍ਰੀ ਆਨੰਦਪੁਰ ਸਾਹਿਬ ਨੇ ਐਲਾਨ ਕੀਤਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਇੱਕਠ ਨੂੰ ਮੁੱਖ ਤੌਰ ’ਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਲੋਕ ਸਭਾ ਦੇ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਸਮਾਜਿਕ ਆਗੂ ਲੱਖਾ ਸਿਧਾਣਾ ਅਤੇ ਅਮਤੋਜ਼ ਮਾਨ ਨੇ ਸੰਬੋਧਨ ਕੀਤਾ। ਸਮਾਗਮ ਵਿੱਚ ਮੁੱਖ ਤੌਰ ’ਤੇ ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ, ਭਾਈ ਗੁਰਵਿੰਦਰ ਸਿੰਘ ਸਰਹਾਲਾ, ਭਾਈ ਸਤਪਾਲ ਸਿੰਘ ਆਨੰਦਪੁਰ ਸਾਹਿਬ, ਭਾਈ ਤਲਵਿੰਦਰ ਸਿੰਘ ਔਲਖ, ਬਾਬਾ ਭਰਪੂਰ ਸਿੰਘ ਗਾਜੇਵਾਸ, ਪ੍ਰੋ. ਸਤਨਾਮ ਕੌਰ, ਭਾਈ ਜਸਵਿੰਦਰ ਸਿੰਘ ਡਰੋਲੀ ਵਾਰਿਸ ਪੰਜਾਬ ਦੇ ਅਤੇ ਕੁਲਵਿੰਦਰ ਸਿੰਘ ਸਿੱਧੁ ਆਦਿ ਨੇ ਸ਼ਿਰਕਤ ਕੀਤੀ। ਤਰਸੇਮ ਸਿੰਘ ਨੇ ਆਖਿਆ ਕਿ ਕਾਂਗਰਸ, ਬਾਦਲ ਅਕਾਲੀ ਦਲ, ਭਾਜਪਾ ਅਤੇ ‘ਆਪ’ ਦੀਆਂ ਨੀਤੀਆਂ ਇਕ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲਾਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤਾਂ ਇਸ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਸਿੰਘ ਮਾਨ ਨੇ ਅਜੇ ਤੱਕ ਕੁਝ ਨਹੀਂ ਕੀਤਾ। ਸਮਾਜਿਕ ਆਗੂ ਅਮਤੋਜ਼ ਮਾਨ ਨੇ ਆਖਿਆ ਕਿ ਸਰਕਾਰਾਂ ਨੇ ਆਪਣੀ ਸਾਜ਼ਿਸ਼ ਨਾਲ ਅੰਦੋਲਨ ਵੀ ਵੰਡ ਦਿੱਤੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਕਾਲੀ, ਕਾਂਗਰਸੀ ਅਤੇ ‘ਆਪ’ ਦੇ ਆਗੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਨਹੀਂ ਬੋਲਦੇ ਤਾਂ ਉਨ੍ਹਾਂ ਨੂੰ ਪਿੰਡਾਂ ਵਿਚ ਨਾ ਵੜਨ ਦਿੱਤਾ ਜਾਵੇ। ਲੱਖਾ ਸਿਧਾਣਾ ਨੇ ਆਖਿਆ ਕਿ ਪੰਜਾਬ ਨੂੰ ਸਾਰੇ ਪਾਸਿਆਂ ਤੋਂ ਮਾਰ ਪੈ ਰਹੀ ਹੈ। ਪੰਜਾਬ ਅਤੇ ਪੰਜਾਬ ਦੀ ਵਿਰਾਸਤ ਦੀਆਂ ਨਿਸ਼ਾਨੀਆਂ ਤੇ ਸੰਸਥਾਵਾਂ ਦੇ ਨਾਂਅ ਬਦਲਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਵੱਖ-ਵੱਖ ਸੰਘਰਸ਼ ਕਰਨ ਦੀ ਥਾਂ ਤੇ ਇਕਜੁੱਟ ਹੋ ਕੇ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ। ਇਸ ਮੌਕੇ ਅਮਰਜੀਤ ਸਿੰਘ ਗੁਰਾਇਆ, ਭਾਈ ਜਸਵੰਤ ਸਿੰਘ ਅਮਾਮਗੜ੍ਹ, ਜਸਬੀਰ ਸਿੰਘ ਐਡਵੋਕੇਟ, ਨਿਰਲੇਪ ਕੌਰ ਐਡਵੋਕੇਟ, ਭਾਈ ਰਾਜ ਸਿੰਘ ਪ੍ਰਧਾਨ, ਬੂਟਾ ਸਿੰਘ ਸ਼ਾਦੀਪੁਰ, ਭਾਈ ਰੋਮੀ ਸਿੰਘ ਸਹਿਗਲ, ਸਤਨਾਮ ਸਿੰਘ, ਭਗਵੰਤ ਸਿੰਘ ਵਿਰਕ, ਬਾਬਾ ਰਣਜੋਧ ਸਿੰਘ ਖ਼ਾਲਸਾ, ਨੰਬਰਦਾਰ ਬੇਅੰਤ ਸਿੰਘ ਚੀਮਾ, ਪਲਵਿੰਦਰ ਸਿੰਘ ਤੇ ਸਾਬਕਾ ਕੌਂਸਲਰ ਬਲਵਿੰਦਰ ਸਿੰਘ ਸਣੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।