ਦਰਸ਼ਨ ਸਿੰਘ ਮਿੱਠਾਰਾਜਪੁਰਾ, 27 ਜੂਨਨਗਰ ਕੌਂਸਲ ਰਾਜਪੁਰਾ ਵਿੱਚ ਫਾਇਰਮੈਨ ਵਜੋਂ ਨੌਕਰੀ ਕਰ ਰਹੇ ਇਕ ਮੁਲਾਜ਼ਮ ਖ਼ਿਲਾਫ਼ ਰਾਜਪੁਰਾ ਸਿਟੀ ਪੁਲੀਸ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਦਲਿਤ ਜਥੇਬੰਦੀਆਂ ਨੇ ਕਾਰਜਸਾਧਕ ਅਫ਼ਸਰ ਨੂੰ ਮੰਗ ਪੱਤਰ ਸੌਂਪ ਕੇ ਮੁਲਾਜ਼ਮ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੀ ਮੰਗ ਕੀਤੀ ਹੈ।ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਅਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਆਪਣੇ ਸਾਥੀਆਂ ਸਣੇ ਵਫ਼ਦ ਵਜੋਂ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਅਤੇ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਦੱਸਿਆ ਕਿ ਨਗਰ ਕੌਂਸਲ ਵਿੱਚ ਫਾਇਰਮੈਨ ਪੰਕਜ ਸ਼ਰਮਾ ਖ਼ਿਲਾਫ਼ ਪਿਛਲੇ ਦਿਨੀਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਫਲੈਕਸ ਬੋਰਡਾਂ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਸਨ। ਉਹ ਮਾਮਲਾ ਅਜੇ ਚੱਲ ਹੀ ਰਿਹਾ ਹੈ ਕਿ ਰਾਜਪੁਰਾ ਪੁਲੀਸ ਨੇ ਪੰਕਜ ਕੁਮਾਰ ਖ਼ਿਲਾਫ਼ ਇਕ ਫ਼ੋਨ ਰਿਕਾਰਡਿੰਗ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਹੈ, ਜਿਸ ਨਾਲ ਨਗਰ ਕੌਂਸਲ ਦੀ ਛਵੀ ਖ਼ਰਾਬ ਹੋਈ ਹੈ। ਉਨ੍ਹਾਂ ਅਪੀਲ ਕੀਤੀ ਕਿ ਪੰਕਜ ਸ਼ਰਮਾ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਨੂੰ ਦੇਖਦਿਆਂ ਉਸ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਅਤੇ ਪ੍ਰਧਾਨ ਨਰਿੰਦਰ ਸ਼ਾਸਤਰੀ ਵੱਲੋਂ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤਹਿਸੀਲ ਪ੍ਰਧਾਨ ਅਸ਼ੋਕ ਧਮੋਲੀ,ਤਰਸੇਮ ਲਾਲ, ਰਾਜ ਕੁਮਾਰ,ਨਰੇਸ਼ ਕੁਮਾਰ ਪ੍ਰਧਾਨ ਸੀਵਰੇਜ ਬੋਰਡ, ਵਿਜੈ ਕੁਮਾਰ, ਯੋਗੇਸ਼ ਸੈਣੀ, ਸੋਨੂੰ ਬਣਵਾੜੀ ਅਤੇ ਅਜੈ ਬੈਂਸ ਮੌਜੂਦ ਸਨ।