ਬੁੱਧ ਰਾਮ ਦੀ ਅਗਵਾਈ ਹੇਠ 25 ਪਰਿਵਾਰ ‘ਆਪ’ ਵਿੱਚ ਸ਼ਾਮਲ
ਜੋਗਿੰਦਰ ਸਿੰਘ ਮਾਨ
ਮਾਨਸਾ, 11 ਮਾਰਚ
ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪਿੰਡਾਂ ਦਾ ਵਧੀਆ ਢੰਗ ਨਾਲ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਕਾਰਵਾਈ ਅਤੇ ਮਾਲ ਮਹਿਕਮੇ ਦੀ ਲੁੱਟ ਖ਼ਤਮ ਕਰਨ ਦੇ ਕੀਤੇ ਯਤਨਾਂ ਨੇ ਭਗਵੰਤ ਮਾਨ ਦੀ ਸਰਕਾਰ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਨੂੰ ਦੇਖਦੇ ਹੋਏ ਅਤੇ ਪਾਰਟੀ ਦੀ ਇਮਾਨਦਾਰ ਛਵੀ ਕਰਕੇ ਧੜਾਧੜ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹ ਅੱਜ ਪਿੰਡ ਬਰ੍ਹੇ ਵਿੱਚ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਪਿੰਡ ਬਰ੍ਹੇ ਦੇ ਮਿਸਤਰੀ ਗੁਰਜੰਟ ਸਿੰਘ ਦੇ ਪਰਿਵਾਰ ਸਮੇਤ 23 ਹੋਰ ਪਰਿਵਾਰਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿੰਡ ਬਰ੍ਹੇ ਵਿੱਚ ਵਿਕਾਸ ਕਾਰਜ ਵੱਡੀ ਪੱਧਰ ’ਤੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਹਿਰੀ ਮੋਘਿਆਂ ਤੋਂ ਜ਼ਮੀਨਦੋਜ਼ ਪਾਈਪਾਂ, ਅਨਾਜ ਮੰਡੀ ਵਿੱਚ ਸ਼ੈੱਡ, ਬਣਾਇਆ ਆਮ ਆਦਮੀ ਕਲੀਨਿਕ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਮੁਫਤ ਦਵਾਈ ਅਤੇ ਮੁਫਤ ਟੈਸਟ ਦਾ ਲਾਭ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬਰ੍ਹੇ ਦੇ ਸਕੂਲ ਵਿੱਚ ਕਮਰੇ, ਚਾਰਦੀਵਾਰੀ ਅਤੇ ਜਲਦੀ ਹੀ ਬਹੁਤ ਸਾਰੇ ਹੋਰ ਕੰਮਾਂ ਲਈ ਵੀ ਗ੍ਰਾਂਟ ਜਾਰੀ ਹੋ ਰਹੀ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਹੈਰੀ ਗਿੱਲ, ਸਿਕੰਦਰ ਸਿੰਘ, ਪ੍ਰੀਤ ਸਿੰਘ, ਗੁਰਤੇਜ ਸਿੰਘ, ਬਹਾਦਰ ਸਿੰਘ ਪੰਚ ਤੇ ਲੱਖਾ ਸਿੰਘ ਮੌਜੂਦ ਸਨ।