ਬੁੱਢੇ ਦਰਿਆ ਨੂੰ ਦੂਸ਼ਿਤ ਕਰ ਰਹੀ ਜਮਾਲਪੁਰ ਡਰੇਨ ਨੂੰ ਲਾਇਆ ਬੰਨ੍ਹ
ਹਤਿੰਦਰ ਮਹਿਤਾ
ਜਲੰਧਰ, 18 ਜਨਵਰੀ
ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਲਾਂ ਤੋਂ ਬੁੱਢੇ ਦਰਿਆ ਨੂੰ ਦੂਸ਼ਿਤ ਕਰ ਰਹੀ ਜਮਾਲਪੁਰ ਡਰੇਨ ਨੂੰ ਬੰਨ੍ਹ ਲਾ ਦਿੱਤਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪਹਿਲਾਂ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਸੋਧੇ ਹੀ ਜਮਾਲਪੁਰ ਡਰੇਨ ਰਾਹੀਂ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ। 60 ਐੱਮਐੱਲਡੀ ਦੇ ਕਰੀਬ ਸ਼ਹਿਰ ਦਾ ਇਹ ਗੰਦਾ ਪਾਣੀ ਵੱਡੇ ਪੱਧਰ ’ਤੇ ਬੁੱਢੇ ਦਰਿਆ ਨੂੰ ਦੂਸ਼ਿਤ ਕਰ ਰਿਹਾ ਸੀ। ਹੁਣ ਇਹ ਗੰਦਾ ਪਾਣੀ ਬੁੱਢੇ ਦਰਿਆ ’ਚ ਪੈਣ ਦੀ ਥਾਂ ਪੰਪਿੰਗ ਸਟੇਸ਼ਨ ’ਚ ਲੱਗੀਆਂ ਤਿੰਨ ਮੋਟਰਾਂ ਦੀ ਮਦਦ ਨਾਲ 225 ਐੱਮਐੱਲਡੀ ਟਰੀਟਮੈਂਟ ਪਲਾਂਟ ਤੱਕ ਪਹੁੰਚਣ ਲੱਗਾ ਹੈ। ਇਸ ਨਾਲ ਹੁਣ ਬੁੱਢਾ ਦਰਿਆ ਵਿੱਚ ਪੈਂਦੇ ਇੱਕ ਲੱਖ ਘਰਾਂ ਦਾ ਦੂਸ਼ਿਤ (60 ਐਮਐਲਡੀ) ਪਾਣੀ ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਵਿੱਚ ਜਾਵੇਗਾ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਗੁਰਦੁਆਰਾ ਗਊਘਾਟ ਸਾਹਿਬ ਨੇੜੇ 31 ਦਸੰਬਰ 2024 ਤੋਂ ਸ਼ੁਰੂ ਕੀਤੇ ਗਏ ਪੰਪਿੰਗ ਸਟੇਸ਼ਨ ਦੇ ਆਰਜ਼ੀ ਪ੍ਰਬੰਧਾਂ ਦੇ ਨਿਰਮਾਣ ਕਾਰਜ ਮਹਿਜ਼ 11 ਦਿਨਾਂ ਵਿੱਚ ਪੂਰੇ ਕਰ ਲਏ ਗਏ ਸਨ। ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਬੁੱਢੇ ਦਰਿਆ ਦੀ ਪਵਿੱਤਰਤਾ ਨੂੰ ਮੁੜ ਬਹਾਲ ਕਰਨ ਲਈ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਜਿੱਥੇ ਪਹਿਲੇ ਪੜਾਅ ’ਚ ਬੁੱਢੇ ਦਰਿਆ ਦੇ ਕਿਨਾਰਿਆਂ ’ਤੇ ਖਾਲੀ ਥਾਵਾਂ ਉਪਰ ਬੂਟੇ ਲਗਾਏ ਸਨ, ਉਥੇ ਦੂਸਰੇ ਪੜਾਅ ’ਚ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਅਗਲਾ ਟੀਚਾ ਬੁੱਢੇ ਦਰਿਆ ਦੇ ਨੇੜੇ ਬਣੀਆਂ ਹੋਈਆ ਫੈਕਟਰੀਆਂ, ਕਾਰਖਾਨੇ, ਡਾਇੰਗ ਤੇ ਡੇਅਰੀਆਂ ਦੇ ਪਸ਼ੂਆਂ ਦੇ ਗੋਹੇ ਅਤੇ ਹੋਰ ਰਹਿੰਦ-ਖੂੰਹਦ ਨੂੰ ਪੂਰੀ ਤਰ੍ਹਾਂ ਬੁੱਢੇ ਦਰਿਆ ’ਚ ਪੈਣ ਤੋਂ ਰੋਕਣਾ ਹੈ।
ਪੰਪਿੰਗ ਸਟੇਸ਼ਨ ’ਤੇ ਬਾਕੀ ਰਹਿੰਦੀਆਂ ਦੋ ਮੋਟਰਾਂ ਕੀਤੀਆਂ ਚਾਲੂ
ਸੰਤ ਸੀਚੇਵਾਲ ਨੇ ਦੱਸਿਆ ਕਿ ਅੱਜ ਰਹਿੰਦੀਆਂ ਦੋ ਮੋਟਰਾਂ ਵੀ ਚਾਲੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਪਿੰਗ ਸਟੇਸ਼ਨ ’ਤੇ ਤਿੰਨ ਮੋਟਰਾਂ ਲਗਾਈਆਂ ਗਈਆਂ ਹਨ। ਇਨ੍ਹਾਂ ’ਚੋਂ ਦੋ ਮੋਟਰਾਂ ਦਿਨ-ਰਾਤ ਕੰਮ ਕਰਨਗੀਆਂ, ਜਦਕਿ ਇਕ ਨੂੰ ਸਟੈਂਡਬਾਏ ’ਤੇ ਰੱਖਿਆ ਗਿਆ ਹੈ।