ਬੁੱਢਾ ਦਰਿਆ ਪੈਦਲ ਯਾਤਰਾ ਦਾ ਤੀਜਾ ਵਰ੍ਹੇਗੰਢ ਸਮਾਗਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਪਰੈਲ
ਬੁੱਢਾ ਦਰਿਆ ਪੈਦਲ ਯਾਤਰਾ ਭਾਗ-1 ਦੀ ਤੀਜੀ ਵਰ੍ਹੇਗੰਢ ’ਤੇ ਇਸ਼ਮੀਤ ਅਕਾਦਮੀ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ‘ਸਾਫ ਪਾਣੀ-ਹਰੀ ਧਰਤੀ’ ਵਿਸ਼ੇ ਨਾਲ ਵਾਤਾਵਰਨ ਸੁਰਜੀਤੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਗਈ। ਬੱਚਿਆਂ ਦੇ ਵੱਖ ਵੱਖ ਵਿਸ਼ਿਆਂ ’ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਦਸਤਾਵੇਜ਼ੀ ਫਿਲਮ ਸਕ੍ਰੀਨਿੰਗ, ਫੋਟੋ ਗੈਲਰੀਆਂ ਅਤੇ ਵਾਤਾਵਰਨ ਪ੍ਰਦਰਸ਼ਨੀਆਂ ਇਸ ਸਮਾਗਮ ਦਾ ਮੁੱਖ ਆਕਰਸ਼ਨ ਰਹੀਆਂ।
ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਵੱਖ ਵੱਖ ਤਰ੍ਹਾਂ ਦੀ ਵਡਮੁੱਲੀ ਜਾਣਕਾਰੀ ਦੇ ਨਾਲ ਨਾਲ ਵਾਤਾਵਰਣ ਪ੍ਰਤੀ ਗੰਭੀਰ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਚੰਗਾ ਚਾਹੁੰਦੇ ਹਾਂ ਤਾਂ ਸਾਨੂੰ ਹਵਾ, ਪਾਣੀ ਅਤੇ ਜ਼ਮੀਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣਾ ਪਵੇਗਾ। ਪੀਏਯੂ ਡਾ. ਰਾਕੇਸ਼ ਸ਼ਾਰਧਾ ਨੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨੁਕਤੇ ਦੱਸਣ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਸੰਭਾਲ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਈ ਅਜਿਹੀਆਂ ਤਕਨੀਕਾਂ ਵੀ ਦੱਸੀਆਂ ਜਿਨ੍ਹਾਂ ਰਾਹੀਂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਡਾ. ਰਜਨੀਸ਼ ਕੁਮਾਰ ਨੇ ਨੈੱਟ ਪਲਾਂਟੇਸ਼ਨ, ਵੇਸਟ ਮੈਨੇਜਮੈਂਟ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਵੱਖ ਵੱਖ ਸਮਾਜ ਸੇਵੀ ਜੱਥੇਬੰਦੀਆਂ ’ਚ ਗ੍ਰੀਨ ਥੰਮ ਦੇ ਸ਼੍ਰੀ ਕਾਲੜਾ ਅਤੇ ਮੈਡਮ ਰੀਤੂ ਨੇ ਪਲਾਸਟਿਕ ਦੀ ਵਰਤੋਂ ਪੂਰੀ ਤਰ੍ਹਾਂ ਖਤਮ ਕਰਨ, ਘਰੇਲੂ, ਪੇਂਡੂ ਅਤੇ ਮੁਹੱਲਾ ਪੱਧਰ ’ਤੇ ਘਰੇਲੂ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਦੱਸਿਆ। ਰਾਊਂਡ ਗਲਾਸ, ਹੈਲਥੀ ਫੂਡ, ਐਵਰਗ੍ਰੀਨ ਮਿਸ਼ਨ ਦੇ ਨੁਮਾਇੰਦਿਆਂ ਨੇ ਵੀ ਆਪਣੇ ਸਟਾਲ ਲਾ ਕੇ ਹਾਜ਼ਰੀਨ ਨੂੰ ਵਾਤਾਵਰਣ, ਸਿਹਤਮੰਦ ਖਾਣ-ਪੀਣ ਅਤੇ ਹੋਰ ਸਬੰਧਤ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦਾ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਉਨਾਂ ਨੇ ‘ਨਦੀਆਂ ਨੂੰ ਮੁੜ ਸੁਰਜੀਤ ਕਰੋ, ‘ਹਰਾ ਗ੍ਰਹਿ’, ‘ਪ੍ਰਦੂਸ਼ਣ ਰਹਿਤ ਭਵਿੱਖ’ ਆਦਿ ਵਿਸ਼ਿਆਂ ’ਤੇ ਸੋਹਣੀਆਂ ਪੇਂਟਿੰਗਾਂ ਤਿਆਰ ਕੀਤੀਆਂ। ਇਸ ਸਮਾਗਮ ਵਿੱਚ ਮੱਤੇਵਾੜਾ ਦੇ ਜੰਗਲਾਂ ਨੂੂੰ ਵਾਤਾਵਰਨ ਦੇ ਫੇਫੜੇ ਦੱਸਦਿਆਂ, ਇਸ ਨੂੰ ਸੁਰੱਖਿਅਤ ਰੱਖਣ ’ਤੇ ਜ਼ੋਰ ਦਿੱਤਾ ਗਿਆ। ਇਸ ਸਮਾਗਮ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ, ਦਰਿਅਵਾਂ ਦੇ ਪਾਣੀਆਂ ਅਤੇ ਜੰਗਲਾਂ ਨੂੰ ਬਚਾਉਣ ਲਈ ਲੋਕਾਂ ਨੂੰ ਮਿਲ ਕੇ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ।