ਬੁੱਢਾ ਦਰਿਆ ’ਚ ਪੈਂਦੇ ਜ਼ਹਿਰੀਲੇ ਪਾਣੀ ਰੋਕੇ ਜਾਣਗੇ: ਸੀਚੇਵਾਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਪੰਜਾਬ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਬੁੱਢੇ ਦਰਿਆ ਦੀ ਕਾਰ ਸੇਵਾ ਦੀ ਪਹਿਲੀ ਵਰ੍ਹੇਗੰਢ ਗੁਰਦੁਆਰਾ ਗਊਘਾਟ ਵਿੱਚ ਮਨਾਈ ਗਈ। ਇਸ ਮੌਕੇ ਵਾਤਾਵਰਨ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿਉਨ੍ਹਾਂ ਕਿਹਾ ਕਿ 2 ਫਰਵਰੀ ਦਾ ਦਿਨ ਬੜਾ ਅਹਿਮ ਹੈ ਕਿਉਂਕਿ ਇਸ ਦਿਨ ਨੂੰ ਵਿਸ਼ਵ ਜਲਗਾਹ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਬੁੱਢਾ ਦਰਿਆ ਇਸ ਕਰ ਕੇ ਪਵਿੱਤਰ ਦਰਿਆ ਹੈ ਕਿਉਂਕਿ ਇਸ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਸਭ ਤੋਂ ਪਹਿਲਾਂ ਕੰਮ ਤਾਂ ਬੁੱਢੇ ਦਰਿਆ ਨੂੰ ਦਰਿਆ ਦਾ ਨਾਮ ਵਾਪਸ ਦੇਣਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਦੇ ਕਿਨਾਰਿਆਂ ’ਤੇ ਇਸ਼ਨਾਨ ਘਾਟ ਬਣਾਏ ਜਾ ਰਹੇ ਹਨ। ਇਸ ਵਿੱਚ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀ ਰੋਕੇ ਜਾਣਗੇ ਕਿਉਂਕਿ ਕਾਨੂੰਨੀ ਤੌਰ ’ਤੇ ਇਹ ਵੱਡਾ ਅਪਰਾਧ ਹੈ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਬੁੱਢੇ ਦਰਿਆ ਵਿੱਚ ਜ਼ਹਿਰੀਲਾ ਤੇ ਗੰਦਾ ਪਾਣੀ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2 ਫਰਵਰੀ 2024 ਨੂੰ ਬੁੱਢੇ ਦਰਿਆ ਦੀ ਕਾਰ ਸੇਵਾ ਦੇ ਪਹਿਲੇ ਪੜਾਅ ਦੌਰਾਨ ਇਸ ਦੇ ਕਿਨਾਰਿਆਂ ’ਤੇ 11 ਹਜ਼ਾਰ ਦੇ ਕਰੀਬ ਬੂਟੇ ਲਗਾਏ ਗਏ ਅਤੇ ਦੋਵਾਂ ਪਾਸੇ ਕਿਨਾਰਿਆਂ ਤੇ ਲੰਘਣ ਲਈ ਰਸਤੇ ਬਣਾਏ ਗਏ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਕਾਰ ਸੇਵਾ ਦਾ ਦੂਜਾ ਪੜਾਅ 22 ਦਸੰਬਰ 2024 ਨੂੰ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ। ਦੂਜੇ ਪੜਾਅ ਦੌਰਾਨ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਦੀ ਮੁਹਿੰਮ ਆਰੰਭੀ ਗਈ ਹੈ। ਗੁਰਦੁਆਰਾ ਗਊਘਾਟ ਨੇੜੇ ਜਿਹੜੇ ਪੰਪਿੰਗ ਸਟੇਸ਼ਨ ਦਾ ਕੰਮ ਦੋ ਸਾਲਾਂ ਤੋਂ ਲਟਕਿਆ ਪਿਆ ਸੀ, ਉਹ ਆਰਜ਼ੀ ਤੌਰ ’ਤੇ ਚਾਲੂ ਕਰਕੇ 60 ਐੱਮਐੱਲਡੀ ਦੇ ਕਰੀਬ ਸ਼ਹਿਰ ਦੇ ਗੰਦੇ ਪਾਣੀ ਨੂੰ ਦਰਿਆ ਵਿੱਚ ਪੈਣ ਤੋਂ ਰੋਕ ਕੇ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਦਰਿਆ ਨੂੰ ਪ੍ਰਦੂਸ਼ਿਤ ਡੇਅਰੀਆਂ ਦਾ ਗੋਹਾ ਦਰਿਆ ਵਿੱਚ ਪੈਣ ਤੋਂ ਬੰਦ ਕਰਕੇ ਉਸ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੰਤ ਸੁਖਜੀਤ ਸਿੰਘ, ਸੰਤ ਕੁਲਵੰਤ ਸਿੰਘ ਮੇਹਟੀਆਣਾ, ਸੰਤ ਸੁਖਵਿੰਦਰ ਸਿੰਘ, ਲਖਵੀਰ ਸਿੰਘ, ਐਡਵੋਕੇਟ ਸੁਰੇਸ਼ ਸ਼ਰਮਾ, ਐਡਵੋਕੇਟ ਬਲਬੀਰ ਸਿੰਘ ਵਿਰਕ, ਹਰਭਜਨ ਸਿੰਘ ਕਾਹਲੋਂ, ਜਸਵਿੰਦਰ ਸਿੰਘ ਕਾਲਾ, ਸੁਰਜੀਤ ਸਿੰਘ ਸ਼ੰਟੀ, ਨੇਕ ਸਿੰਘ ਸਾਬਕਾ ਪ੍ਰਧਾਨ, ਬੀਬੀ ਮਿਨਹਾਸ ਕੌਰ ਆਦਿ ਹਾਜ਼ਰ ਸਨ।