ਬੁਲੰਦੀਆਂ ਸਰ ਕਰ ਰਿਹਾ ਸ਼੍ਰੇਅਸ ਤਲਪੜੇ
ਵਿਕਰਾਂਤ ਪਰਮਾਰ
ਅਦਾਕਾਰ ਸ਼੍ਰੇਅਸ ਤਲਪੜੇ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਫਿਲਮ ਜਗਤ ਦਾ ਹਿੱਸਾ ਹੈ, ਪਰ 2024 ਇਸ ਅਦਾਕਾਰ ਲਈ ਖ਼ਾਸ ਰਿਹਾ ਹੈ। ਸੁਪਰਹਿੱਟ ਫਿਲਮ ‘ਪੁਸ਼ਪਾ’ ਦੇ ਦੂਜੇ ਹਿੱਸੇ ਵਿੱਚ ਉਹ ਅੱਲੂ ਅਰਜੁਨ ਦੀ ਆਵਾਜ਼ ਬਣਿਆ ਹੈ ਤੇ 2025 ਦੀ ਸ਼ੁਰੂਆਤ ਵੀ ਉਸ ਲਈ ਚੰਗੀ ਹੋ ਰਹੀ ਹੈ। ਕੱਲ੍ਹ ਹੀ ਉਸ ਦੀ ਫਿਲਮ ‘ਐਮਰਜੈਂਸੀ’ ਜ਼ੀ5 ’ਤੇ ਸਟਰੀਮ ਹੋਈ ਹੈ, ਜਿਸ ਵਿੱਚ ਕੰਗਨਾ ਰਣੌਤ ਦੀ ਮੁੱਖ ਭੂਮਿਕਾ ਹੈ। ਉਸ ਨੇ ਕਿਹਾ, ‘‘ਮੈਂ ਫਿਲਮ ਵਿੱਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਕਿਰਦਾਰ ਨਿਭਾ ਰਿਹਾ ਹਾਂ। ਕੰਗਨਾ ਰਣੌਤ ਤੇ ਹੋਰਨਾਂ ਕਲਾਕਾਰਾਂ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਸੀ। ਆਸ ਹੈ ਕਿ ਦਰਸ਼ਕ ਇਸ ਕਿਰਦਾਰ ਵਿੱਚ ਮੈਨੂੰ ਪਸੰਦ ਕਰਨਗੇ।’’
ਭਾਵੇਂ ਉਸ ਦੇ ਅਗਲੇ ਪ੍ਰਾਜੈਕਟ ਦੀ ਹੋਣੀ ਸਾਨੂੰ ਸਮੇਂ ਅਤੇ ਆਲੋਚਕਾਂ ਦੀ ਸਮੀਖਿਆ ਤੋਂ ਪਤਾ ਲੱਗੇਗੀ, ਪਰ ‘ਪੁਸ਼ਪਾ’ ਦੇ ਵਿਸ਼ੇ ’ਤੇ ਅਸੀਂ ਜ਼ਰੂਰ ਚਰਚਾ ਕਰਾਂਗੇ ਕਿਉਂਕਿ ਉਸ ਦੀ ਦਮਦਾਰ ਡਬਿੰਗ ਨੂੰ ਇੱਕ ਵਾਰ ਮੁੜ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇੱਕ ਨਵੀਂ ਭਾਸ਼ਾ ’ਚ ਪੁਸ਼ਪਾ ਰਾਜ ਦੇ ਮਸ਼ਹੂਰ ਕਿਰਦਾਰ ਨੂੰ ਜੀਵੰਤ ਕਰਨ ਲਈ ਉਸ ਦੀ ਕਾਫ਼ੀ ਪ੍ਰਸ਼ੰਸਾ ਹੋਈ ਹੈ। ਤਲਪੜੇ ਨੇ ਦੱਸਿਆ, ‘‘ਬਹੁਤ ਚੰਗਾ ਲੱਗਦਾ ਹੈ ਕਿਉਂਕਿ ਨਵੇਂ ਰਿਕਾਰਡ ਬਣ ਰਹੇ ਹਨ। ਮੈਨੂੰ ਖ਼ੁਸ਼ੀ ਹੈ ਕਿ ਲੋਕ ਮੇਰਾ ਕੰਮ ਪਸੰਦ ਕਰ ਰਹੇ ਹਨ ਤੇ ‘ਪੁਸ਼ਪਾ 2’ ਇਤਿਹਾਸ ਬਣਾ ਰਹੀ ਹੈ।’’
ਸ਼੍ਰੇਅਸ ਨੂੰ ਪਹਿਲਾਂ ਕੋਈ ਇਲਮ ਨਹੀਂ ਸੀ ਕਿ ‘ਪੁਸ਼ਪਾ’ ਵਰਗੀ ਕੋਈ ਫਿਲਮ ਬਣ ਰਹੀ ਹੈ। ‘‘ਜਦੋਂ ਮੈਂ ਫਿਲਮ ਵਿੱਚ ਅੱਲੂ ਅਰਜੁਨ ਦਾ ਕੰਮ ਦੇਖਿਆ, ਮੈਂ ਬਹੁਤ ਪ੍ਰਭਾਵਿਤ ਹੋਇਆ। ਇਸ ਤਰ੍ਹਾਂ ਮੈਂ ਡਬਿੰਗ ਦੀ ਪ੍ਰਕਿਰਿਆ ਨਾਲ ਜੁੜਿਆ।’’ ਬਹੁਤ ਚੁਣੌਤੀਆਂ ਸਨ, ਪਰ ਸ਼੍ਰੇਅਸ ਨੇ ਹਰੇਕ ਵਿੱਚੋਂ ਮੌਕਾ ਲੱਭਿਆ। ‘‘ਮੈਂ ਸੋਚਿਆ ਕਿ ਨਿਰਮਾਣ ਤੇ ਡਬਿੰਗ ਦੇ ਪੱਖ ਤੋਂ ਇਹ ਬਹੁਤ ਮੁਸ਼ਕਿਲ ਫਿਲਮ ਹੈ, ਪਰ ਮੈਂ ਫਿਰ ਵੀ ਇਸ ਨੂੰ ਸਵੀਕਾਰ ਕੀਤਾ। ਬਾਕੀ, ਫੈਸਲਾ ਦਰਸ਼ਕਾਂ ਦੇ ਹੱਥ ਹੈ।’’
ਪਿਛਲਾ ਸਾਲ ਸ਼੍ਰੇਅਸ ਲਈ ਬਹੁਤ ਚੰਗਾ ਰਿਹਾ ਹੈ ਤੇ ਉਹ ਉਨ੍ਹਾਂ ਸਾਰੇ ਪ੍ਰਾਜੈਕਟਾਂ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਹੈ ਜਿਹੜੇ 2024 ’ਚ ਉਸ ਨੂੰ ਮਿਲੇ ਸਨ। ਉਸ ਨੇ ਦੱਸਿਆ ‘‘ਜਦ ‘ਹਾਊਸਫੁਲ’ ਤੇ ‘ਬਾਗ਼ੀ’ ਮਿਲੀਆਂ, ਮੈਂ ਪਹਿਲਾਂ ਹੀ ‘ਵੈੱਲਕਮ’ ’ਤੇ ਕੰਮ ਕਰ ਰਿਹਾ ਸੀ, ‘ਪੁਸ਼ਪਾ’ ਤੇ ‘ਮੁਫਾਸਾ’ ਵੀ ਉਦੋਂ ਹੀ ਮਿਲੀਆਂ। ‘ਐਮਰਜੈਂਸੀ’ ਕੱਲ੍ਹ ਹੀ ਰਿਲੀਜ਼ ਹੋਈ ਹੈ। ਹਿੰਦੀ ਥ੍ਰਿਲਰ ‘ਕਰਤਮ ਭੁਗਤਮ’ ਤੇ ਇੱਕ ਹੋਰ ਮਰਾਠੀ ਫਿਲਮ ਵੀ 2025 ਵਿੱਚ ਰਿਲੀਜ਼ ਹੋਵੇਗੀ।’’
ਮਸ਼ਹੂਰ ਫਿਲਮਾਂ ‘ਹਾਊਸਫੁਲ’, ‘ਵੈੱਲਕਮ’ ਅਤੇ ਇਨ੍ਹਾਂ ਦੇ ਸੀਕੁਏਲਾਂ ਦਾ ਹਿੱਸਾ ਰਹੇ ਸ਼੍ਰੇਅਸ ਸਫਲਤਾ ਦੇ ਅਜੋਕੇ ਢੰਗ-ਤਰੀਕਿਆਂ ਬਾਰੇ ਗੱਲ ਕਰਦਿਆਂ ਕਹਿੰਦਾ ਹੈ, ‘‘ਮੈਨੂੰ ਲੱਗਦਾ ਹੈ ਕਿ ਇੱਕ ਮਸ਼ਹੂਰ ਲੜੀ ਦੀਆਂ ਫਿਲਮਾਂ ਤੋਂ ਲੋਕਾਂ ਨੂੰ ਕਿਤੇ-ਨਾ-ਕਿਤੇ ਪਤਾ ਹੁੰਦਾ ਹੈ ਕਿ ਕੀ ਆਸ ਰੱਖੀ ਜਾਵੇ ਅਤੇ ਜੇ ਤੁਸੀਂ ਉਨ੍ਹਾਂ ਨੂੰ ਬਿਲਕੁਲ ਓਹੀ ਪਰੋਸਦੇ ਹੋ, ਤਾਂ ਉਹ ਖ਼ੁਸ਼ ਹੁੰਦੇ ਹਨ। ‘ਗੋਲਮਾਲ’, ‘ਹਾਊਸਫੁਲ’, ‘ਧਮਾਲ’ ਤੇ ‘ਵੈੱਲਕਮ’ ਇਸੇ ਲਈ ਹਿੱਟ ਹਨ। ਹਾਲਾਂਕਿ, ਚਾਹੇ ਇਹ ਅਗਲਾ ਹਿੱਸਾ ਹੋਵੇ ਜਾਂ ਨਵਾਂ, ਚੰਗੀ ਪੇਸ਼ਕਾਰੀ ਦਾ ਦਬਾਅ ਤਾਂ ਹਮੇਸ਼ਾ ਰਹਿੰਦਾ ਹੀ ਹੈ।’’
ਜਿੱਥੋਂ ਤੱਕ ਆਪਣੇ ਕਿਰਦਾਰ ਚੁਣਨ ਦਾ ਸੁਆਲ ਹੈ, ਸ਼੍ਰੇਅਸ ਇੱਕ ਤਰੀਕਾ ਅਪਣਾਉਂਦਾ ਹੈ। ‘‘ਇਹ ਸਭ ਇਸ ਚੀਜ਼ ’ਤੇ ਨਿਰਭਰ ਕਰਦਾ ਹੈ ਕਿ ਮੈਂ ਮਿਲਣ ਵਾਲੇ ਕਿਰਦਾਰ ਲਈ ਕਿੰਨਾ ਉਤਸ਼ਾਹਿਤ ਹਾਂ। ਜੇ ਇਹ ਮੈਨੂੰ ਜ਼ਿਆਦਾ ਉਤੇਜਿਤ ਨਹੀਂ ਕਰਦਾ, ਤਾਂ ਮੈਂ ਛੱਡ ਦਿੰਦਾ ਹਾਂ। ਮੇਰੇ ਕੰਮ ਦਾ ਮਿਆਰ ਮੇਰੇ ਲਈ, ਕੰਮ ਦੀ ਗਿਣਤੀ ਨਾਲੋਂ ਵੱਧ ਮਾਅਨੇ ਰੱਖਦਾ ਹੈ।’’
ਬਿਲਕੁਲ ਇਹੀ ਕਾਰਨ ਹੈ ਕਿ ਉਹ ਵੱਖ-ਵੱਖ ਵੰਨਗੀਆਂ ਚੁਣਦਾ ਰਹਿੰਦਾ ਹੈ। ‘‘ਕਈ ਵਾਰ ਮੈਂ ਅਜਿਹਾ ਕਿਰਦਾਰ ਨਿਭਾਉਂਦਾ ਹਾਂ ਜੋ ਸ਼ਾਇਦ ਬਹੁਤ ਛੋਟੇ ਪੱਧਰ ਦਾ ਲੱਗੇ, ਪਰ ਮੈਨੂੰ ਉਹ ਦਿਲਚਸਪ ਲੱਗਦਾ ਹੈ ਕਿਉਂਕਿ ਉਹ ਮੈਨੂੰ ਇੱਕ ਅਦਾਕਾਰ ਵਜੋਂ ਆਪਣੇ ਆਪ ਨੂੰ ਤਲਾਸ਼ਣ ਤੇ ਉਹ ਕਰਨ ਦਾ ਮੌਕਾ ਦਿੰਦਾ ਹੈ ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ।’’
ਅਦਾਕਾਰ ਹੋਣ ਦੇ ਸਭ ਤੋਂ ਔਖੇ ਪੱਖ ਬਾਰੇ, ਸ਼੍ਰੇਅਸ ਇੱਕ ਸ਼ਬਦ ਵਿੱਚ ਕਹਿੰਦਾ ਹੈ ‘ਸਬਰ ਰੱਖਣਾ।’ ਉਹ ਕਹਿੰਦਾ ਹੈ, ‘‘ਤੁਹਾਨੂੰ ਇੰਤਜ਼ਾਰ ਕਰਨਾ ਸਿੱਖਣਾ ਪਵੇਗਾ, ਚਾਹੇ ਉਹ ਇੱਕ ਬਿਹਤਰੀਨ ਭੂਮਿਕਾ ਮਿਲਣ ਦਾ ਇੰਤਜ਼ਾਰ ਕਰਨਾ ਹੋਵੇ ਜਾਂ ਫਿਰ ਇੱਕ ਨਿਰਮਾਤਾ, ਨਿਰਦੇਸ਼ਕ ਜਾਂ ਅਦਾਕਾਰ ਦੇ ਰੂਪ ਵਿੱਚ ਆਪਣੇ ਲਈ ਬਿਹਤਰੀਨ ਭੂਮਿਕਾ ਵਿਕਸਤ ਕਰਨੀ ਹੋਵੇ। ਮੈਨੂੰ ਲੱਗਦਾ ਹੈ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਉਸ ਸਮੇਂ ਹਾਰ ਮੰਨ ਲੈਂਦੇ ਹਨ ਜਦੋਂ ਕੁਝ ਕਰਨ ਦਾ ਸਮਾਂ ਆਉਂਦਾ ਹੈ।’’
2025 ਵਿੱਚ ਉਸ ਕੋਲ ਹੋਰ ਵੀ ਬਹੁਤ ਕੁਝ ਹੈ ਅਤੇ ਉਹ ਆਉਣ ਵਾਲੇ ਸਮੇਂ ਨੂੰ ਲੈ ਕੇ ਬਹੁਤ ਉਤਸੁਕ ਹੈ। ‘‘ਮੈਂ ਅਜੇ ਜੋ ਵੀ ਪ੍ਰਾਜੈਕਟ ਕਰ ਰਿਹਾ ਹਾਂ, ਉਹ ਸਾਰੇ ਸੰਭਾਵਿਤ ਤੌਰ ’ਤੇ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋਣਗੇ। ਮੈਂ ਕੁਝ ਸਕ੍ਰਿਪਟਾਂ ਵੀ ਪੜ੍ਹ ਰਿਹਾ ਹਾਂ ਅਤੇ ਕੁਝ ਦਿਲਚਸਪ ਸ਼ੋਅ ਵੀ ਆਉਣ ਵਾਲੇ ਹਨ।’’
‘‘ਇਹ ਕੋਈ ਰਾਜਨੀਤਿਕ ਫਿਲਮ ਨਹੀਂ ਹੈ’’
ਅਭਿਨੇਤਰੀ ਕੰਗਨਾ ਰਣੌਤ ਜੋ ਆਪਣੀ ਫਿਲਮ ‘ਐਮਰਜੈਂਸੀ’ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾ ਰਹੀ ਹੈ, ਨੇ ਕਿਹਾ ਕਿ ਇਹ ਕੋਈ ਰਾਜਨੀਤਿਕ ਫਿਲਮ ਨਹੀਂ ਹੈ ਅਤੇ ਨਾ ਹੀ ਇਹ ਵੋਟਰਾਂ ਦੀ ਪਸੰਦ ਨੂੰ ਪ੍ਰਭਾਵਿਤ ਕਰੇਗੀ। ਕੰਗਨਾ ਨੇ ਕਿਹਾ ਕਿ ਇਹ ਫਿਲਮ 1975 ਤੋਂ 1977 ਦੇ 21 ਮਹੀਨਿਆਂ ਦੇ ਸਮੇਂ ’ਤੇ ਆਧਾਰਿਤ ਹੈ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਦਾ ਹਵਾਲਾ ਦੇ ਕੇ ਦੇਸ਼ ਭਰ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਉਸ ਨੇ ਕਿਹਾ, ‘‘ਅਸਲ ਵਿੱਚ, ਇਹ ਕੋਈ ਰਾਜਨੀਤਿਕ ਫਿਲਮ ਨਹੀਂ ਹੈ। ਇਹ ਇੱਕ ਕਹਾਣੀ ਹੈ। ਇਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਤੁਹਾਨੂੰ ਇਹ ਬਹੁਤ ਅਜੀਬ ਲੱਗ ਸਕਦਾ ਹੈ। ਇਹ ਕਿਸੇ ਵੀ ਸਿਆਸੀ ਪਾਰਟੀ ਬਾਰੇ ਨਹੀਂ ਹੈ। ਤੁਸੀਂ ਇਹ ਮਹਿਸੂਸ ਕਰਕੇ ਬਾਹਰ ਆਓਗੇ ਕਿ ਤੁਸੀਂ ਹੁਣੇ ਫਿਲਮ ਦੇਖੀ ਹੈ, ਇਹ ਨਹੀਂ ਕਿ ਤੁਸੀਂ ਕਿਸ ਨੂੰ ਵੋਟ ਪਾਓਗੇ।’’