ਬੁਲੰਦੀਆਂ ਛੂਹ ਰਿਹਾ ਹੈ ਅੰਮ੍ਰਿਤਸਰ ਦਾ ਪੰਜਾਬੀ ਰੰਗਮੰਚ

ਪੰਜਾਬ ਨਾਟਸ਼ਾਲਾ ਵਿਚ ਖੇਡੇ ਗਏ ਨਾਟਕ ਜੱਲਿਆਂਵਾਲਾ ਬਾਗ ਦੇ ਦੋ ਦ੍ਰਿਸ਼।

ਪੰਜਾਬ ਵਿੱਚ ਰੰਗਮੰਚ ਦੀ ਸਥਿਤੀ

ਮਨਮੋਹਨ ਸਿੰਘ ਢਿੱਲੋਂ
ਅੰਮਿ੍ਤਸਰ, 8 ਦਸੰਬਰ
ਅੰਮ੍ਰਿਤਸਰ ਦੇ ਰੰਗਮੰਚ ਦਾ ਇਤਿਹਾਸ ਸ਼ਾਨਾਂਮੱਤਾ ਹੈ। ਪਿਛਲੇ 120 ਵਰ੍ਹਿਆਂ ਵਿਚੋਂ ਗੁਜ਼ਰਦਿਆਂ ਪੰਜਾਬੀ ਰੰਗਮੰਚ ਨੇ ਅੱਜ ਜਿਹੜੀ ਪਛਾਣ ਅਤੇ ਮੁਕਾਮ ਸਥਾਪਤ ਕੀਤਾ ਹੈ, ਉਸ ’ਤੇ ਅੰਮ੍ਰਿਤਸਰ ਵਾਸੀਆਂ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਮਾਣ ਮਹਿਸੂਸ ਕਰਦੇ ਹਨ। ਉਸ ਦੌਰ ਵਿਚ ਵੀ, ਜਦੋਂ ਸ਼ਹਿਰ ਵਿਚ ਲੋਕਾਂ ਦੇ ਮਨੋਰੰਜਨ ਲਈ ਸਿਨਮਿਆਂ ਦੀ ਭਰਮਾਰ ਸੀ, ਨਾਟਕਾਂ ਦਾ ਮੰਚਨ ਵੱਡੀ ਪੱਧਰ ’ਤੇ ਹੁੰਦਾ ਰਿਹਾ। ਫਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਸਨ ਪਰ ਰੰਗਮੰਚ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸਮਾਜ ਸੁਧਾਰਕ ਸੇਧ ਵੀ ਦਿੰਦਾ ਰਿਹਾ।
ਰੰਗਮੰਚ ਦੇ ਇਤਿਹਾਸ ਨੇ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਰੂ ਹੋ ਕੇ ਵਧਦਿਆਂ, ਫਲਦਿਆਂ, ਫੁਲਦਿਆਂ ਅਤੇ ਨਵੇਂ ਦਿਸਹੱਦੇ ਸਿਰਜਦਿਆਂ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਅੰਮ੍ਰਿਤਸਰ ਦੇ ਰੰਗਮੰਚ ਦੀ ਇਹ ਖਾਸੀਅਤ ਰਹੀ ਕਿ ਇਹ ਸਮੇਂ ਦੇ ਹਾਣ ਦਾ ਹੋ ਕੇ ਵਿਚਰਦਾ ਰਿਹਾ। ਇਹੋ ਕਾਰਨ ਹੈ ਕਿ ਨਾਟਕਕਾਰਾਂ, ਨਿਰਦੇਸ਼ਕਾਂ ਅਤੇ ਰੰਗਕਰਮੀਆਂ ਦੀ ਪ੍ਰਤੀਬੱਧਤਾ ਸਦਕਾ ਅੱਜ ਪੰਜਾਬੀ ਰੰਗਮੰਚ ਗੈਰ-ਪੰਜਾਬੀ ਭਾਸ਼ਾਵਾਂ ਦੇ ਰੰਗਮੰਚ ਨਾਲ ਮੋਢੇ ਨਾਲ ਮੋਢਾ ਮੇਚ ਕੇ ਚੱਲਣ ਦੇ ਸਮਰੱਥ ਬਣਿਆ ਅਤੇ ਸਮੇਂ ਦੀਆਂ ਦੁਸ਼ਵਾਰੀਆਂ ਨਾਲ ਜੂਝਦਿਆਂ ਪੱਕੇ ਪੈਰੀਂ ਹੋਇਆ ਹੈ। ਪੰਜਾਬ ਦੇ ਆਪਣੇ ਪਿੰਡੇ ’ਤੇ ਹੰਢਾਏ ਕਾਲੇ ਦੌਰ ਦਾ ਗ੍ਰਹਿਣ ਵੀ ਰੰਗਮੰਚ ਨੂੰ ਲੱਗਿਆ ਪਰ ਫਿਰ ਵੀ ਲੋਕਾਂ ਦਾ ਰੰਗਮੰਚ ਨਾਲ ਪਿਆਰ ਤੇ ਕਲਾਕਾਰਾਂ ਦੀ ਰੰਗਮੰਚ ਨਾਲ ਮੁਹੱਬਤ ਨੇ ਇਸ ਦੌਰ ਵਿਚ ਵੀ ਰੰਗਮੰਚ ਦਾ ਦੀਵਾ ਬਾਲ ਕੇ ਰੱਖਿਆ।
ਅੰਮ੍ਰਿਤਸਰ ਵਿਚ ਪੰਜਾਬੀ ਰੰਗਮੰਚ ਦਾ ਆਰੰਭ 1895 ਵਿਚ ਹੋਇਆ ਦੱਸਿਆ ਜਾਂਦਾ ਹੈ। ਭਾਈ ਵੀਰ ਸਿੰਘ ਦੇ ਪਿਤਾ ਡਾ. ਚਰਨ ਸਿੰਘ ਦੀ ਰਚਨਾ ‘ਸ਼ਰਾਬ ਕੌਰ’ ਦਾ ਮੰਚਨ ਨਾਟਕ ਮੰਡਲੀ ਖਾਲਸਾ ਟੈਂਪਰੈਂਸ ਸੁਸਾਇਟੀ ਵਲੋਂ ਹਾਲਗੇਟ ਸਾਹਮਣੇ ਬਣੇ ਪਿੰਕ ਪਲਾਜ਼ਾ ਵਿਚ ਬਣੇ ਟੈਂਪਰੈਂਸ ਹਾਲ ਵਿਚ ਕੀਤਾ ਗਿਆ ਸੀ। ਨਾਟਕ ਦੇ ਸ਼ੋਅ ਅੰਮ੍ਰਿਤਸਰ ਅਤੇ ਲਾਹੌਰ ਵਿਚ ਇਕੋ ਦਿਨ ਹੋਏ ਸਨ। ਇਹ ਨਾਟਕ ਸਮਾਜ ਸੁਧਾਰ ਦੇ ਮੰਤਵ ਨਾਲ ਨਸ਼ਿਆਂ ਦੇ ਖਿਲਾਫ਼ ਲਿਖਿਆ ਤੇ ਖੇਡਿਆ ਗਿਆ ਸੀ। ਅੰਮ੍ਰਿਤਸਰ ਸ਼ਹਿਰ ਵਿਚ ਇਹ ਰੰਗਮੰਚ ਦੀ ਸ਼ੁਰੂਆਤ ਸੀ, ਜਿਥੋਂ ਇਹ ਪਰੰਪਰਾ ਵਿਗਸਣੀ ਸ਼ੁਰੂ ਹੋਈ। ਜਿਵੇਂ-ਜਿਵੇਂ ਅੰਮ੍ਰਿਤਸਰ ਵਿਚ ਰੰਗਮੰਚ ਵਿਕਾਸ ਕਰਦਾ ਗਿਆ, ਬਹੁਤ ਸਾਰੀਆਂ ਨਾਟ ਸੰਸਥਾਵਾਂ ਹੋਂਦ ਵਿਚ ਆਈਆਂ। ਸਮਾਂ ਬੀਤਣ ਨਾਲ ਕੁਝ ਸੰਸਥਾਵਾਂ ਕਈ ਕਾਰਨਾਂ ਕਰਕੇ ਬੰਦ ਵੀ ਹੋ ਗਈਆਂ ਪਰ ਅੱਜ ਦੇ ਦੌਰ ਵਿਚ ਬਹੁਤ ਸਾਰੇ ਨਾਟ ਗਰੁੱਪ ਕਾਰਜਸ਼ੀਲ ਹਨ। ਇਥੇ ਸਾਰੀਆਂ ਸੰਸਥਾਵਾਂ ਦਾ ਜ਼ਿਕਰ ਕਰਨਾ ਤਾਂ ਸੰਭਵ ਨਹੀਂ ਪਰ ਕੁਝ ਸੰਸਥਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ। ਮੰਚ ਰੰਗਮੰਚ ਅੰਮ੍ਰਿਤਸਰ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਹੁਰਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿਖਲਾਈ ਲੈ ਕੇ ਆਉਣ ਤੋਂ ਬਾਅਦ 1991 ਵਿਚ ਸਥਾਪਤ ਕੀਤਾ ਸੀ। ਉਨ੍ਹਾਂ ਨਾਟਕਾਂ ਦੀਆਂ ਰਿਹਰਸਲਾਂ ਲਈ ਇਕ ਰੰਗਮੰਚ ਭਵਨ ਵੀ ਕਾਇਮ ਕੀਤਾ ਹੋਇਆ ਹੈ। ਕੇਵਲ ਧਾਲੀਵਾਲ ਨੇ ਭਾਅ ਜੀ ਗੁਰਸ਼ਰਨ ਸਿੰਘ ਹੁਰਾਂ ਨਾਲ ਲੰਮਾ ਸਮਾਂ ਕੰਮ ਕੀਤਾ ਤੇ ਇਹ ਤਜਰਬਾ ਉਨ੍ਹਾਂ ਲਈ ਬਹੁਤ ਕਾਰਗਰ ਸਿੱਧ ਹੋਇਆ। ਮੰਚ ਰੰਗਮੰਚ ਸਾਲ ਵਿਚ ਡੇਢ ਸੌ ਤੋਂ ਵੱਧ ਨਾਟਕਾਂ ਦਾ ਮੰਚਨ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਥੀਏਟਰ ਫੈਸਟੀਵਲ ਅਤੇ ਨੈਸ਼ਨਲ ਥੀਏਟਰ ਫੈਸਟੀਵਲ ਹਰ ਵਰ੍ਹੇ ਕਰਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕਲਾਕਾਰਾਂ ਨੂੰ ਗੁਰ ਸਿਖਾਉਣ ਲਈ 30 ਦਿਨਾਂ ਦੀ ਵਰਕਸ਼ਾਪ ਅਤੇ ਅਦਾਕਾਰੀ ਸਿੱਖਣ ਵਾਲੇ ਬੱਚਿਆਂ ਲਈ 15 ਦਿਨਾਂ ਦੀ ਵਰਕਸ਼ਾਪ ਲਾਈ ਜਾਂਦੀ ਹੈ। ਮੰਚ ਰੰਗਮੰਚ ਨੇ ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ਤੋਂ ਇਲਾਵਾ ਕਈ ਦੇਸ਼ਾਂ ਵਿਚ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਹਨ। ਕੇਵਲ ਧਾਲੀਵਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਨੇ ਹੱਦਾਂ ਸਰਹੱਦਾਂ ਟੱਪ ਕੇ ਪਾਕਿਸਤਾਨ ਵਿਚ ਆਪਣੇ ਥੀਏਟਰ ਦੀ ਧਾਕ ਜਮਾਈ ਅਤੇ ਉਥੋਂ ਦੇ ਅਜੋਕਾ ਥੀਏਟਰ ਗਰੁੱਪ ਨੂੰ ਨਾਲ ਜੋੜ ਕੇ ਦੋਵਾਂ ਮੁਲਕਾਂ ਵਿਚਾਲੇ ਲੰਮਾ ਸਮਾਂ ਅਮਨ ਸ਼ਾਂਤੀ ਕਾਇਮ ਕਰਨ ਦਾ ਹੋਕਾ ਦਿੱਤਾ। ਰੰਗਮੰਚ ਵਲੋਂ ਨਾਟਕਾਂ ਦੀਆਂ ਨਿਰੰਤਰ ਪੇਸ਼ਕਾਰੀਆਂ ਜਾਰੀ ਹਨ।
ਸ਼੍ਰੋਮਣੀ ਨਾਟਕਕਾਰ ਜਤਿੰਦਰ ਸਿੰਘ ਬਰਾੜ ਨੇ 27 ਮਾਰਚ, 1998 ਨੂੰ ਪੰਜਾਬ ਨਾਟਸ਼ਾਲਾ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਇਸ ਦੀ ਸਟੇਜ ਇਕ ਛੋਟਾ ਥੜ੍ਹਾ ਸੀ ਪਰ ਅੱਜ ਇਹ ਥੀਏਟਰ ਤਕਨੀਕੀ ਸਹੂਲਤਾਂ ਨਾਲ ਲੈਸ ਹੈ। ਘੁੰਮਣ ਵਾਲੀ ਸਟੇਜ ਅਤੇ ਬੈਠਣ ਦਾ ਵਧੀਆ ਪ੍ਰਬੰਧ ਸ੍ਰੀ ਬਰਾੜ ਦੀ ਸੂਝ-ਬੂਝ ਦਾ ਸਿੱਟਾ ਹੈ। ਪੰਜਾਬ ਨਾਟਸ਼ਾਲਾ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਲਗਪਗ 2000 ਦੇ ਕਰੀਬ ਪੇਸ਼ਕਾਰੀਆਂ ਕਰ ਚੁੱਕਿਆ ਹੈ ਅਤੇ ਅੰਮ੍ਰਿਤਸਰ ਵਿਚ ਇਹ ਇਕੋ ਇਕ ਥੀਏਟਰ ਹੈ, ਜਿਥੇ ਹਰ ਸ਼ਨੀਵਾਰ ਤੇ ਐਤਵਾਰ ਨਾਟਕ ਹੁੰਦੇ ਹਨ ਅਤੇ ਦਰਸ਼ਕ ਟਿਕਟਾਂ ਖਰੀਦ ਕੇ ਇਹ ਨਾਟਕ ਵੇਖਦੇ ਹਨ। ਸ੍ਰੀ ਬਰਾੜ ਦੇ ਆਪਣੇ ਲਿਖੇ ਬਹੁਤ ਸਾਰੇ ਨਾਟਕ ਇਸ ਸਟੇਜ ਤੋਂ ਮੰਚਿਤ ਕੀਤੇ ਗਏ ਹਨ ਅਤੇ ਇਨ੍ਹਾਂ ਵਿਚ ਬਹੁਤੇ ਅਜਿਹੇ ਨਾਟਕ ਹਨ, ਜਿਨ੍ਹਾਂ ਦੇ 100-100 ਤੋਂ ਵੱਧ ਵੀ ਸ਼ੋਅ ਹੋਏ ਹਨ। ਅੰਮ੍ਰਿਤਸਰ ਦੇ ਪੰਜਾਬੀ ਰੰਗਮੰਚ ਨੇ ਪੂਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਸ਼ਹਿਰਾਂ ਦੀਆਂ ਨਾਟ ਟੋਲੀਆਂ ਪੰਜਾਬ ਨਾਟਸ਼ਾਲਾ ਵਿਚ ਆ ਕੇ ਪੇਸ਼ਕਾਰੀਆਂ ਕਰਦੀਆਂ ਹਨ।

1937 ‘ਪੰਜਾਬੀ ਨਾਟਕ ਸਭਾ’ ਹੋਂਦ ’ਚ ਆਈ

ਪ੍ਰਸਿੱਧ ਸਾਹਿਤਕਾਰ ਪ੍ਰੋ. ਸ. ਸ. ਅਮੋਲ ਦੇ ਨਿੱਜੀ ਉਦਮ ਸਦਕਾ 1937 ਵਿਚ ‘ਪੰਜਾਬੀ ਨਾਟਕ ਸਭਾ’ ਹੋਂਦ ਵਿਚ ਆਈ ਸੀ। ਇਸ ਸੰਸਥਾ ਨੇ ਰੰਗਮੰਚ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਅਤੇ 1954 ਤੀਕ ਪੰਜਾਬੀ ਵਿਚ ਛਪੇ ਸਾਰੇ ਨਾਟਕਾਂ ਦਾ ਮੰਚਨ ਕੀਤਾ ਸੀ। ਅੰਮ੍ਰਿਤਸਰ ਦੇ ਰੰਗਮੰਚ ਵਿਚ ਭਾਅ ਜੀ ਗੁਰਸ਼ਰਨ ਸਿੰਘ ਵਲੋਂ 1961-62 ਵਿਚ ਸਥਾਪਤ ਕੀਤੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨੇ ਇਤਿਹਾਸਕ ਭੂਮਿਕਾ ਨਿਭਾਈ। ਇਸ ਨਾਟ ਟੋਲੀ ਨੇ ਵੱਡੀ ਪੱਧਰ ’ਤੇ ਪੰਜਾਬੀ ਨਾਟਕਾਂ ਦਾ ਮੰਚਨ ਕੀਤਾ। ਨਾਟ ਟੋਲੀ ਦੀਆਂ ਸਰਗਰਮੀਆਂ ਪਿੰਡਾਂ ਵਿਚ ਵਧਣ ਕਾਰਨ ਭਾਅ ਜੀ ਗੁਰਸ਼ਰਨ ਸਿੰਘ ਨੇ 1975 ਵਿਚ ‘ਅੰਮ੍ਰਿਤਸਰ ਸਕੂਲ ਆਫ ਡਰਾਮਾ’ ਦੀ ਸਥਾਪਨਾ ਕੀਤੀ ਅਤੇ ਇਸ ਨੇ 40 ਕਲਾਕਾਰਾਂ ਨਾਲ ‘ਧਮਕ ਨਗਾਰੇ ਦੀ’ ਨਾਟਕ ਦੀ ਪਹਿਲੀ ਪੇਸ਼ਕਾਰੀ ਕੀਤੀ ਸੀ। ਭਾਅ ਜੀ ਗੁਰਸ਼ਰਨ ਸਿੰਘ ਵਲੋਂ ਅੰਮ੍ਰਿਤਸਰ ਦੇ ਰੰਗਮੰਚ ਨੂੰ ਪ੍ਰਫੁਲਿਤ ਕਰਨ ਵਿਚ ਪਾਏ ਅਹਿਮ ਯੋਗਦਾਨ ਸਦਕਾ ਅੰਮ੍ਰਿਤਸਰ ਦਾ ਰੰਗਮੰਚ ਬੁਲੰਦੀਆਂ ਨੂੰ ਛੋਹਿਆ ਤੇ ਲੋਕੀਂ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਡਾ. ਆਤਮਜੀਤ ਸਿੰਘ ਨੇ ਵੀ ਅੰਮ੍ਰਿਤਸਰ ਦੇ ਰੰਗਮੰਚ ਨੂੰ ਨਵੀਂ ਨੁਹਾਰ ਦਿੱਤੀ। ਉਨ੍ਹਾਂ ਅਨੇਕਾਂ ਨਾਟਕ ਇਥੇ ਲਿਖੇ, ਉਨ੍ਹਾਂ ਦਾ ਮੰਚਨ ਕੀਤਾ ਅਤੇ ਪੇਸ਼ਕਾਰੀਆਂ ਯਾਦਗਾਰੀ ਬਣੀਆਂ। ਉੱਘੇ ਰੰਗਮੰਚ ਤੇ ਫਿਲਮੀ ਕਲਾਕਾਰ ਹਰਭਜਨ ਜੱਬਲ ਦੇ ਲੋਕ ਰੰਗਮੰਚ ਅੰਮ੍ਰਿਤਸਰ ਨੇ ਵੀ ਰੰਗਮੰਚ ਦੇ ਵਿਕਾਸ ਵਿਚ ਲੰਮਾ ਸਮਾਂ ਮਹੱਤਵਪੂਰਨ ਭੂਮਿਕਾ ਨਿਭਾਈ।