ਬੀਬੀਐੱਮਬੀ ਦੀਆਂ ਰਿਹਾਇਸ਼ੀ ਕਲੋਨੀਆਂ ਬਣੀਆਂ ਖੰਡਰ
ਬਲਵਿੰਦਰ ਰੈਤ
ਨੰਗਲ, 19 ਮਾਰਚ
ਨੰਗਲ ਸ਼ਹਿਰ ਵਿੱਚ ਕਦੇ ਬੀਬੀਐੱਮਬੀ ਵਿਭਾਗ ਦੇ ਅਮਲੇ ਨਾਲ ਕਾਫ਼ੀ ਰੌਣਕਾਂ ਹੁੰਦੀਆਂ ਸਨ। ਵਿਭਾਗ ਦੀਆਂ ਰਿਹਾਇਸ਼ੀ ਕਲੋਨੀਆਂ ਹੁਣ ਖਸਤਾ ਹਾਲਤ ਵਿੱਚ ਹਨ। ਆਈ ਅਤੇ ਐਫ ਬਲਾਕ ਦੀ ਕਲੋਨੀ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ। ਵਿਭਾਗ ਵਿੱਚ ਕਾਫ਼ੀ ਸਮੇਂ ਤੋਂ ਨਵੀਂ ਭਰਤੀ ਬੰਦ ਹੈ। ਸਤਲੁਜ ਦਰਿਆ ਕੰਢੇ ਕਰੋੜਾਂ ਦੀ ਲਾਗਤ ਨਾਲ ਬਣੀਆਂ ਕੋਠੀਆਂ ਉਜਾੜ ਬਣ ਗਈਆਂ ਹਨ। ਮੁਲਾਜ਼ਮਾਂ ਦੀ ਘਾਟ ਨੂੰ ਦੇਖਦਿਆਂ ਕਈ ਸੈਕਸ਼ਨ ਅਤੇ ਵੱਖ-ਵੱਖ ਵਿਭਾਗਾ ਦਾ ਰਲੇਵਾਂ ਕੀਤਾ ਗਿਆ ਹੈ। ਕਈ ਖਾਲੀ ਦਫ਼ਤਰਾਂ ਦੀਆਂ ਇਮਾਰਤਾਂ ਵੀ ਮੰਦਹਾਲੀ ਦਾ ਸ਼ਿਕਾਰ ਹਨ।
ਬੀਬੀਐੱਮਬੀ ਦੇ ਚੀਫ ਇੰਜ. ਸੀਪੀ ਸਿੰਘ ਨੇ ਕਿਹਾ ਕਿ ਵਿਭਾਗ ਨੇ ਨੰਗਲ ਨੂੰ ਟੂਰਿਜ਼ਮ ਹੱਬ ਬਣਾਉਣ ਦੀ ਪ੍ਰਪੋਜਲ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਕੰਢੇ ਰਿਵਰ ਵਿਊ ਰੋਡ ਨਾਲ ਇਲਾਕੇ ਦੀਆਂ ਇਮਾਰਤਾਂ ਦਾ ਈਯੂਆਈ ਮਾਪਿਆ ਜਾ ਰਿਹਾ ਹੈ। ਇਹ ਥਾਂ ਸੈਰ-ਸਪਾਟਾ ਲਈ ਆਬਾਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਰਿਹਾਇਸੀ ਕਲ਼ੋਨੀਆਂ ਢਾਹੀਆਂ ਗਈਆਂ ਹਨ, ਉੱਥੇ ਮਿਊਜ਼ੀਅਮ ਅਤੇ ਮੈਰਿਜ ਪੈਲੇਸ ਬਣਾਏ ਜਾਣਗੇ। ਭਾਖੜਾ ਡੈਮ ਦੀ ਸੁਰੱਖਿਆ ਲਈ ਲਗਾਈ ਜਾ ਰਹੀ ਸੀਆਈਐੱਸਐੱਫ ਦੇ 300 ਦੇ ਕਰੀਬ ਮੁਲਾਜ਼ਮਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਰਿਹਾਇਸ਼ੀ ਕਲੋਨੀਆਂ ਵਿੱਚ ਕੀਤਾ ਜਾਵੇਗਾ।
ਮਿਆਦ ਪੁਗਾ ਚੁੱਕੇ ਮਕਾਨ ਢਾਹੇ: ਐਕਸੀਅਨ
ਐਕਸੀਅਨ ਇੰਜ. ਸੁਰਿੰਦਰ ਧੀਮਾਨ ਕਿਹਾ ਕਿ ਜਿਨ੍ਹਾਂ ਕਲੋਨੀਆ ਨੂੰ ਢਾਹਿਆ ਗਿਆ, ਉਨ੍ਹਾਂ ਦੀ ਮੁਨਿਆਦ ਖ਼ਤਮ ਹੋ ਚੁੱਕੀ ਸੀ। ਈ ਅਤੇ ਐਫ ਬਲਾਕ ਨੂੰ ਛੱਡ ਕੇ ਬਾਕੀ ਰਿਹਾਇਸ਼ੀ ਕਲੋਨੀਆਂ ਠੀਕ ਹਾਲਤ ਵਿੱਚ ਹਨ। ਦਫ਼ਤਰੀ ਇਮਾਰਤਾਂ ਤੇ ਅਧਿਕਾਰੀਆਂ ਦੀ ਰਿਹਾਇਸ਼ ਲਈ ਬਣਾਈਆ ਕੋਠੀਆਂ ਦੀ ਹਾਲਤ ਠੀਕ ਹੈ।