ਬੀਜ ਤੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾਵਾਂ ਵੱਲੋਂ ਮੁਜ਼ਾਹਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਅਪਰੈਲ
ਬੀਜ ਤੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾਵਾਂ ਨੇ ਅੱਜ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਸੂਬਾ ਸਰਕਾਰ ਵੱਲੋਂ ਬੀਜ ਤੇ ਕੀਟਨਾਸ਼ਕਾਂ ਦੀ ਵਿਕਰੀ ਸਬੰਧੀ ਬਣਾਏ ਗਏ ਨਵੇਂ ਬੀਜ ਤੇ ਕੀਟਨਾਸ਼ਕ 2025 ਐਕਟ ਦੇ ਵਿਰੋਧ ਵਿਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਬੀਜ ਤੇ ਕੀਟਨਾਸ਼ਕ ਵਿਕਰੇਤਾਵਾਂ ਨੇ ਮੀਟਿੰਗ ਕਰਕੇ ਸਰਕਾਰ ਤੋਂ ਨਵੇਂ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਬਾਬੈਨ ਦੇ ਬੀਜ ਤੇ ਕੀਟਨਾਸ਼ਕ ਵੇਚਣ ਵਾਲੇ ਮਿਲਖੀ ਰਾਮ ਗੁਪਤਾ, ਮਹੇਸ਼ ਕੁਮਾਰ ,ਅਸ਼ੋਕ ਅਰੋੜਾ, ਨੀਰਜ ਕੁਮਾਰ, ਪਾਰਸ ਬਠਲਾ,ਅਨਿਲ ਕੁਮਾਰ, ਸਚਿਨ ਸਿੰਗਲ, ਬਲਕਾਰ ਸਿੰਘ, ਮੁਕੇਸ਼ ਕੁਮਾਰ ਆਦਿ ਦਾ ਕਹਿਣਾ ਹੈ ਕਿ ਦੁਕਾਨਦਾਰ ਕੰਪਨੀ ਤੋਂ ਬਿੱਲ ਦੇ ਨਾਲ ਸੀਲਬੰਦ ਬੀਜ ਤੇ ਕੀਟਨਾਸ਼ਕ ਲਿਆਉਂਦਾ ਹੈ ਤੇ ਕਿਸਾਨਾਂ ਨੂੰ ਵੇਚਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸੋਧੇ ਹੋਏ ਕਾਨੂੰਨ ਵਿੱਚ ਵਿਕਰੇਤਾਵਾਂ ’ਤੇ ਸਖ਼ਤ ਪ੍ਰਬੰਧੀਆਂ ਲਾਈਆਂ ਗਈਆਂ ਹਨ, ਜਿਸ ਕਾਰਨ ਕਿਸੇ ਲਈ ਵੀ ਕਾਰੋਬਾਰ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਘਟੀਆ ਬੀਜ ਜਾਂ ਕੀਟਨਾਸ਼ਕ ਵੇਚਣ ਦੇ ਹੱਕ ਵਿਚ ਨਹੀਂ ਹਾਂ ਪਰ ਅਜਿਹੇ ਕਾਨੂੰਨ ਵਪਾਰੀਆਂ ਦਾ ਮਨੋਬਲ ਡੇਗਣ ਜਾਂ ਉਨ੍ਹਾਂ ਨੂੰ ਅਪਰਾਧੀਆਂ ਵਜੋਂ ਪੇਸ਼ ਕਰਨ ਲਈ ਹਨ। ਬੀਜ ਤੇ ਕੀਟਨਾਸ਼ਕ ਵਿਕਰੇਤਾ ਐਸੋਸੀਏਸ਼ਨ ਬਾਬੈਨ ਦੇ ਪ੍ਰਧਾਨ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਸੂਬਾ ਪੱਧਰੀ ਸੰਗਠਨ ਦੇ ਸੱਦੇ ’ਤੇ ਉਨ੍ਹਾਂ ਸਾਰੇ ਬੀਜ ਤੇ ਕੀਟਨਾਸ਼ਕ ਵਿਕਰੇਤਾਵਾਂ ਨੇ ਆਪਣੀਆਂ ਦੁਕਾਨਾਂ ਸੱਤ ਦਿਨਾਂ ਲਈ ਬੰਦ ਰਖੱਣ ਦਾ ਫੈਸਲਾ ਕੀਤਾ ਹੈ। ਜੇ ਸਰਕਾਰ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਤਾਂ ਦੁਕਾਨਦਾਰ ਅਣਮਿੱਥੇ ਸਮੇਂ ਲਈ ਹੜਤਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਬੀਜ ਜਾਂ ਕੀਟਨਾਸ਼ਕ ਘਟੀਆ ਪਾਇਆ ਜਾਂਦਾ ਹੈ, ਤਾਂ ਵੇਚਣ ਵਾਲੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਹ ਸਿਰਫ ਇਕ ਵਿਕਰੇਤਾ ਹੈ ਨਿਰਮਾਤਾ ਨਹੀਂ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਵੇਚਣ ਵਾਲੇ ਸਿਰਫ ਕੰਪਨੀ ਵੱਲੋਂ ਨਿਰਮਤ ਪੈਕ ਕੀਤੇ ਉਤਪਾਦ ਵੇਚਦੇ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਵੇਚਣ ਦੀ ਆਗਿਆ ਹੈ।
ਉਨ੍ਹਾਂ ਕਿਹਾ ਕਿ ਜਦ ਤਕ ਸਰਕਾਰ ਬੀਜ ਤੇ ਕੀਟਨਾਸ਼ਕ ਵੇਚਣ ਵਾਲਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ , ਉਦੋਂ ਤਕ ਬਾਬੈਨ ਦੇ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖਣਗੇ। ਇਸ ਮੌਕੇ ਰੋਹਤਾਸ਼ ਸੈਣੀ, ਬਲਕਾਰ, ਨਰੇਸ਼ ਫੌਜੀ, ਚਰਨ ਸਿੰਘ, ਅਨਿਲ ਸੈਣੀ, ਅਜੈਬ ਸਿੰਘ, ਜੈ ਪ੍ਰਕਾਸ਼ ਸ਼ਰਮਾ, ਮੁਕੇਸ਼ ਕੁਮਾਰ, ਸੰਜੀਵ ਕੁਮਾਰ, ਵਿਕਾਸ, ਰਣਧੀਰ, ਜਸਬੀਰ, ਵਿਸ਼ਾਲ, ਸੁਰੇਸ਼, ਨਵਾਬ ਪੂਨੀਆ ਤੋਂ ਇਲਾਵਾ ਹੋਰ ਬੀਜ ਤੇ ਕੀਟਨਾਸ਼ਕ ਵਿਕਰੇਤਾ ਮੌਜੂਦ ਸਨ।