ਪਰਮਜੀਤ ਸਿੰਘ ਕੁਠਾਲਾਮਾਲੇਰਕੋਟਲਾ, 4 ਜੁਲਾਈਮਾਲੇਰਕੋਟਲਾ ਵਾਸੀ ਇਕ ਬਜ਼ੁਰਗ ਮਹਿਲਾ ਦੇ ਮਕਾਨ ਦੇ ਵਾਰੰਟ ਕਬਜ਼ੇ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੌਰਾਨ ਪਿਛਲੇ ਦਿਨੀਂ ਕੁੱਝ ਲੋਕਾਂ ਵੱਲੋਂ ਘਰ ਆ ਕੇ ਦਿੱਤੀਆਂ ਧਮਕੀਆਂ ਤੋਂ ਡਰ ਕੇ ਕਥਿਤ ਤੌਰ ’ਤੇ ਮਹਿਲਾ ਦੀ ਧੀ ਦੇ ਗਰਭ ਵਿਚ ਮਰੇ ਛੇ ਮਹੀਨੇ ਦੇ ਬੱਚੇ ਦੇ ਕਥਿਤ ਕਾਤਲਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਲਈ ਬੀਕੇਯੂ ਏਕਤਾ ਉਗਰਾਹਾਂ ਨੇ ਪੁਲੀਸ ਪ੍ਰਸਾਸ਼ਨ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।ਅੱਜ ਇੱਥੇ ਨੇੜਲੇ ਪਿੰਡ ਭੂਦਨ ਦੇ ਗੁਰਦੁਆਰਾ ਸਾਹਿਬ ’ਚ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਬਲਾਕ ਆਗੂ ਗੁਰਪ੍ਰੀਤ ਸਿੰਘ ਹਥਨ ਨੇ ਦੱਸਿਆ ਕਿ ਮਾਤਾ ਸ਼ਿੰਦਰ ਕੌਰ ਮਾਲੇਰਕੋਟਲਾ ਦੇ ਘਰ ਦੇ ਵਾਰੰਟ ਕਬਜ਼ੇ ਲਈ ਪੁਲੀਸ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਅਸਫ਼ਲ ਹੋਣ ਪਿੱਛੋਂ ਕਥਿਤ ਤੌਰ ’ਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਪਰਿਵਾਰ ਨੂੰ ਘਰ ਜਾ ਕੇ ਡਰਾਇਆ-ਧਮਕਾਇਆ, ਜਿਸ ਕਾਰਨ ਬਿਰਧ ਮਹਿਲਾ ਦੀ ਛੇ ਮਹੀਨੇ ਦੀ ਗਰਭਵਤੀ ਧੀ ਦਾ ਬੱਚਾ ਪੇਟ ਅੰਦਰ ਹੀ ਮਰ ਗਿਆ।ਕਿਸਾਨ ਆਗੂਆਂ ਮੁਤਾਬਿਕ ਪਰਿਵਾਰ ਵੱਲੋਂ ਪੁਲੀਸ ਪ੍ਰਸ਼ਾਸਨ ਨੂੰ ਇਸ ਸਬੰਧੀ ਇੱਕ ਦਰਖਾਸਤ ਵੀ ਦਿੱਤੀ ਗਈ ਪਰ ਪੁਲੀਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਬੰਧਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਮੀਟਿੰਗ ਵਿੱਚ ਬਲਾਕ ਆਗੂ ਨਾਇਬ ਸਿੰਘ ਭੈਣੀ ਕਲਾਂ, ਰਛਪਾਲ ਸਿੰਘ ਰੜ, ਬਲਦੇਵ ਸਿੰਘ ਕੇਲੋਂ, ਕਰਨੈਲ ਸਿੰਘ ਭੂਦਨ, ਰਛਪਾਲ ਸਿੰਘ ਫਰੀਦਪੁਰ ਖੁਰਦ, ਮਨਦੀਪ ਸਿੰਘ ਬੁੱਕਣਵਾਲ, ਸ਼ਿੰਦਰ ਸਿੰਘ ਕੁਠਾਲਾ, ਮੇਜ਼ਰ ਸਿੰਘ ਕਲੇਰਾਂ ਅਤੇ ਪਿੰਡ ਇਕਾਈਆਂ ਦੇ ਆਗੂ ਹਾਜ਼ਰ ਸਨ।