ਬਿਰਧ ਆਸ਼ਰਮ ਦਾ ਨਾਮ ਬਾਬਾ ਫੂਲ ਰੱਖਣ ’ਤੇ ਇਤਰਾਜ਼
ਪੱਤਰ ਪ੍ਰੇਰਕ
ਤਪਾ ਮੰਡੀ, 11 ਮਾਰਚ
ਤਪਾ ਦੀ ਖੱਟਰ ਪੱਤੀ ਵੱਲੋਂ ਬਿਰਧ ਆਸ਼ਰਮ ਬਣਾਉਣ ਲਈ ਕਈ ਏਕੜ ਜ਼ਮੀਨ ਮੁਫ਼ਤ ਦਿੱਤੀ ਸੀ ਜਿਸ ਦਾ ਨਾਮ ‘ਭਾਈ ਭਾਗ ਮੱਲ ਜੀ’ ਰੱਖਣ ਦਾ ਵਾਅਦਾ ਕੀਤਾ ਗਿਆ ਸੀ। ਹੁਣ ਬਿਰਧ ਘਰ ਬਣ ਕੇ ਤਿਆਰ ਹੋ ਗਿਆ ਹੈ ਪਰ ਉਸ ਦਾ ਨਾਂ ‘ਬਾਬਾ ਫੂਲ ਸਰਕਾਰੀ ਬਿਰਧ ਘਰ’ ਰੱਖ ਦਿੱਤਾ ਹੈ। ਖੱਟਰ ਪੱਤੀ ਦੇ ਵਾਸੀਆਂ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇੱਕ ਵਫ਼ਦ ਐੱਸਡੀਐੱਮ ਤਪਾ ਨੂੰ ਮਿਲਿਆ ਤੇ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਦਫ਼ਤਰ ’ਚ ਮੰਗ ਪੱਤਰ ਦਿੱਤਾ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਰਾਜ਼ ਹੈ ਕਿ ਖੱਟਰ ਪੱਤੀ ਦੀ ਜ਼ਮੀਨ ’ਤੇ ਬਿਰਧ ਆਸ਼ਰਮ ਬਣਾਉਣ ਲਈ ਜ਼ਮੀਨ ਮਿਉਂਸਿਪਲ ਕਮੇਟੀ, ਤਪਾ ਦੇ ਨਾਂ ਕਰਵਾ ਦਿੱਤੀ ਸੀ। ਪੱਤੀ ਵਸਨੀਕਾਂ ਨੇ ਕੁਝ ਮੰਗਾਂ ਮੰਨਵਾਈਆਂ ਸਨ ਜਿਨ੍ਹਾਂ ’ਚ ਆਸ਼ਰਮ ਦਾ ਨਾਂ ਪੱਤੀ ਦੇ ਸ਼ਹੀਦ ‘ਭਾਈ ਭਾਗ ਮੱਲ ਜੀ’ ਰੱਖਣ, ਮੈਨੇਜਮੈਂਟ ’ਚ ਅਤੇ ਨੌਕਰੀ ਦਾ ਕੋਟਾ ਪੱਤੀ ਲਈ 50 ਫੀਸਦੀ ਰੱਖਣ ਅਤੇ ਖੱਟਰ ਪੱਤੀ ਦੇ ਬਜ਼ੁਰਗ ਜਾਂ ਬੇਸਹਾਰੇ ਨੂੰ ਪਹਿਲ ਦੇਣ ਦੀ ਮੰਗ ਸ਼ਾਮਲ ਸੀ।