ਬਿਮਾਰੀਆਂ ਦਾ ਕਾਰਨ ਗੈਰ-ਮਿਆਰੀ ਭੋਜਨ: ਬਾਲ ਮੁਕੰਦ ਸ਼ਰਮਾ
ਨਿੱਜੀ ਪੱਤਰ ਪ੍ਰੇਰਕ
ਮੋਗਾ, 6 ਫ਼ਰਵਰੀ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਆਖਿਆ ਕਿ ਸੂਬੇ ’ਚ 90 ਫੀਸਦੀ ਬਿਮਾਰੀਆਂ ਦਾ ਕਾਰਨ ਗੈਰ ਮਿਆਰੀ ਭੋਜਨ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸੂਬੇ ਦੇ ਲੋਕਾਂ ਤੱਕ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਕਮਿਸ਼ਨ ਵੱਲੋਂ ਮੈਦਾਨੀ ਪੱਧਰ ਉੱਤੇ ਮਿੱਡ-ਡੇਅ ਮੀਲ, ਰਾਸ਼ਨ ਡਿੱਪੂਆਂ ਅਤੇ ਆਂਗਣਵਾੜੀਆਂ ਵਿੱਚ ਜਾ ਕੇ ਖਾਧ ਪਦਾਰਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਨਾਲ ਜੁੜੇ ਕੰਮਾਂ ਸਬੰਧੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਤਿਆਰ ਸ਼ੁੱਧ ਖੁਰਾਕੀ ਉਤਪਾਦਾਂ ਦੀ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਮੰਗ ਵੱਧ ਰਹੀ ਹੈ। ਉਹ 9 ਮੁਲਕਾਂ ਦੇ 31 ਸ਼ਹਿਰਾਂ ਦਾ ਦੌਰਾ ਕਰ ਕੇ ਆਏ ਹਨ। ਉਨ੍ਹਾਂ ਕਮਿਸ਼ਨ ਦਾ ਧਿਆਨ ਸਕੂਲੀ ਬੱਚਿਆਂ ਦੀ ਸਿਹਤ ਵਿੱਚ ਸੁਧਾਰਨ ’ਤੇ ਕੇਂਦ੍ਰਿਤ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਸਕੂਲਾਂ ਵਿੱਚ ਖਾਲੀ ਥਾਵਾਂ ਉੱਤੇ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਵਾਈ ਜਾਵੇ। ਇਥੇ ਪੈਦਾ ਹੋਈਆਂ ਸਬਜ਼ੀਆਂ ਅਤੇ ਫਲਾਂ ਨੂੰ ਮਿੱਡ ਡੇਅ ਮੀਲ ਰਾਹੀਂ ਬੱਚਿਆਂ ਨੂੰ ਖੁਆਇਆ ਜਾਵੇ ਤਾਂ ਜੋ ਬੱਚਿਆਂ ਦੀ ਸਿਹਤ ਲਈ ਜ਼ਰੂਰੀ ਖੁਰਾਕੀ ਤੱਤਾਂ ਦੀ ਪੂਰਤੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਹਦਾਇਤਾਂ ਦਿੱਤੀਆਂ ਕਿ ਖਾਣਾ ਤਿਆਰ ਕਰਨ ਵਾਲਿਆਂ ਕੁੱਕਾਂ, ਹੈਲਪਰਾਂ ਅਤੇ ਹੋਰ ਸਟਾਫ ਦੀ ਹਰੇਕ ਛੇ ਮਹੀਨੇ ਬਾਅਦ ਸਿਹਤ ਜਾਂਚ ਕਰਵਾਈ ਜਾਵੇ। ਸਾਫ ਸਫਾਈ ਅਤੇ ਹੋਰ ਮਿਆਰਾਂ ਸਬੰਧੀ ਕੁੱਕਾਂ ਅਤੇ ਹੋਰ ਸਟਾਫ ਨੂੰ 30 ਅਪਰੈਲ ਤੱਕ ਸਿਖਲਾਈ ਦੇਣ ਅਤੇ ਬਕਾਇਦਾ ਰਿਕਾਰਡ ਰੱਖਣ ਲਈ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਡਿੱਪੂਆਂ, ਆਂਗਣਵਾੜੀ ਸੈਂਟਰਾਂ ਤੇ ਮਿੱਡ-ਡੇਅ ਮੀਲ ’ਚ ਬਹੁਤ ਵੱਡੇ ਪੱਧਰ ’ਤੇ ਸੁਧਾਰ ਦੇਖਣ ਨੂੰ ਮਿਲਣਗੇ ਜਿਸ ਲਈ ਖੁਰਾਕ ਕਮਿਸ਼ਨ ਵੱਲੋਂ ਜ਼ਮੀਨੀ ਪੱਧਰ ’ਤੇ ਜਾ ਕੇ ਕੰਮ ਕੀਤਾ ਜਾ ਰਿਹਾ ਹੈ।