For the best experience, open
https://m.punjabitribuneonline.com
on your mobile browser.
Advertisement

ਬਿਜਲੀ ਸਪਲਾਈ ਠੱਪ ਹੋਣ ’ਤੇ ਮਿੱਲ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ

05:04 AM Dec 01, 2024 IST
ਬਿਜਲੀ ਸਪਲਾਈ ਠੱਪ ਹੋਣ ’ਤੇ ਮਿੱਲ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ
ਫਗਵਾੜਾ ਜੇਸੀਟੀ ਮਿੱਲ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਕਾਮੇ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 30 ਨਵੰਬਰ
ਜੇਸੀਟੀ ਮਿੱਲ ਦੇ ਮਜ਼ਦੂਰਾਂ ਨੇ ਅੱਜ ਮਿੱਲ ਅੰਦਰਲੀ ਕਲੋਨੀ ਦੀ ਬਿਜਲੀ ਸਪਲਾਈ ਕੱਟੇ ਜਾਣ ਖ਼ਿਲਾਫ਼ ਮੁਜ਼ਾਹਰਾ ਕੀਤਾ। ਯੂਨੀਅਨ ਦੇ ਚੇਅਰਮੈਨ ਸੁਨੀਲ ਪਾਂਡੇ ਤੇ ਪ੍ਰਧਾਨ ਰਵੀ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਮਜ਼ਦੂਰ ਮਿੱਲ ਦੇ ਮੁੱਖ ਗੇਟ ’ਤੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਦੱਸਿਆ ਕਿ ਥਾਪਰ ਕਲੋਨੀ ਦੀ ਆਬਾਦੀ ਚਾਰ ਹਜ਼ਾਰ ਦੇ ਕਰੀਬ ਹੈ ਤੇ ਜੇਸੀਟੀ ਮਿੱਲ ਫਗਵਾੜਾ ’ਚ ਕਰੀਬ 25 ਸਾਲਾਂ ਤੋਂ ਮਜ਼ਦੂਰ ਕੰਮ ਕਰ ਰਹੇ ਹਨ। ਹੁਣ ਦੂਜੀ ਵਾਰ ਥਾਪਰ ਕਲੋਨੀ ਨੂੰ ਬਿਜਲੀ ਸਪਲਾਈ ਬੰਦ ਕੀਤੀ ਗਈ ਹੈ, ਜਿਸ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਬਿਜਲੀ ਤੇ ਪਾਣੀ ਨਹੀਂ ਮਿਲ ਰਿਹਾ ਤੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਬਿਜਲੀ ਦੇ ਕਰੋੜਾਂ ਰੁਪਏ ਦੇ ਬਿੱਲ ਬਕਾਇਆ ਹਨ ਪਰ ਮਿੱਲ ਮਾਲਕਾਂ ਨੂੰ ਸਪਲਾਈ ਕੱਟੇ ਜਾਣ ਨਾਲ ਕੋਈ ਫਰਕ ਨਹੀਂ ਜਦਕਿ ਮਜ਼ਦੂਰ ਪ੍ਰੇਸ਼ਾਨ ਹੋ ਰਹੇ ਹਨ। ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਬੈਂਕ ਖਾਤਿਆਂ ’ਚੋਂ ਬਿਜਲੀ ਬਿੱਲ ਦੇ ਪੈਸੇ ਕੱਟੇ ਜਾਣ ਕਾਰਨ ਉਨ੍ਹਾਂ ਦਾ ਕੋਈ ਬਿਜਲੀ ਦਾ ਬਕਾਇਆ ਨਹੀਂ ਹੈ।
ਧਰਨੇ ਦੌਰਾਨ ਔਰਤਾਂ ਨੇ ਮਿੱਲ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਤੇ ਯੂਨੀਅਨ ਨੇ ਮਿੱਲ ਮਾਲਕਾਂ ਨੂੰ ਬਿਜਲੀ ਤੁਰੰਤ ਬਹਾਲ ਕਰਨ ਦੀ ਮੰਗ ਕਰਨ ਦੇ ਨਾਲ ਬਕਾਏ ਦੀ ਪੂਰੀ ਤੇ ਅੰਤਿਮ ਅਦਾਇਗੀ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ। ਸ਼ਿਵ ਸੈਨਾ ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਨੇ ਪੁਲੀਸ ’ਤੇ ਮਿੱਲ ਮਾਲਕ ਸਮੀਰ ਥਾਪਰ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਯੂਨੀਅਨ ਦੇ ਪ੍ਰਧਾਨ ਰਵੀ ਸਿੱਧੂ ਨੇ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਿਸ ਤਰ੍ਹਾਂ ਮਿੱਲ ਦੇ ਗੇਟ ਨੂੰ ਤਾਲਾ ਲਗਾਇਆ ਗਿਆ ਹੈ, ਉਸੇ ਤਰ੍ਹਾਂ ਪਾਵਰਕਾਮ ਸਮੇਤ ਹੋਰ ਸਰਕਾਰੀ ਦਫ਼ਤਰਾਂ ਨੂੰ ਤਾਲਾ ਲਗਾਇਆ ਜਾਵੇਗਾ।

Advertisement

Advertisement
Advertisement
Author Image

Charanjeet Channi

View all posts

Advertisement