ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 1 ਫਰਵਰੀਸਨਅਤੀ ਸ਼ਹਿਰ ਦੇ ਬਾਬਾ ਥਾਨ ਸਿੰਘ ਚੌਕ ਸਥਿਤ ਜਿਮ ਦੇ ਬਾਹਰ ਲੱਗੇ ਬਿਜਲੀ ਮੀਟਰ ਵਿੱਚ ਅੱਜ ਅਚਾਨਕ ਧਮਾਕਾ ਹੋ ਗਿਆ। ਮੀਟਰ ਵਿੱਚੋਂ ਧੁੰਆਂ ਨਿਕਲਦਾ ਦੇਖ ਜਿਮ ਮਾਲਕਾਂ ਨੇ ਇੱਕ ਪ੍ਰਾਈਵੇਟ ਬਿਜਲੀ ਵਾਲੇ ਨੂੰ ਬੁਲਾਇਆ। ਜਦੋਂ ਮੀਟਰ ਚੈੱਕ ਕਰਨ ਮਕੈਨਿਕ ਮੀਟਰ ਵਾਲਾ ਡੱਬਾ ਖੋਲ੍ਹਣ ਲੱਗਿਆ ਤਾਂ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਇਲੈਕਟ੍ਰੀਸ਼ਨ ਝੁਲਸ ਗਿਆ ਤੇ ਨੇੜੇ ਖੜ੍ਹੇ ਜਿਮ ਮਾਲਕ ਦੇ ਵਾਲ ਵੀ ਝੁਲਸ ਗਏ। ਧਮਾਕੇ ਤੋਂ ਬਾਅਦ ਉੱਥੇ ਭਾਜੜਾਂ ਪੈ ਗਈਆਂ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ। ਇਸ ਦੌਰਾਨ ਲੋਕਾਂ ਨੇ ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਜਿਮ ਟਰੇਨਰ ਦੀ ਹਾਲਤ ਠੀਕ ਹੈ ਜਦਕਿ ਮਕੈਨਿਕ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਸੀਐੱਮਸੀ ਹਸਪਤਾਲ ਭੇਜ ਦਿੱਤਾ ਗਿਆ। ਬਿਜਲੀ ਮਕੈਨਿਕ ਦੀ ਪਛਾਣ ਸੁਮਿਤ ਕੁਮਾਰ ਉਰਫ ਸ਼ਸ਼ੀ ਵਾਸੀ ਹਰਬੰਸਪੁਰਾ ਵਜੋਂ ਹੋਈ ਹੈ।