ਬਿਜਲੀ ਦੀਆਂ ਤਾਰਾਂ ਨਜ਼ਦੀਕ ਕੀਤੀਆਂ ਉਸਾਰੀਆਂ ਵਿਰੁੱਧ ਹੋਵੇਗੀ ਕਾਰਵਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੂਨ
ਚੰਡੀਗੜ੍ਹ ਵਿੱਚ ਬਿਜਲੀ ਦੀਆਂ ਤਾਰਾਂ ਨਜ਼ਦੀਕ ਉਸਾਰੀਆਂ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀਪੀਡੀਐੱਲ) ਦੇ ਅਧਿਕਾਰੀਆਂ ਨੇ ਬਿਜਲੀ ਦੀਆਂ ਤਾਰਾਂ ਦੇ ਨਜ਼ਦੀਕ ਬਾਲਕੋਨੀਆਂ, ਚਾਰਦੀਵਾਰੀਆਂ ਜਾਂ ਹੋਰ ਢਾਂਚੇ ਬਣਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਸੀਪੀਡੀਐੱਲ ਦੇ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੀਆਂ ਤਾਰਾਂ ਨਜ਼ਦੀਕ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਆਦੇਸ਼ ਸੀਪੀਡੀਐੱਲ ਨੇ ਬਿਜਲੀ ਦੀਆਂ ਤਾਰਾਂ ਦੇ ਨਜ਼ਦੀਕ ਉਸਾਰੀਆਂ ਕਰ ਕੇ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਲਈ ਕੀਤੇ ਗਏ ਹਨ।
ਸੀਪੀਡੀਐੱਲ ਦੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਕਿਸੇ ਵੀ ਅਣਸੁਖਾਵੀਂ ਘਟਨਾ ਵੀ ਸਬੰਧਤ ਵਿਅਕਤੀ ਨੂੰ ਹੀ ਜ਼ਿੰਮੇਵਾਰ ਠਹਿਰਾਰਿਆ ਜਾਵੇਗਾ। ਉਨ੍ਹਾਂ ਨੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਜਾਂ ਵਪਾਰਕ ਥਾਵਾਂ ’ਤੇ ਬਿਜਲੀ ਦੀਆਂ ਮੁੱਖ ਤਾਰਾਂ ਦੇ ਨਜ਼ਦੀਕ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਜਲਦ ਹਟਾ ਲੈਣ। ਉਨ੍ਹਾਂ ਕਿਹਾ ਕਿ ਜੇ ਨਾਜਾਇਜ਼ ਉਸਾਰੀਆਂ ਨੂੰ ਨਾ ਹਟਾਇਆ ਗਿਆ ਤਾਂ ਯੂਟੀ ਪ੍ਰਸ਼ਾਸਨ ਦੀ ਮਦਦ ਨਾਲ ਬਿਜਲੀ ਮਹਿਕਮੇ ਵੱਲੋਂ ਹਟਾਇਆ ਜਾਵੇਗਾ।
ਬਿਜਲੀ ਮਹਿਕਮੇ ਅਨੁਸਾਰ 11 ਕਿਲੋਵਾਟ ਤੋਂ ਘੱਟ ਦੀਆਂ ਤਾਰਾਂ ਤੋਂ 1.2 ਮੀਟਰ ਤੋਂ 3.7 ਮੀਟਰ ਤੱਕ ਦੀ ਦੂਰੀ ਲਾਜ਼ਮੀ ਰੱਖੀ ਗਈ ਹੈ।