For the best experience, open
https://m.punjabitribuneonline.com
on your mobile browser.
Advertisement

ਬਿਊਸਕੇਪ ਫਾਰਮਜ਼: ਵੰਨ-ਸਵੰਨਤਾ ਭਰੀ ਉਤਮ ਖੇਤੀ

04:09 AM Mar 31, 2025 IST
ਬਿਊਸਕੇਪ ਫਾਰਮਜ਼  ਵੰਨ ਸਵੰਨਤਾ ਭਰੀ ਉਤਮ ਖੇਤੀ
Advertisement
ਜੀਕੇ ਸਿੰਘ ਧਾਲੀਵਾਲ
Advertisement

ਪੰਜਾਬ ਦੀ ਖੇਤੀ ਖੜੋਤ, ਜ਼ਮੀਨ ਥੱਲੇ ਪਾਣੀਆਂ ਦਾ ਪਤਾਲੀਂ ਲੱਗਣਾ, ਬੇਲੋੜੇ ਕੀਟਨਾਸ਼ਕਾਂ ਦਾ ਜ਼ਹਿਰੀਲਾ ਕੀਤਾ ਵਾਤਾਵਰਨ, ਫਸਲੀ ਰਹਿੰਦ-ਖੂੰਹਦ ਸਾੜਨ ਨਾਲ ਗੰਧਲਾ ਤੇ ਪਲੀਤ ਹੋਇਆ ਚੌਗਿਰਦਾ ਅਤੇ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਦੇ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਪਾਸ ਅਜਿਹੇ ਰੋਲ ਮਾਡਲ ਵੀ ਹਨ ਜਿਨ੍ਹਾਂ ਆਪਣੀ ਮਿਹਨਤ ਅਤੇ ਦੂਰ-ਦ੍ਰਿਸ਼ਟੀ ਨਾਲ ਖੇਤੀ ਨੂੰ ਉਤਮ ਵਪਾਰਕ ਕਿੱਤਾ ਬਣਾ ਲਿਆ ਹੈ। ਲਾਂਗੜੀਆਂ ਪਿੰਡ ਦੇ ਢੀਂਡਸਾਂ ਪਰਿਵਾਰ ਦਾ ਬਿਊਸਕੇਪ ਫਾਰਮ ਇਸ ਦੀ ਨਿਵੇਕਲੀ ਅਤੇ ਖੂਬਸੂਰਤ ਉਦਾਹਰਨ ਹੈ।

Advertisement
Advertisement

ਅਵਤਾਰ ਸਿੰਘ ਢੀਂਡਸਾ ਨੇ 1975 ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਲੈਂਡਸਕੇਪ ਅਫਸਰ ਦੀ ਸੁੱਖ-ਅਰਾਮ ਵਾਲੀ ਸਰਕਾਰੀ ਨੌਕਰੀ ਛੱਡ ਕੇ ਆਪਣੇ ਜੱਦੀ ਪਿੰਡ ਲਾਂਗੜੀਆਂ ਵਿੱਚ ਪਿਤਾਪੁਰਖੀ ਫਾਰਮ ਦੇ ਇਕ ਹਿੱਸੇ ਵਿੱਚ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ। ਕਣਕ ਝੋਨਾ ਉਗਾਉਣ ਵਾਲੇ ਖੇਤਾਂ ਵਿੱਚ ਫੁੱਲ ਉਗਾਉਣੇ ਕੋਈ ਸੌਖਾ ਕੰਮ ਨਹੀਂ ਸੀ। ਕਈ ਸਾਲ ਮੀਂਹਾਂ, ਝੱਖੜਾਂ ਨਾਲ ਫ਼ਸਲ ਬਰਬਾਦ ਹੁੰਦੀ ਰਹੀ, ਵਿਤੀ ਘਾਟਾ ਪੈਂਦਾ ਰਿਹਾ ਪਰ ਉਸ ਨੇ ਦਿਲ ਨਹੀਂ ਛੱਡਿਆ। ਆਪਣੀ ਜੀਵਨ ਸਾਥਣ ਗੁੱਡੀ ਦੁਲਟ ਅਤੇ ਛੋਟੇ ਭਰਾ ਭੂਪਿੰਦਰ ਦੇ ਸਹਿਯੋਗ ਨਾਲ ਲੋਕਾਂ ਨਾਲੋਂ ਹਟ ਕੇ ਖੇਤੀ ਵਿੱਚ ਕੁਝ ਨਵਾਂ ਕਰਨ ਦੀ ਰੀਝ ਨਾਲ ਸੰਘਰਸ਼ ਜਾਰੀ ਰਿਹਾ। ਉਤਰੀ ਭਾਰਤ ਦੀ ਕੋਰੇ ਵਾਲੀ ਠੰਢ ਤੋਂ ਬਚਾ ਕੇ ਕਰਨਾਟਕ ਸਟੇਟ ਵਿੱਚ ਲੀਜ਼ ’ਤੇ ਜ਼ਮੀਨ ਲੈ ਕੇ ਫੁੱਲ ਉਗਾਉਣੇ ਸ਼ੁਰੂ ਕੀਤੇ। ਗਰਮੀਆਂ ਵਿੱਚ ਕਸ਼ਮੀਰ ਵਿੱਚ ਫੁੱਲਾਂ ਦੀ ਫ਼ਸਲ ਤਿਆਰ ਕਰਨ ਲਈ ਸਹਿਯੋਗੀ ਲੱਭੇ। ਅੱਜ ਬਿਊਸਕੇਪ ਫਾਰਮਜ਼ ਪੰਜਾਬ ਵਿੱਚ ਇਕ ਹਜ਼ਾਰ ਏਕੜ ’ਤੇ ਫੁੱਲ ਉਗਾ ਰਿਹਾ ਹੈ। ਇਕੱਲੇ ਲਾਂਗੜੀਆਂ ਵਿੱਚ ਡੇਢ ਸੌ ਏਕੜ ’ਤੇ ਫੁੱਲਾਂ ਦੀ ਫ਼ਸਲ ਤਿਆਰ ਕੀਤੀ ਜਾ ਰਹੀ ਹੈ। ਦੱਖਣੀ ਭਾਰਤ ਦੇ ਕਰਨਾਟਕ ਵਿੱਚ ਢਾਈ ਹਜ਼ਾਰ ਏਕੜ ਫੁੱਲਾਂ ਅਧੀਨ ਲਿਆਂਦਾ ਗਿਆ ਹੈ। ਆਪਣੀ ਆਮਦਨ ਸਥਿਰ ਕਰਨ ਲਈ ਸਬਜ਼ੀਆਂ ਅਤੇ ਬੀਜ ਤਿਆਰ ਕਰਨ ਦਾ ਕੰਮ ਵੀ ਨਾਲੋ-ਨਾਲ ਚੱਲ ਰਿਹਾ ਹੈ। ਯੂਰੋਪੀਅਨ ਦੇਸ਼ਾਂ ਤੋਂ ਬਿਨਾ ਆਸਟਰੇਲੀਆ, ਕੋਰੀਆ, ਜਪਾਨ, ਅਮਰੀਕਾ ਅਤੇ ਕਾਫ਼ੀ ਅਫਰੀਕਨ ਦੇਸ਼ ਬਿਊਸਕੇਪ ਫਾਰਮ ਦੇ ਤਿਆਰ ਕੀਤ ਫੁੱਲਾਂ ਦੇ ਬੀਜ ਵਰਤ ਰਹੇ ਹਨ।

ਕਈ ਵਰ੍ਹਿਆਂ ਤੋਂ ਕਿਰਤੀ ਕਿਸਾਨ ਫੋਰਮ ਬਿਊਸਕੇਪ ਫਾਰਮ ’ਤੇ ਜਾ ਕੇ ਅਵਤਾਰ ਸਿੰਘ ਅਤੇ ਉਸ ਦੀ ਟੀਮ ਨਾਲ ਗੱਲਬਾਤ ਕਰਨ ਦੀ ਵਿਉਂਤ ਬਣਾ ਰਿਹਾ ਸੀ। 15 ਮਾਰਚ ਨੂੰ ਫੋਰਮ ਦੇ ਚੇਅਰਮੈਨ ਸਵਰਨ ਸਿੰਘ ਬੋਪਾਰਾਏ ਦੀ ਅਗਵਾਈ ਵਿੱਚ ਦਸ ਮੈਂਬਰੀ ਟੀਮ ਨੇ ਲਾਂਗੜੀਆਂ ਜਾ ਕੇ ਖੇਤੀ ਵਿੱਚ ਹੋ ਰਹੇ ਇਸ ਵਿਲੱਖਣ ਕਾਰਜ ਨੂੰ ਗਹੁ ਨਾਲ ਦੇਖਿਆ। ਆਪਣੇ ਮੁਢਲੇ ਦੌਰ ਦੇ ਸੰਘਰਸ਼ ਦੀ ਬਾਤ ਸੁਣਾਉਂਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਸਰਕਾਰੀ ਨੌਕਰੀ ਛੱਡ ਕੇ ਕੌਮਾਂਤਰੀ ਫਸਾਰ ਵਾਲਾ ਇਹ ਕੰਮ ਇੰਨਾ ਜੋਖਿ਼ਮ ਭਰਿਆ ਸੀ ਕਿ ਸ਼ੁਰੂ ਵਿੱਚ ਮੀਂਹਾਂ ਨਾਲ ਬਰਬਾਦ ਹੁੰਦੀ ਫ਼ਸਲ ਦੇਖ ਹੌਸਲਾ ਟੁੱਟਣ ਕਿਨਾਰੇ ਪਹੁੰਚ ਜਾਂਦਾ ਸੀ। ਅਤਿਵਾਦ ਦੇ ਦੌਰ ਵਿੱਚ ਦਿਹਾਤੀ ਖੇਤਰ ਵਿੱਚ ਇਹੋ ਜਿਹਾ ਕਿਰਤ ਆਧਾਰਿਤ ਕੰਮ ਹੋਰ ਵੀ ਖ਼ਤਰੇ ਵਾਲਾ ਸੀ। ਉਹਨੇ ਅਤੇ ਉਹਦੀ ਜੀਵਨ ਸਾਥਣ ਗੁੱਡੀ ਨੇ ਦੱਸਿਆ ਕਿ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ ਕਾਰਨ ਉਨ੍ਹਾਂ ਨੂੰ ਲੁਧਿਆਣੇ ਰਿਹਾਇਸ਼ ਰੱਖਣੀ ਪਈ। ਉਹ ਹਰ ਰੋਜ਼ ਲੰਮਾ ਸਫਰ ਤੈਅ ਕਰ ਕੇ ਫੁੱਲਾਂ ਦੀ ਫ਼ਸਲ ਨੂੰ ਵੀ ਬੱਚਿਆਂ ਵਾਂਗ ਪਾਲਦੇ ਰਹੇ ਹਨ।

ਆਪਣੀ ਸੰਗਰੂਰ ਅਤੇ ਪਟਿਆਲੇ ਦੀ ਸਿਵਲ ਸੇਵਾ ਦੀ ਨੌਕਰੀ ਤੋਂ ਬਹੁਤ ਪਹਿਲਾਂ ਤੋਂ ਮੈਂ ਢੀਂਡਸਾ ਪਰਿਵਾਰ ਨੂੰ ਨੇੜਿਓਂ ਦੇਖਦਾ ਰਿਹਾ ਹਾਂ। ਫੁੱਲ ਪੈਦਾ ਕਰਨੇ ਅਤੇ ਲੋਕਾਂ ਦੇ ਰਾਹਾਂ ਵਿੱਚੋਂ ਕੰਡੇ ਚੁਗਣੇ ਕੋਈ ਫੁੱਲਾਂ ਵਰਗੀ ਮਹਿਕ ਖਿਲਾਰਦੇ ਲਾਂਗੜੀਆਂ ਵਾਲੇ ਇਸ ਪਰਿਵਾਰ ਤੋਂ ਸਿੱਖੇ। ਪਿਛਲੇ 30 ਸਾਲਾਂ ਤੋਂ ਮੈਂ ਇਨ੍ਹਾਂ ਰਿਸ਼ਤੇਦਾਰਾਂ ਵਰਗੇ ਦੋਸਤਾਂ ਦੀ ਰਵਾਇਤੀ ਖੇਤੀ ਛੱਡ ਕੇ ਕੋਮਲ ਫੁੱਲਾਂ ਦੀ ਖੇਤੀ ਦੇਖਦਾ ਰਿਹਾ ਹਾਂ। ਸ਼ੁਰੂ ਦੇ ਕਈ ਸਾਲਾਂ ਦੇ ਸੰਘਰਸ਼ ਅਤੇ ਘਾਟੇ ਬਾਅਦ ਐਸੀ ਬਰਕਤ ਹੋਈ ਕਿ ਪੂਰੇ ਵਿਸ਼ਵ ਵਿੱਚ ਅਵਤਾਰ ਅਤੇ ਉਸ ਦੀ ਧਰਮ ਪਤਨੀ ਗੁੱਡੀ, ਦੋਵੇਂ, ਫੁੱਲਾਂ ਵਾਲੇ ਢੀਂਡਸਿਆਂ ਵਜੋਂ ਜਾਣੇ ਜਾਨਣ ਲੱਗੇ।

ਜਦ ਫੋਰਮ ਨੇ ਬਿਊਸਕੇਪ ਫਾਰਮ ’ਤੇ ਜਾਣ ਦਾ ਫੈਸਲਾ ਕੀਤਾ ਤਾਂ ਸੱਚ ਮੰਨਿਓਂ, ਚਾਅ ਚੜ੍ਹ ਗਿਆ। ਫੋਰਮ ਦੇ ਸਮੂਹ ਮੈਂਬਰਾਂ ਨੇ ਖੇਤੀ ’ਤੇ ਮੰਡਰਾ ਰਹੇ ਸੰਕਟ ਬਾਰੇ ਚੰਗਾ ਵਿਚਾਰ-ਵਟਾਂਦਰਾ ਕੀਤਾ। ਖੇਤੀ ਮਾਹਿਰ ਦਵਿੰਦਰ ਸ਼ਰਮਾ ਨੇ ਕੌਮਾਂਤਰੀ ਪੱਧਰ ’ਤੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵਲੋਂ ਸਾਡੇ ਦੇਸ਼ ਦੇ ਖੇਤੀ ਖੇਤਰ ਨੂੰ ਖੁੱਲ੍ਹਾ ਕਰਨ ਦੀਆਂ ਕੋਸਿਸ਼ਾਂ ਦੇ ਖ਼ਦਸ਼ਿਆਂ ਬਾਰੇ ਰੌਸ਼ਨੀ ਪਾਈ। ਉਨ੍ਹਾਂ ਸਾਰਿਆਂ ਨੂੰ ਸਾਵਧਾਨ ਕੀਤਾ ਕਿ ਟਰੰਪ ਦੀਆਂ ਤਜਵੀਜ਼ਸ਼ੁਦਾ ਨੀਤੀਆਂ ਨਾਲ ਸਾਡੀ ਖੇਤੀ ਦਾ ਭਵਿੱਖ ਖ਼ਤਰੇ ਵਿੱਚ ਪੈਣਾ ਤੈਅ ਹੈ। ਮੇਜ਼ਬਾਨ ਢੀਂਡਸਾ ਪਰਿਵਾਰ ਦਾ ਲਜ਼ੀਜ਼ ਭੋਜਨ ਖਾਣ ਤੋਂ ਬਾਅਦ ਮੈਥੋਂ ਇਹ ਕਹਿਣੋਂ ਰਿਹਾ ਨਹੀਂ ਗਿਆ ਕਿ ਗੁੱਡੀ, ਲੋਕਾਂ ਦੀਆਂ ਨੂੰਹਾਂ, ਸ਼ਰੀਕੇ ਵਾਲਿਆਂ ਲਈ ਅਕਸਰ ਕੰਡੇ ਬੀਜਦੀਆਂ ਪਰ ਤੂੰ ਪਹਿਲੀ ਸੁਘੜ ਸਿਆਣੀ ਨੂੰਹ ਏਂ ਜਿਸ ਨੇ ਫੁੱਲ ਬੀਜ ਕੇ ਨਵੀਂ ਲੀਹ ਪਾਈ ਹੈ।

ਪੰਜਾਬ ਦੇ ਝੋਨੇ ਕਣਕ ਦੇ ਚੱਕਰ ਤੋਂ ਥੱਕੇ ਕਿਸਾਨਾਂ ਲਈ ਇਹ ਰਾਹ ਦਸੇਰਾ ਵੀ ਹਨ।

ਸੰਪਰਕ: 98140-67632

Advertisement
Author Image

Jasvir Samar

View all posts

Advertisement