ਬਿਆਨੀਆ ਕਵਿਤਾ ਦਾ ਮਹਾਨ ਸ਼ਾਇਰ ਲਾਲਾ ਕਿਰਪਾ ਸਾਗਰ
ਡਾ. ਇਕਬਾਲ ਸਿੰਘ ਸਕਰੌਦੀ
ਵੀਹਵੀਂ ਸਦੀ ਦੇ ਆਰੰਭ ਵਿੱਚ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਬਹੁਤ ਹੀ ਖ਼ੂਬਸੂਰਤ, ਵਿਲੱਖਣ ਅਤੇ ਭਾਵਪੂਰਤ ਢੰਗ ਨਾਲ ਪੇਸ਼ ਕਰਨ ਵਾਲੇ ਲਾਲਾ ਕਿਰਪਾ ਸਾਗਰ ਪੰਜਾਬੀ ਦੇ ਪ੍ਰਸਿੱਧ ਅਤੇ ਮਹਾਨ ਕਵੀ ਹੋਏ ਹਨ। ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬ ਦੀ ਧਰਤੀ ਉੱਤੇ ਕਲ-ਕਲ ਵਹਿੰਦੇ ਦਰਿਆਵਾਂ ਦੀ ਰਵਾਨੀ, ਆਸਮਾਨ ਛੂੰਹਦੇ ਪਹਾੜਾਂ ਦੀਆਂ ਉੱਚੀਆਂ ਚੋਟੀਆਂ, ਪਤਾਲ ਨਾਲੋਂ ਵੀ ਵੱਧ ਡੂੰਘੀਆਂ ਘਾਟੀਆਂ, ਹਰੇ-ਭਰੇ, ਪੱਧਰੇ ਅਤੇ ਵਿਸ਼ਾਲ ਮੈਦਾਨਾਂ, ਪੰਜਾਬੀਆਂ ਦੀ ਰਹਿਣੀ ਬਹਿਣੀ, ਰਸਮਾਂ, ਰੀਤਾਂ, ਰਿਵਾਜਾਂ ਨੂੰ ਬਹੁਤ ਹੀ ਖ਼ੂਬਸੂਰਤ, ਆਕਰਸ਼ਕ, ਉੱਘੜਵੇਂ ਅਤੇ ਕਲਾਤਮਕ ਢੰਗ ਨਾਲ ਚਿਤਰਿਆ ਹੈ।
ਲਾਲਾ ਜੀ ਦਾ ਜਨਮ ਪਿੰਡ ਪਿਪਨਾਖਾ, ਜ਼ਿਲ੍ਹਾ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਵਿੱਚ ਲਾਲਾ ਮਈਆ ਦਾਸ ਦੇ ਘਰ 4 ਮਈ 1875 ਨੂੰ ਹੋਇਆ। ਘਰ ਵਿੱਚ ਅਤਿ ਦੀ ਗ਼ਰੀਬੀ ਹੋਣ ਕਾਰਨ ਉਹ ਉੱਚ ਵਿੱਦਿਆ ਨਾ ਲੈ ਸਕੇ। ਫਿਰ ਵੀ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਆਪਣੇ ਸਿਦਕ, ਸਿਰੜ ਅਤੇ ਲਗਨ ਸਦਕਾ ਉਨ੍ਹਾਂ ਨੇ ਐੱਫ.ਏ. ਦੀ ਡਿਗਰੀ ਹਾਸਲ ਕੀਤੀ। ਉਸ ਉਪਰੰਤ ਜਲਦੀ ਹੀ ਉਨ੍ਹਾਂ ਨੂੰ ਇੱਕ ਸਕੂਲ ਵਿੱਚ ਅਧਿਆਪਕ ਦੇ ਤੌਰ ’ਤੇ ਨਿਯੁਕਤ ਕਰ ਲਿਆ ਗਿਆ। ਕੁਝ ਸਮੇਂ ਬਾਅਦ ਅਧਿਆਪਕ ਦੀ ਨੌਕਰੀ ਛੱਡ ਕੇ ਉਹ ਪੱਤਰਕਾਰੀ ਦੇ ਪਿੜ ਵਿੱਚ ਆ ਗਏ। ਉਨ੍ਹਾਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੁੰਦੇ ਦੋ ਅਖ਼ਬਾਰਾਂ ਲਈ ਸੰਪਾਦਨਾ ਦਾ ਕਾਰਜ ਵੀ ਕੀਤਾ। ਫਿਰ ਉਨ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਕਲਰਕ ਦੀ ਨੌਕਰੀ ਕਰ ਲਈ। ਯੂਨੀਵਰਸਿਟੀ ਵਿੱਚੋਂ ਹੀ ਉਹ ਅਕਾਊਂਟੈਂਟ ਦੇ ਅਹੁਦੇ ਤੋਂ 1934 ਈਸਵੀ ਵਿੱਚ ਸੇਵਾਮੁਕਤ ਹੋਏ।
ਕਵਿਤਾ ਰਚਣ ਦੀ ਲਗਨ ਉਨ੍ਹਾਂ ਨੂੰ ਸਕੂਲ ਪੜ੍ਹਦਿਆਂ ਹੀ ਲੱਗ ਗਈ ਸੀ। ਆਪ ਦੀਆਂ ਰਚੀਆਂ ਮੁੱਢਲੀਆਂ ਕਵਿਤਾਵਾਂ ਉਸ ਸਮੇਂ ਦੇ ਪ੍ਰਸਿੱਧ ਮਾਸਿਕ ਪੱਤਰ ‘ਫੁਲਵਾੜੀ’ ਵਿੱਚ ਛਪਦੀਆਂ ਰਹੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪੰਜਾਬ ਦੀ ਧਰਤੀ ਉੱਤੇ ਵਸਦੇ ਮਨੁੱਖਾਂ ਦੀਆਂ ਲੋੜਾਂ, ਥੁੜ੍ਹਾਂ, ਰੀਝਾਂ, ਚਾਵਾਂ, ਮਲ੍ਹਾਰਾਂ ਅਤੇ ਕੁਦਰਤ ਦੀ ਵਿਸ਼ਾਲਤਾ ਨੂੰ ਬਹੁਤ ਹੀ ਭਾਵਪੂਰਤ ਅਤੇ ਸਲਾਹੁਣਯੋਗ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਕਵੀ ਨੇ ਆਪਣੀ ਕਵਿਤਾ ‘ਮੇਰਾ ਦੇਸ਼ ਪੰਜਾਬ’ ਵਿੱਚ ਪ੍ਰੇਮੀਆਂ ਦੇ ਪਿਆਰ ਦੇ ਗਵਾਹ ਕਲ-ਕਲ ਵਹਿੰਦੇ ਝਨਾਂ ਦਰਿਆ ਦਾ ਖ਼ੂਬਸੂਰਤ ਚਿਤਰਣ ਇੰਝ ਕੀਤਾ ਹੈ:
ਝਨਾਂ ਦਾ ਗੜਗੜ ਦਾ ਰੋੜ੍ਹ ਤਨ ਮਨ ਨੂੰ ਹਰਾ ਕਰਦਾ।
ਤਰਾਵਤ ਦੇ ਕੇ ਜੀਵਨ ਨੂੰ, ਦਿਲਾਂ ਵਿੱਚ ਹੌਸਲਾ ਭਰਦਾ।
ਲਗਨ ਵਿੱਚ ਮਗਨ ਪ੍ਰੀਤਮ ਦੀ, ਵਗੀ ਦਿਨ ਰਾਤ ਜਾਂਦਾ ਏ।
ਚਲੋ ਮਿਲੀਏ! ਚਲੋ ਮਿਲੀਏ! ਸੁਨੇਹਾ ਪਿਆ ਸੁਣਾਂਦਾ ਏ।
ਲਾਲਾ ਕਿਰਪਾ ਸਾਗਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸੰਬੰਧਿਤ ਨਾਟਕ ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ) ਅਤੇ ਮਹਾਰਾਜਾ ਰਣਜੀਤ ਸਿੰਘ (ਭਾਗ ਦੂਜਾ) ਲਿਖ ਕੇ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰੀ ਇਤਿਹਾਸਕ ਨਾਟਕ ਲਿਖਣ ਦੀ ਪਰੰਪਰਾ ਸ਼ੁਰੂ ਕੀਤੀ। ਇਸ ਉਪਰੰਤ ਉਨ੍ਹਾਂ ਨੇ ਪ੍ਰਸਿੱਧ ਅੰਗਰੇਜ਼ੀ ਲਿਖਾਰੀ ਸਰ ਵਾਲਟਰ ਸਕਾਟ (Sir Walter Scott) ਦੀ ਪ੍ਰਸਿੱਧ ਰਚਨਾ ‘ਦਿ ਲੇਡੀ ਆਫ ਦਿ ਲੇਕ’ (The Lady Of The Lake) ਦਾ ਅਨੁਵਾਦ ਲਖ਼ਸ਼ਮੀ ਦੇਵੀ ਮਹਾਂ-ਕਾਵਿ ਦੇ ਰੂਪ ਵਿੱਚ ਕੀਤਾ ਹੈ। ਬੇਸ਼ੱਕ ਇਹ ਇੱਕ ਅਨੁਵਾਦਿਤ ਕ੍ਰਿਤ ਹੈ ਪਰ ਕਵੀ ਨੇ ਆਪਣੀ ਵਿਦਵਤਾ, ਸ਼ਬਦ ਚੋਣ ਦੀ ਵਿਸ਼ਾਲਤਾ, ਪ੍ਰਕਿਰਤੀ ਦੇ ਸੁਹਜ, ਸੁਹੱਪਣ ਤੇ ਸੁੰਦਰਤਾ ਨੂੰ ਇੰਨੇ ਆਕਰਸ਼ਕ ਅਤੇ ਦਿਲ ਟੁੰਬਵੇਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਕਿ ਇਹ ਪੰਜਾਬੀ ਦਾ ਮੌਲਿਕ ਮਹਾਂ-ਕਾਵਿ ਹੀ ਲੱਗਦਾ ਹੈ। ਉਸ ਸਮੇਂ ਲਖ਼ਸ਼ਮੀ ਦੇਵੀ ਮਹਾਂ-ਕਾਵਿ ਨੂੰ ਪੰਜਾਬ ਟੈਕਸਟ ਬੁੱਕ ਕਮੇਟੀ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਲਖ਼ਸ਼ਮੀ ਦੇਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਪਹਿਲਾ ਮਹਾਂ-ਕਾਵਿ ਹੈ, ਜੋ ਵਿਸ਼ਾ, ਕਲਾ ਅਤੇ ਰੂਪਕ ਪੱਖ ਤੋਂ ਸਫ਼ਲ ਅਤੇ ਉੱਤਮ ਮਹਾਂ-ਕਾਵਿ ਮੰਨਿਆ ਗਿਆ ਹੈ। ਕਵੀ ਨੇ ਆਪਣੀ ਵਿਦਵਤਾ ਅਤੇ ਲਿਆਕਤ ਸਦਕਾ ਵਿਦੇਸ਼ੀ ਕਹਾਣੀ ਦੇ ਚੌਖਟੇ ਨੂੰ ਇਸ ਢੰਗ ਨਾਲ ਢਾਲਿਆ ਹੈ ਕਿ ਪੰਜਾਬੀ ਪਾਠਕਾਂ ਨੂੰ ਇਹ ਕਹਾਣੀ ਪੰਜਾਬ ਦੀ ਧਰਤੀ ਉੱਤੇ ਵਾਪਰੀ ਆਪਣੀ ਕਹਾਣੀ ਜਾਪਦੀ ਹੈ। ਕਵੀ ਮੂਲ ਲੇਖਕ ਦੀ ਰਚਨਾ ਨੂੰ ਵਧੀਆ ਢੰਗ ਨਾਲ ਪੇਸ਼ ਕਰਨ ਵਿੱਚ ਕੇਵਲ ਪੂਰੀ ਤਰ੍ਹਾਂ ਸਫ਼ਲ ਹੀ ਨਹੀਂ ਹੋਇਆ, ਸਗੋਂ ਉਸ ਨੇ ਰਚਨਾ ਵਿੱਚ ਪੰਜਾਬੀਆਂ ਦੇ ਮਨਾਂ ਵਿੱਚ ਠਾਠਾਂ ਮਾਰਦੇ ਦੇਸ਼ ਭਗਤੀ ਦੇ ਭਾਵ ਅਤੇ ਜਜ਼ਬੇ ਨੂੰ ਵੀ ਬਹੁਤ ਹੀ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਸਾਰੇ ਬਿਰਤਾਂਤ ਵਿੱਚ ਕਹਾਣੀ ਨੂੰ ਇੰਝ ਗੁੰਦਿਆ ਅਤੇ ਸਜਾਇਆ ਗਿਆ ਹੈ ਕਿ ਪੰਜਾਬੀਆਂ ਦੀ ਚੜ੍ਹਤ ਥਾਂ-ਪੁਰ-ਥਾਂ ਦਿਖਾਈ ਦਿੰਦੀ ਹੈ।
ਇਸ ਮਹਾਂ-ਕਾਵਿ ਵਿੱਚ ਕਵੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਹਾੜੀ ਰਾਜਿਆਂ ਨਾਲ ਹੋਈ ਟੱਕਰ ਨੂੰ ਬਹੁਤ ਹੀ ਖ਼ੂਬਸੂਰਤ ਅਤੇ ਜੋਸ਼ੀਲੇ ਢੰਗ ਨਾਲ ਪੇਸ਼ ਕੀਤਾ ਹੈ। ਬਿਰਤਾਂਤ ਵਿੱਚ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ, ਰੌਦਰ ਰਸ, ਅਦਭੁੱਤ ਰਸ, ਹਾਸ ਰਸ, ਸ਼ਾਂਤ ਰਸ ਆਦਿ ਦੀ ਉਤਪਤੀ ਹੁੰਦੀ ਹੈ। ਕੁਦਰਤ ਦੀ ਵਿਸ਼ਾਲਤਾ, ਸੁੰਦਰਤਾ ਅਤੇ ਸੁਹਜ ਨੂੰ ਚਿਤਰਦੇ ਸਮੇਂ ਕਵੀ ਕਮਾਲ ਦੇ ਉੱਚ ਪੱਧਰ ’ਤੇ ਪਹੁੰਚਦਾ ਹੈ। ਉਹ ਪਾਤਰਾਂ ਦਾ ਚਰਿੱਤਰ ਚਿੱਤਰਣ ਕਰਦੇ ਸਮੇਂ ਵੀ ਬੜੇ ਨਿਆਂ-ਯੁਕਤ ਅਤੇ ਤਰਕਸੰਗਤ ਢੰਗ ਦੀ ਵਰਤੋਂ ਕਰਦਾ ਹੈ। ਕਵੀ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਜੈਮਲ ਸਿੰਘ ਬੰਦਰਾਲ ਦੇ ਕਿਰਦਾਰਾਂ ਨੂੰ ਚਿਤਰਦੇ ਸਮੇਂ ਬਹੁਤ ਹੀ ਨਿਆਂਪੂਰਨ ਢੰਗ ਦੀ ਵਰਤੋਂ ਕੀਤੀ ਹੈ। ਕਵੀ ਨੇ ਆਪਣੇ ਮਹਾਂ-ਕਾਵਿ ਦਾ ਸਾਰਾ ਬਿਰਤਾਂਤ ਸਿਰਜਣ ਸਮੇਂ ਬੇਸ਼ੱਕ ਦੋਹਿਰੇ ਛੰਦ ਦੀ ਮੁੱਖ ਤੌਰ ’ਤੇ ਵਰਤੋਂ ਕੀਤੀ ਹੈ। ਫਿਰ ਵੀ ਕਈ ਥਾਵਾਂ ਉੱਤੇ ਬੈਂਤ ਛੰਦ, ਸਿਰਖੰਡੀ ਛੰਦ, ਕਬਿੱਤ ਛੰਦ, ਕੋਰੜਾ ਛੰਦ ਆਦਿ ਦੀ ਵਰਤੋਂ ਵੀ ਕੀਤੀ ਗਈ ਮਿਲਦੀ ਹੈ। ਬੋਲੀ ਬੜੀ ਠੇਠ, ਸਰਲ ਅਤੇ ਮੁਹਾਵਰੇਦਾਰ ਵਰਤੀ ਗਈ ਹੈ। ਫਿਰ ਵੀ ਕਾਵਿਕ ਤੁਕਾਂ ਵਿੱਚ ਲੈਅ ਪੈਦਾ ਕਰਨ ਲਈ ਕਵੀ ਨੇ ਆਪਣੀ ਵਿਦਵਤਾ ਅਨੁਸਾਰ ਸ਼ਬਦਾਂ ਦੀ ਭੰਨ-ਤੋੜ ਵੀ ਕਰ ਲਈ ਹੈ। ਇਸ ਪ੍ਰਕਾਰ ਕਵੀ ਨਵੇਂ ਸ਼ਬਦ ਸਿਰਜਣ ਵਿੱਚ ਵੀ ਬੜਾ ਅਹਿਮ ਰੋਲ ਨਿਭਾਉਂਦਾ ਹੈ।
ਲਖ਼ਸ਼ਮੀ ਦੇਵੀ ਮਹਾਂ-ਕਾਵਿ ਵਿੱਚ ਕਵੀ ਦੁਆਰਾ ਸਿਰਜੀ ਨਾਟਕੀ ਵਾਰਤਾਲਾਪ ਰਚਨਾ ਨੂੰ ਸਿਖ਼ਰ ਉੱਤੇ ਪਹੁੰਚਾ ਦਿੰਦੀ ਹੈ। ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਬਿਆਨ ਕਰਨ ਸਮੇਂ ਕਵਿਤਾ ਆਪਣੇ ਪੂਰੇ ਜੋਬਨ ਅਤੇ ਨਿਖਾਰ ਵਿੱਚ ਉੱਘੜਦੀ ਹੈ। ਕਵੀ ਦੁਆਰਾ ਚਿਤਰੇ ਦ੍ਰਿਸ਼ ਚਿੱਤਰ ਅਤੇ ਨਾਦ ਚਿੱਤਰ ਉਸ ਦੀ ਰਚਨਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਸੁਆਦਲਾ ਬਣਾ ਦਿੰਦੇ ਹਨ। ਉਸ ਨੇ ਅਲੰਕਾਰਾਂ ਦੀ ਵਰਤੋਂ ਇੰਨੇ ਖ਼ੂਬਸੂਰਤ, ਢੁੱਕਵੇਂ ਅਤੇ ਫੱਬਵੇਂ ਢੰਗ ਨਾਲ ਕੀਤੀ ਹੈ ਕਿ ਉਹ ਸ਼ਬਦਾਂ ਰਾਹੀਂ ਪੂਰੀ ਫਿਲਮ ਪਾਠਕਾਂ ਦੇ ਸਨਮੁੱਖ ਸਾਕਾਰ ਕਰ ਦਿੰਦਾ ਹੈ। ਕਵੀ ਨੇ ਉਪਮਾ ਅਲੰਕਾਰ, ਰੂਪਕ ਅਲੰਕਾਰ, ਦ੍ਰਿਸ਼ਟਾਂਤ ਅਲੰਕਾਰਾਂ ਦੀ ਵਰਤੋਂ ਬਹੁਤ ਹੀ ਸਲਾਹੁਣਯੋਗ ਢੰਗ ਨਾਲ ਕੀਤੀ ਹੈ। ਉਸ ਨੇ ਇਸ ਮਹਾਂ-ਕਾਵਿ ਨੂੰ ਚਿੱਤਰਦਿਆਂ ਬਹੁਤ ਸਾਰੇ ਗੀਤ ਪੁਰਾਣੇ ਲੋਕ-ਗੀਤਾਂ ਦੀ ਤਰਜ਼ ਉੱਤੇ ਥਾਂ-ਥਾਂ ’ਤੇ ਇਸ ਢੰਗ ਨਾਲ ਜੜੇ ਹਨ, ਜਿਹੜੇ ਢੁੱਕਵੇਂ ਵਾਤਾਵਰਨ ਅਤੇ ਵਾਯੂਮੰਡਲ ਕਾਰਨ ਕਵੀ ਦੇ ਹੁਨਰ ਦੀ ਪ੍ਰਬੀਨਤਾ ਦੀ ਗਵਾਹੀ ਦਿੰਦੇ ਹਨ। ਉਸ ਦਾ ਬਿਆਨ ਸਾਦਾ ਪਰ ਜ਼ੋਰਦਾਰ ਹੈ। ਕਵੀ ਨੇ ਲਖ਼ਸ਼ਮੀ ਦੇਵੀ ਮਹਾਂਕਾਵਿ ਵਿੱਚ ਬਹੁਤ ਥਾਂਵਾਂ ਉੱਤੇ ਔਰਤ ਦੀ ਸੁੰਦਰਤਾ, ਸੁਹਜ, ਸੁਹੱਪਣ ਅਤੇ ਜੋਬਨ ਦਾ ਵਿਖਿਆਨ ਕੀਤਾ ਹੈ। ਉਸ ਦੀ ਸਿਰਜਣਾ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਪਈ ਹੈ ਕਿ ਰੁਮਾਂਸ ਸਿਰਜਣ ਵੇਲੇ ਵੀ ਉਹ ਅਸ਼ਲੀਲਤਾ, ਨੰਗੇਜ਼ਵਾਦ ਤੋਂ ਦੂਰ ਖੜ੍ਹਾ ਰਹਿੰਦਾ ਹੈ। ਮਛੂਏ ਵਿੱਚ ਬੈਠੀ ਲਖ਼ਸ਼ਮੀ ਦੇਵੀ ਦਾ ਚਿੱਤਰਣ ਵੇਖਣਯੋਗ ਹੈ:
ਉੱਡੀ ਚੱਪੇ ਲਾਂਦਿਆਂ, ਚੁੰਨੀ ਸਿਰੋਂ ਅਲੱਗ।
ਪੂਰਨਿਮਾ ਦਾ ਚੰਨ ਜਿਉਂ ਚੜ੍ਹਿਆ ਵੇਖੇ ਜੱਗ।
ਰਿਸ਼ਮਾਂ ਨਿਕਲਣ ਚੇਹਰਿਉਂ, ਮਾਤ ਹੋਇਆ ਕੋਹ ਤੂਰ।
ਚੰਚਲ ਨੈਣ ਕਟਾਰੀਆਂ, ਫਿਰ ਵੀ ਸ਼ਰਮ ਹਜ਼ੂਰ।
ਗੱਲ੍ਹਾਂ ਉੱਤੇ ਲਾਲੀਆਂ, ਜੀਕਰ ਸੇਬ ਕਸ਼ਮੀਰ।
ਮੁੱਖੜਾ ਫੁੱਲ ਗੁਲਾਬ ਦਾ, ਕੂਲਾ ਚੁਸਤ ਸਰੀਰ।
ਜਿਵੇਂ ਨਮੂਨਾ ਸੋਹਜ ਦਾ, ਬਿੱਧਮਾਤਾ ਨੇ ਆਪ।
ਦੁਨੀਆਂ ਨੂੰ ਵਡਿਆਣ ਨੂੰ, ਘੜਿਆ ਮਨ ਵਿੱਚ ਥਾਪ।
ਲਾਲਾ ਕਿਰਪਾ ਸਾਗਰ ਨੇ ਲਖ਼ਸ਼ਮੀ ਦੇਵੀ ਮਹਾਂ-ਕਾਵਿ ਵਿੱਚ ਸ਼ਿੰਗਾਰ ਰਸ, ਹਾਸ ਰਸ, ਸ਼ਾਂਤ ਰਸ, ਬੀਰ ਰਸ, ਰੌਦਰ ਰਸ, ਕਰੁਣਾ ਰਸ, ਅਦਭੁੱਤ ਰਸ, ਭਿਆਨਕ ਰਸ ਆਦਿ ਦੀ ਵਰਤੋਂ ਬੜੀ ਖ਼ੂਬਸੂਰਤੀ ਨਾਲ ਕੀਤੀ ਗਈ ਹੈ। ਅਸਲੇਖਾਨੇ ਦੇ ਭੈਅ।ਭੀਤ ਕਰਨ ਵਾਲ਼ੇ ਦ੍ਰਿਸ਼ ਵਿੱਚ ਉਹ ਭਿਆਨਕ ਰਸ ਨੂੰ ਕਮਾਲ ਦੀ ਕਲਾਕਾਰੀ ਨਾਲ ਪੇਸ਼ ਕਰਨ ਵਿੱਚ ਸਫ਼ਲ ਰਿਹਾ ਹੈ:
ਕਿੱਧਰੇ ਢਾਲਾਂ ਟੰਗੀਆਂ, ਕਿੱਧਰੇ ਦੂਜੇ ਸਾਜ਼।
ਪਈਆਂ ਨੇਜ਼ੇ ਬਰਛੀਆਂ, ਜਿਵੇਂ ਵਿਖਾਲਾ ਦਾਜ।
ਕਿੱਧਰੇ ਬਿਗਲਾਂ ਟੰਗੀਆਂ, ਕਿੱਧਰੇ ਰੱਖੇ ਤੀਰ।
ਕਿੱਧਰੇ ਗਈਆਂ ਕੁਹਾੜੀਆਂ, ਟੰਗ ਗਿਆ ਕੋਈ ਬੀਰ।
ਕਿੱਧਰੇ ਨਿਕਲੇ ਸੂਰ ਦੇ, ਦੰਦ ਵਿਰਾਛਾਂ ਪਾੜ।
ਕਿੱਧਰੇ ਜਾਪੇ ਟੱਡਿਆ, ਵੱਡਾ ਮੂੰਹ ਬਘਿਆੜ।
ਬਾਘੜਬਿੱਲੇ ਕਿਸੇ ਜਾ, ਦਿੱਤੀ ਖੱਲ ਉਤਾਰ।
ਕਿੱਧਰੇ ਚਮੜਾ ਸ਼ੇਰ ਦਾ, ਧਰਿਆ ਬਹੁਤ ਸੁਆਰ।
ਬਾਰਾਂਸਿੰਗੇ ਇਕ ਜਾ, ਦਿੱਤਾ ਸੀਸ ਉਤਾਰ।
ਚਿੱਤਰੇ ਬਿੱਟ ਬਿੱਟ ਤੱਕਦੇ, ਦਮ ਨਾ ਸਕਣ ਮਾਰ।
ਲਖ਼ਸ਼ਮੀ ਦੇਵੀ ਤੋਂ ਇਲਾਵਾ ਲਾਲਾ ਕਿਰਪਾ ਸਾਗਰ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਇੱਕ ਹੋਰ ਕਾਵਿ-ਸੰਗ੍ਰਹਿ ‘ਮਨ ਤਰੰਗ’ 1927 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਨ੍ਹਾਂ ਕਵਿਤਾਵਾਂ ਵਿੱਚ ਵੀ ਪੰਜਾਬ ਪਿਆਰ, ਕੁਦਰਤ ਪਿਆਰ, ਦੇਸ਼ ਪਿਆਰ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਪਿਆ ਹੈ। ਇਨ੍ਹਾਂ ਕਵਿਤਾਵਾਂ ਦੀ ਭਾਸ਼ਾ ਇੰਨੀ ਜ਼ਿਆਦਾ ਸਰਲ ਅਤੇ ਠੇਠ ਸੌਖੀ ਪੰਜਾਬੀ ਹੈ ਕਿ ਪਾਠਕਾਂ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੀਆਂ ਹੋਈਆਂ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਲਾਲਾ ਕਿਰਪਾ ਸਾਗਰ ਨੇ ਲਖ਼ਸ਼ਮੀ ਦੇਵੀ ਮਹਾਂ-ਕਾਵਿ ਅਤੇ ਹੋਰ ਕਵਿਤਾਵਾਂ ਵਿੱਚ ਕਾਵਿ ਗੁਣਾਂ ਨਾਲ ਭਰਪੂਰ ਅਜਿਹਾ ਸਾਗਰ ਭਰ ਦਿੱਤਾ ਹੈ ਕਿ ਪੰਜਾਬੀ ਸਾਹਿਤ ਪ੍ਰੇਮੀ ਲਾਲਾ ਜੀ ਦੀ ਮਹਾਨ ਦੇਣ ਨੂੰ ਹਮੇਸ਼ਾ ਲਈ ਆਪਣੇ ਚੇਤਿਆਂ ਵਿੱਚ ਵਸਾਈ ਰੱਖਣਗੇ। ਬਿਆਨੀਆ ਕਵਿਤਾ ਦਾ ਇਹ ਮਹਾਨ ਸ਼ਾਇਰ 19 ਮਈ 1939 ਨੂੰ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਗਿਆ।
ਸੰਪਰਕ: 84276-85020