ਬਾਲ ਵਿਆਹ: ਨਾਬਾਲਿਗ ਬੱਚੀਆਂ ਨੂੰ ਸੁਰੱਖਿਆ ਦਿੱਤੀ

ਪੱਤਰ ਪ੍ਰੇਰਕ
ਮਾਨਸਾ, 10 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਨੂੰ ਪਿਛਲੇ ਇੱਕ ਮਹੀਨੇ ਵਿੱਚ ਸਰਦੂਲਗੜ੍ਹ, ਬੁਢਲਾਡਾ ਅਤੇ ਭੀਖੀ ਬਲਾਕਾਂ ਵਿੱਚ ਬਾਲ ਵਿਆਹਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚ ਦੋ ਬੱਚੀਆਂ ਦੀ ਉਮਰ 17 ਸਾਲ ਅਤੇ ਇੱਕ ਬੱਚੀ 14 ਸਾਲ ਸੀ। ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਸਬੰਧਿਤ ਐੱਸਡੀਐੱਮ, ਸੀਡੀਪੀਓ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਪੁਲੀਸ ਵਿਭਾਗ ਦੀ ਸਾਂਝੀ ਟੀਮ ਨੇ ਨਾਬਾਲਿਗ ਬੱਚੀਆਂ ਦਾ ਬਚਾਅ ਕੀਤਾ ਅਤੇ ਬਾਲ ਭਲਾਈ ਕਮੇਟੀ ਤੋਂ ਸੁਰੱਖਿਆ ਪ੍ਰਦਾਨ ਕਰਵਾਈ ਗਈ। ਮੁਲਜ਼ਮਾਂ ਵਿਰੁੱਧ ਬਾਲ ਵਿਆਹ ਰੋਕੂ ਐਕਟ ਦੇ ਸੈਕਸਨ 9 ਅਤੇ 10, ਆਈਪੀਸੀ ਦੇ ਸੈਕਸ਼ਨ 498, 120 ਬੀ ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਾਲ ਵਿਆਹ ਦੀਆਂ ਇਹ ਘਟਨਾਵਾਂ ਮੰਦਭਾਗੀ ਗੱਲ ਹੈ। ਬਾਲ ਵਿਆਹ ਰੋਕੂ ਐਕਟ 2006 ਬਾਰੇ ਉਨ੍ਹਾਂ ਕਿਹਾ ਕਿ ਸੈਕਸ਼ਨ 11 ਅਨੁਸਾਰ ਜੋ ਵੀ ਬਾਲ ਵਿਆਹ ਲਈ ਜ਼ਿੰਮੇਵਾਰ ਅਤੇ ਇਸ ਵਿੱਚ ਸ਼ਾਮਲ ਹੁੰਦਾ ਹੈ, ਉਸ ਨੂੰ 2 ਸਾਲ ਤੱਕ ਦੀ ਸਜ਼ਾ ਤੇ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਬਾਲ ਵਿਆਹ ਕਾਨੂੰਨੀ ਅਪਰਾਧ ਹੈ, ਜਿਸ ਨਾਲ ਬੱਚੇ ਦੀ ਸਰੀਰਿਕ ਅਤੇ ਮਾਨਸਿਕ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਜਿਆਦਾ ਕੇਸਾਂ ਵਿੱਚ ਮਾਂ-ਬਾਪ ਹੀ ਇਸ ਲਈ ਜ਼ਿੰਮੇਵਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।