ਬਾਰ ਐਸੋਸੀਏਸ਼ਨ ਚੋਣਾਂ: ਪ੍ਰਧਾਨਗੀ ਲਈ ਚਾਰ ਉਮੀਦਵਾਰ ਮੈਦਾਨ ’ਚ
ਐੱਨਪੀ ਧਵਨ
ਪਠਾਨਕੋਟ, 1 ਫਰਵਰੀ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 28 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ ਛੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਮਤਿੰਦਰ ਮਹਾਜਨ ਕੋਲ ਦਾਖ਼ਲ ਕਰਵਾਏ। ਇਨ੍ਹਾਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਵਾਲਿਆਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਸਾਬਕਾ ਪ੍ਰਧਾਨ ਵਿਨੋਦ ਧੀਮਾਨ ਅਤੇ ਮ੍ਰਿਨਾਲ ਮਹਿਤਾ, ਮੀਤ ਪ੍ਰਧਾਨ ਦੇ ਅਹੁਦੇ ਲਈ ਦਰਸ਼ਨ ਸਿੰਘ ਅਤੇ ਰੋਮਿਕਾ ਨੇ ਅਤੇ ਸਕੱਤਰ ਦੇ ਅਹੁਦੇ ਲਈ ਕੇਤਨ ਮਹਾਜਨ ’ਤੇ ਅਮਨਦੀਪ ਅੰਦੋਤਰਾ ਸ਼ਾਮਲ ਸਨ। ਇਸ ਮੌਕੇ ਸਹਾਇਕ ਚੋਣ ਅਧਿਕਾਰੀ ਨੀਲਿਮਾ, ਮੁਸਕਾਨ ਅਤੇ ਸੌਰਭ ਸ਼ਰਮਾ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਦੋ ਐਡਵੋਕੇਟਾਂ ਰਾਜਸਪ੍ਰੀਤ ਸਿੰਘ ਬਾਜਵਾ ਅਤੇ ਸ਼ੈਲੇਂਦਰ ਸੂਰਜਵੰਸ਼ੀ ਵੀ ਪਿਛਲੇ ਦਿਨੀਂ ਪ੍ਰਧਾਨ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਚੁੱਕੇ ਹਨ। ਜਦ ਕਿ ਐਡਵੋਕੇਟ ਮੁਨੀਸ਼ ਸੈਣੀ ਨੇ ਸਕੱਤਰ ਦੇ ਅਹੁਦੇ ਲਈ ਅਤੇ ਐਡਵੋਕੇਟ ਨਵੀਨ ਸੋਨੀ ਨੇ ਜਾਇੰਟ ਸਕੱਤਰ ਦੇ ਆਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਸਨ।
ਰਿਟਰਨਿੰਗ ਅਫ਼ਸਰ ਮਤਿੰਦਰ ਮਹਾਜਨ ਨੇ ਦੱਸਿਆ ਕਿ ਹੁਣ ਤੱਕ ਕੁੱਲ ਪ੍ਰਧਾਨ ਦੇ ਅਹੁਦੇ ਲਈ ਚਾਰ ਉਮੀਦਵਾਰ ਮੈਦਾਨ ਵਿੱਚ ਉਤਰੇ ਹਨ, ਜਦ ਕਿ ਉਪ-ਪ੍ਰਧਾਨ ਦੇ ਅਹੁਦੇ ਲਈ ਦੋ ਉਮੀਦਵਾਰ ਅਤੇ ਸਕੱਤਰ ਲਈ ਤਿੰਨ ਉਮੀਦਵਾਰ ਮੈਦਾਨ ਵਿੱਚ ਆਏ ਹਨ। ਸੋਮਵਾਰ 3 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖ਼ਰੀ ਦਿਨ ਹੈ ਅਤੇ ਉਸ ਤੋਂ ਬਾਅਦ 28 ਫਰਵਰੀ ਨੂੰ ਵੋਟਾਂ ਦੀ ਪੋਲਿੰਗ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਕੱਲੇ ਐਡਵੋਕੇਟ ਨਵੀਨ ਸੋਨੀ ਨੇ ਹੀ ਜਾਇੰਟ ਸਕੱਤਰ ਦੇ ਆਹੁਦੇ ਲਈ ਨਾਮਜਦਗੀ ਦਾਖ਼ਲ ਕੀਤੀ ਹੈ। ਇਸ ਕਰ ਕੇ ਉਹ ਬਿਨਾਂ ਮੁਕਾਬਲਾ ਜਾਇੰਟ ਸਕੱਤਰ ਐਲਾਨੇ ਜਾਣਗੇ।