ਬਾਬੈਨ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਅਪਰੈਲ
ਕਣਕ ਦੀ ਸਰਕਾਰੀ ਖਰੀਦ ਅੱਜ ਇੱਥੇ ਬਾਬੈਨ ਦੀ ਅਨਾਜ ਮੰਡੀ ਵਿੱਚ ਸ਼ੁਰੂ ਹੋ ਗਈ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਤੀਨਿਧ ਕੈਲਾਸ਼ ਸੈਣੀ ਨੇ ਰਸਮੀ ਪੂਜਾ ਕਰਕੇ ਕਣਕ ਖਰੀਦ ਦੇ ਕਾਰਜ ਦਾ ਉਦਘਾਟਨ ਕੀਤਾ ਤੇ ਕਿਸਾਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਕੈਲਾਸ਼ ਸੈਣੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਕਣਕ ਦੀ ਸਮੇਂ ਸਿਰ ਅਦਾਇਗੀ ਕਰਨ ਦੇ ਨਾਲ ਨਾਲ ਉਨ੍ਹ੍ਵਾਂ ਦੀ ਉਪਜ ਦੀ ਸਮੇਂ ਸਿਰ ਤੇ ਪਾਰਦਰਸ਼ੀ ਖਰੀਦ ਨੂੰ ਯਕੀਨੀ ਬਣਾਏਗੀ। ਉਨਾਂ ਕਿਹਾ ਕਿ ਮੰਡੀ ਵਿਚ ਕਣਕ ਦੀ ਖਰੀਦ ਲਈ ਸਫਾਈ, ਤੋਲ, ਲਿਫਟਿੰਗ ,ਪੈਕਿੰਗ, ਭੁਗਤਾਨ ਪ੍ਰਣਾਲੀ ਵਰਗੇ ਸਾਰੇ ਜ਼ਰੂਰੀ ਪ੍ਰਬੰਧ ਪੂਰੇ ਕਰ ਲਏ ਗਏ ਹਨ। ਮੰਡੀ ਵਿੱਚ ਕਣਕ ਵੇਚਣ ਆਏ ਪਹਿਲੇ ਕਿਸਾਨ ਰਾਮ ਚੰਦਰ ਫਾਲਸੰਡਾ ਰਾਂਗੜਾਨ ਦਾ ਮੂੰਹ ਮਿੱਠਾ ਕਰਾਇਆ ਗਿਆ ਤੇ ਹੋਰ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ, ਖੁਰਾਕ ਤੇ ਸਪਲਾਈ ਵਿਭਾਗ ਦੇ ਬ੍ਰਿਜ ਮੋਹਨ ਸ਼ਰਮਾ, ਭਾਜਪਾ ਮੰਡਲ ਬਾਬੈਨ ਦੇ ਪ੍ਰਧਾਨ ਵਿਕਾਸ ਸ਼ਰਮਾ ਜਾਲਖੇੇੜੀ ,ਜਸਵਿੰਦਜ ਜੱਸੀ, ਨਾਇਬ ਸਿੰਘ ਪਟਾਕ ਮਾਜਰਾ, ਮੰਡੀ ਪ੍ਰਧਾਨ ਜਗਦੀਸ਼ ਢੀਂਗੜਾ, ਸਕੱਤਰ ਕੌਸ਼ਲ ਸੈਣੀ, ,ਡਿੰਪਲ ਸੈਣੀ, ਰਾਜ ਕੁਮਾਰ ਮੱਕੜ, ਕ੍ਰਿਸ਼ਨ ਮੱਕੜ ਮੌਜੂਦ ਸਨ। ਕੈਲਾਸ਼ ਸੈਣੀ ਨੇ ਕਿਹਾ ਕਿ ਕਿਸਾਨ ਦੀ ਫਸਲ ਦਾ ਦਾਣਾ ਦਾਣਾ ਸਰਕਾਰ ਵੱਲੋਂ ਖਰੀਦਿਆ ਜਾਏਗਾ ਤੇ ਫਸਲ ਦਾ ਭੁਗਤਾਨ 72 ਘੰਟਿਆਂ ਵਿੱਖ ਕਿਸਾਨਾਂ ਦੇ ਖਾਤਿਆਂ ਵਿੱਚ ਜਮਾਂ ਹੋ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਅੱਜ ਪਹਿਲੇ ਦਿਨ ਖੁਰਾਕ ਤੇ ਸਪਲਾਈ ਵਿਭਾਗ ਨੇ ਬਾਬੈਨ ਅਨਾਜ ਮੰਡੀ ਵਿੱਚ 800 ਕੁਇੰਟਲ ਕਣਕ ਦੀ ਖਰੀਦ ਕੀਤੀ। ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਬ੍ਰਿਜ ਮੋਹਨ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।