ਬਾਬੈਨ ਅਨਾਜ ਮੰਡੀ ਵਿੱਚ ਮੱਕੀ ਤੇ ਸੂਰਜਮੁਖੀ ਦੀ ਆਮਦ ਜਾਰੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਜੂਨ
ਬਾਬੈਨ ਅਨਾਜ ਮੰਡੀ ਵਿਚ ਮੱਕ ਤੇ ਸੂਰਜਮੁਖੀ ਦੀ ਫਸਲ ਦੀ ਆਮਦ ਜਾਰੀ ਹੈ। ਮੰਡੀ ਵਿੱਚ ਗਿੱਲਾ ਮੱਕ 1250 ਤੋਂ ਲੈ ਕੇ 1650 ਰੁਪਏ ਤਕ ਤੇ ਸੁੱਕੇ ਮੱਕ ਦਾ ਭਾਅ 2125 ਰੁਪਏ ਕੁਇੰਟਲ ਤਕ ਚਲ ਰਿਹਾ ਹੈ। ਇਸ ਨਾਲ ਕਿਸਾਨਾਂ ਦੀ ਬੱਲੇ ਬੱਲੇ ਹੋ ਰਹੀ ਹੈ। ਸੂਰਜਮੁਖੀ ਦਾ ਸਰਕਾਰੀ ਭਾਅ 7280 ਰੁਪਏ ਪ੍ਰਤੀ ਕੁਇੰਟਲ ਹੈ ਤੇ ਸਰਕਾਰ ਖਰੀਦ ਕਰ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਮੁਨਾਫਾ ਹੋ ਰਿਹਾ ਹੈ। ਮੰਡੀ ਵਿਚ ਮੱਕ ਵੇਚਣ ਆਏ ਕਿਸਾਨ ਸੁਰੇਸ਼ ਕੁਮਾਰ, ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ, ਸੋਮ ਨਾਥ ਆਦਿ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤੁਲਨਾ ਇਸ ਵਾਰ ਮੱਕ ਦੀ ਬੰਪਰ ਫਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਭਾਅ ਵੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਗਿੱਲਾ ਮੱਕ 1250 ਤੋਂ ਲੈ ਕੇ 1650 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਤੇ ਸੁੱਕਾ 2125 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 200 ਰੁਪਏ ਪ੍ਰਤੀ ਕੁਇੰਟਲ ਵੱਧ ਹੈ। ਮਾਰਕੀਟ ਕਮੇਟੀ ਬਾਬੈਨ ਦੇ ਸਕੱਤਰ ਗੁਰਮੀਤ ਸਿੰਘ ਸੈਣੀ ਦਾ ਕਹਿਣਾ ਹੈ ਕਿ ਇਸ ਵਾਰ ਸੂਰਜਮੁਖੀ ਤੇ ਮੱਕ ਦੀ ਫਸਲ ਦੀ ਪੈਦਾਵਾਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੁਣ ਤਕ 26,159 ਕੁਇੰਟਲ ਮੱਕ ਦੀ ਆਮਦ ਹੋਈ ਸੀ ਜੋ ਇਸ ਸਾਲ ਵੱਧ ਕੇ 30,494 ਕੁਇੰਟਲ ਹੋਈ ਹੈ। ਪਿਛਲੇ ਸਾਲ ਸੂਰਜਮੁਖੀ ਦੀ ਆਮਦ ਹੁਣ ਤਕ 1521 ਕੁਇੰਟਲ ਸੀ ਜੋ ਹੁਣ 3,333 ਕੁਇੰਟਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਰਜਮੁਖੀ ਤੇ ਮੱਕ ਦੀ ਆਮਦ ਜ਼ਿਆਦਾ ਹੋਣ ਕਰਕੇ ਮਾਰਕੀਟ ਕਮੇਟੀ ਫੀਸ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀ ਵਿੱਚ ਸਾਫ ਤੇ ਸੁਕਾ ਕੇ ਲਿਆਉਣ ਤਾਂ ਜੋ ਉਨ੍ਹਾਂ ਨੂੰ ਵੇਚਣ ਵਿੱਚ ਕੋਈ ਦਿੱਕਤ ਨਾ ਆਏ।