ਬਾਬੂ ਰਜਬ ਅਲੀ ਨੂੰ ਯਾਦ ਕਰਦਿਆਂ
ਹਰਮਨਪ੍ਰੀਤ ਸਿੰਘ
ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ ਜਿਹੇ ਕਵੀਸ਼ਰ ਇਸ ਸੰਸਾਰ ’ਤੇ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ। ਬਾਬੂ ਰਜਬ ਅਲੀ ਦਾ ਜਨਮ ਮੁਸਲਮਾਨ ਰਾਜਪੂਤ ਘਰਾਣੇ ਵਿੱਚ ਪਿਤਾ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ, ਜ਼ਿਲ੍ਹਾ ਫਿਰੋਜ਼ਪੁਰ (ਹੁਣ ਜ਼ਿਲ੍ਹਾ ਮੋਗਾ) ਵਿੱਚ 10 ਅਗਸਤ 1894 ਨੂੰ ਹੋਇਆ। ਕਵੀਸ਼ਰੀ ’ਚ ਬਾਦਸ਼ਾਹੀ ਹਾਸਲ ਕਰਨ ਵਾਲੇ ਬਾਬੂ ਰਜਬ ਅਲੀ ਨੂੰ ਕਵੀਸ਼ਰੀ ਦੀ ਗੁੜ੍ਹਤੀ ਕਿਤੋਂ ਬਾਹਰੋਂ ਨਹੀਂ ਸਗੋਂ ਆਪਣੇ ਪਿਤਾ ਤੋਂ ਹੀ ਮਿਲੀ। ਦਰਅਸਲ, ਰਜਬ ਅਲੀ ਦੇ ਪਿਤਾ ਧਮਾਲੀ ਖਾਨ ਅਤੇ ਚਾਚਾ ਹਾਜੀ ਰਤਨ ਵੀ 19ਵੀਂ ਸਦੀ ਦੇ ਬਾਕਮਾਲ ਕਵੀਸ਼ਰ ਸਨ। ਚਾਰ ਭੈਣਾਂ ਦੇ ਸਭ ਤੋਂ ਛੋਟੇ ਭਰਾ ਰਜਬ ਅਲੀ ਨੇ ਆਪਣੀ ਮੁੱਢਲੀ ਸਕੂਲੀ ਸਿੱਖਿਆ ਨੇੜਲੇ ਪਿੰਡ ਬੰਬੀਹਾ ਤੋਂ ਪ੍ਰਾਪਤ ਕਰਨ ਉਪਰੰਤ ਅੱਠਵੀਂ ਜਮਾਤ ਫਿਰੋਜ਼ਪੁਰ ਤੋਂ ਪਾਸ ਕੀਤੀ। ਬਰਜਿੰਦਰਾ ਹਾਈ ਸਕੂਲ, ਫਰੀਦਕੋਟ ਤੋਂ ਦਸਵੀਂ ਜਮਾਤ ਪਾਸ ਕਰਨ ਮਗਰੋਂ ਗੁਜਰਾਤ ਦੇ ਕਾਲਜ ਤੋਂ ਸਿਵਿਲ ਇੰਜਨੀਅਰਿੰਗ ਦਾ ਡਿਪਲੋਮਾ ਪਾਸ ਕੀਤਾ, ਜਿਸ ਨੂੰ ਉਨ੍ਹਾਂ ਸਮਿਆਂ ’ਚ ਓਵਰਸੀਅਰੀ ਕਿਹਾ ਜਾਂਦਾ ਸੀ। ਆਪਣੇ ਬਚਪਨ ਤੋਂ ਜਵਾਨੀ ਦੇ ਸਮੇਂ ਨੂੰ ਸਵੈ-ਜੀਵਨੀ ਦੀ ਕਵਿਤਾ ’ਚ ਬਾਬੂ ਰਜਬ ਅਲੀ ਕਹਿੰਦੇ ਹਨ:
ਸੋਹਣੀਏ ਸਾਹੋ ਪਿੰਡ ਦੀਏ ਵੀਹੇ।
ਬਚਪਨ ਦੇ ਵਿੱਚ ਪੜ੍ਹੇ ਬੰਬੀਹੇ।
ਚੂਰੀ ਖੁਆ ਮਾਂ ਪਾਤੇ ਰਸਤੇ।
ਚੱਕ ਲਏ ਕਲਮ ਦਵਾਤਾਂ ਬਸਤੇ।
ਸ਼ੇਰ, ਨਿਰੰਜਣ, ਮਹਿੰਗੇ ਨੇ।
ਭੁਲਦੀਆਂ ਨਾ ਭਰਜਾਈਆਂ, ਪਾਈਆਂ ਘੁੰਬਰਾਂ ਲਹਿੰਗੇ ਨੇ।
ਪੰਜ ਪਾਸ ਕਰਕੇ ਤੁਰ ਗਏ ਮੋਗੇ।
ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ।
ਪੈਸੇ ਖਾ ਮਠਿਆਈਆਂ ਬਚਦੇ।
ਵੇਂਹਦੇ ਸ਼ਹਿਰ ਸੜਕ ਪਰ ਨਚਦੇ,
ਠੁੰਮ੍ਹ ਠੁੰਮ੍ਹ ਚਕਦੇ ਪੱਬ ਤਾਂ ਜੀ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ।
ਕਰ ਐਂਟਰੈਂਸ ਪਾਸ ਸਕੂਲੋਂ।
ਓਵਰਸੀਅਰ ਬਣੇ ਰਸੂਲੋਂ।
ਜ਼ਿਲੇ ਪਸ਼ੌਰ ਨਹਿਰ ਵਿੱਚ ਭਰਤੀ।
ਦੌਲਤ ਪਾਣੀ ਵਾਂਗੂੰ ਵਰਤੀ।
ਬਹੁਤ ਬਹਾਰਾਂ ਮਾਣੀਆਂ।
ਸੁਰਖ਼ ਮਖ਼ਮਲਾਂ ਵਰਗੇ, ਫਿਰਨ ਪਠਾਣ ਪਠਾਣੀਆਂ।
ਰਜਬ ਅਲੀ ਜਦੋਂ ਸਿੰਚਾਈ ਵਿਭਾਗ ਵਿੱਚ ਨੌਕਰੀ ਕਰਨ ਲੱਗੇ ਤਾਂ ਉਨ੍ਹਾਂ ਦੇ ਨਾਮ ਨਾਲ ਬਾਬੂ ਲੱਗ ਗਿਆ। ਉਨ੍ਹਾਂ ਸਮਿਆਂ ’ਚ ਸਰਕਾਰੀ ਮੁਲਾਜ਼ਮ ਨੂੰ ਸਤਿਕਾਰ ਵਜੋਂ ਬਾਬੂ ਜੀ ਆਖ ਬੁਲਾਇਆ ਜਾਂਦਾ ਸੀ। ਇੱਥੋਂ ਹੀ ਰਜਬ ਅਲੀ ਤੋਂ ਆਪ ਦਾ ਨਾਮ ਬਾਬੂ ਰਜਬ ਅਲੀ ਹੋਇਆ। ਪਿਤਾ ਧਮਾਲੀ ਖਾਨ ਨੇ ਕਵੀਸ਼ਰੀ ਦੇ ਸ਼ੌਕ ਤੇ ਕਾਵਿ-ਚੇਟਕ ਨੂੰ ਦੇਖਦੇ ਰਜਬ ਅਲੀ ਨੂੰ ਉਸ ਸਮੇਂ ਦੇ ਪ੍ਰਸਿੱਧ ਕਿੱਸਾਕਾਰ ਮਾਨ ਸਿੰਘ ਤੋਂ ਪਿੰਗਲ ਦੀ ਸਿੱਖਿਆ ਪ੍ਰਾਪਤ ਕਰਵਾਈ ਤੇ ਬਾਬੂ ਰਜਬ ਅਲੀ ਮਾਲਵੇ ਦੇ ਸਿਰਮੌਰ ਕਵੀਸ਼ਰ ਬਣੇ। ਬਾਬੂ ਰਜਬ ਅਲੀ ਦੇ ਕੁੱਲ ਚਾਰ ਨਿਕਾਹ ਹੋਏ। ਪਹਿਲਾ ਨਿਕਾਹ ਬੀਬੀ ਭਾਗੋ ਨਾਲ ਹੋਇਆ ਅਤੇ ਦੋ ਪੁੱਤਰ ਅਦਾਲਤ ਖਾਂ ਤੇ ਆਕਲ ਖਾਂ ਦਾ ਜਨਮ ਹੋਇਆ। ਦੂਜਾ ਨਿਕਾਹ ਬੀਬੀ ਫ਼ਾਤਿਮਾ ਨਾਲ ਹੋਇਆ ਤੇ ਕੋਈ ਔਲਾਦ ਨਾਂ ਹੋਈ। ਤੀਜਾ ਨਿਕਾਹ ਬੀਬੀ ਰਹਿਮਤ ਨਾਲ ਹੋਇਆ ਅਤੇ ਦੋ ਪੁੱਤਰ ਸ਼ਮਸ਼ੇਰ ਖਾਂ ਤੇ ਅਲੀ ਸਰਦਾਰ ਅਤੇ ਦੋ ਧੀਆਂ ਗੁਲਜ਼ਾਰ ਬੇਗ਼ਮ ਤੇ ਸ਼ਮਸ਼ਾਦ ਬੇਗ਼ਮ ਨੇ ਜਨਮ ਲਿਆ। ਚੌਥਾ ਨਿਕਾਹ ਬੀਬੀ ਦੌਲਤ ਨਾਲ ਹੋਇਆ ਤੇ ਜਲਦ ਹੀ ਤਲਾਕ ਹੋ ਗਿਆ। ਬਾਬੂ ਰਜਬ ਅਲੀ ਨੇ ਸਰਹਿੰਦ ਬਰਾਂਚ ਨਹਿਰ ’ਤੇ ਅਖਾੜਾ ਨਹਿਰੀ ਕੋਠੀ ਤੋਂ ਨੌਕਰੀ ਸ਼ੁਰੂ ਕੀਤੀ ਸੀ। ਪੰਜਾਬ ਦੇ ਸਿੰਚਾਈ ਵਿਭਾਗ ’ਚ ਓਵਰਸੀਅਰ ਵਜੋਂ ਨੌਕਰੀ ਕਰਦੇ ਹੋਏ ਆਮ ਜਨ-ਜੀਵਨ ਵਿੱਚ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਤੇ ਤੰਗੀਆਂ-ਤੁਰਸ਼ੀਆਂ ਅਤੇ ਅੰਗਰੇਜ਼ ਸਰਕਾਰ ਦੇ ਰਾਜ ਨੂੰ ਨੇੜੇ ਹੋ ਕੇ ਮਹਿਸੂਸ ਕੀਤਾ। ਆਪਣੇ ਮਨ ਦੇ ਭਾਵ ਪ੍ਰਗਟ ਕਰਦਿਆਂ ਇੱਕ ਛੰਦ ਰਾਹੀਂ ਬਾਬੂ ਰਜਬ ਅਲੀ ਕਹਿੰਦੇ ਹਨ:
ਭਾਰੇ ਕਣਕਾਂ ਦੇ ਬੋਹਲ, ਤੇ ਕਪਾਹ ਨੂੰ ਲੱਗੇ ਤੋਲ,
ਖੰਡ ਬਣੇ ਰਸ ਡੋਲ੍ਹ, ਲੋਹੇ ਦੇ ਕੜਾਹਿਆਂ ’ਚ।
ਤਿੰਨ ਮੇਲ, ਲੋਕਾਂ ਨੂੰ ਛਕਾਉਂਦੇ ਸਾਹਿਆਂ ’ਚ।
ਪਹਿਲਾਂ ਰਾਕਸ਼ਾਂ ਨੇ ਲੁੱਟੇ, ਫੇਰ ਮੁਗ਼ਲਾਂ ਨੇ ਕੁੱਟੇ,
ਅਬ ਮਸਾਂ ਖਹਿੜੇ ਛੁੱਟੇ, ਅੰਗਰੇਜ਼ ਰਿੰਦ ਤੋਂ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ।
ਬਾਬੂ ਰਜਬ ਅਲੀ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦਾ ਹੋਇਆ ਵੀ ਆਜ਼ਾਦੀ ਦਾ ਪ੍ਰਵਾਨਾ ਬਣਿਆ। 1940 ਵਿੱਚ ਜਦ ਉਹ ਓਵਰਸੀਅਰ ਤੋਂ ਐਸ.ਡੀ.ਓ. ਬਣਨ ਵਾਲਾ ਸੀ ਤਾਂ ਕਿਸੇ ਨੇ ਅੰਗਰੇਜ਼ ਸਰਕਾਰ ਦੇ ਕੰਨੀਂ ਇਹ ਗੱਲ ਪਾ ਦਿੱਤੀ ਕਿ ਬਾਬੂ ਰਜਬ ਅਲੀ ਅੰਗਰੇਜ਼ ਸਰਕਾਰ ਖ਼ਿਲਾਫ਼ ਬਗ਼ਾਵਤੀ ਸਾਹਿਤ ਲਿਖ ਕੇ ਲੋਕਾਂ ਵਿੱਚ ਵੰਡਦਾ ਹੈ। ਜਦੋਂ ਅੰਗਰੇਜ਼ ਅਫਸਰ ਨੇ ਇਸ ਦੀ ਤਫ਼ਤੀਸ਼ ਕੀਤੀ ਤਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪ੍ਰਸੰਗ ਵਿੱਚ ਲਿਖੀ ਕਵਿਤਾ ਦਫ਼ਤਰੀ ਦਸਤਾਵੇਜ਼ ਰੋਜ਼ਨਾਮਚੇ ਵਿੱਚੋਂ ਮਿਲੀ। ਇਸ ਤੋਂ ਨਾਰਾਜ਼ ਹੋ ਕੇ ਤਫ਼ਤੀਸ਼ੀ ਅਫਸਰ ਨੇ ਬਾਬੂ ਰਜਬ ਅਲੀ ਦੀ ਪ੍ਰਮੋਸ਼ਨ ਫਾਈਲ ਸੀਲ ਕਰ ਦਿੱਤੀ। ਪੰਜਾਬੀ ਬੋਲੀ ਨੂੰ ਪਿਆਰ ਕਰਨ ਅਤੇ ਆਪਣੀ ਹਰ ਗੱਲ ਬੇਬਾਕੀ ਨਾਲ ਕਹਿਣ ਤੇ ਲਿਖਣ ਵਾਲੇ ਬਾਬੂ ਰਜਬ ਅਲੀ ਨੇ ਨੌਕਰੀ ਛੱਡ ਕੇ ਦੇਸ਼, ਕੌਮ ਤੇ ਸਮਾਜ ਲਈ ਖੁੱਲ੍ਹ ਕੇ ਲਿਖਿਆ। ਬਾਬੂ ਰਜਬ ਅਲੀ ਅੰਗਰੇਜ਼ ਸਾਮਰਾਜ ਤੋਂ ਵਤਨ ਨੂੰ ਆਜ਼ਾਦ ਕਰਾਉਣ ਲਈ ਕਹਿੰਦੇ ਹਨ:
ਥੋਡਾ ਧਨ ਲੁਟ ਕੇ ਬਣਾ ਲੇ ਬੰਗਲੇ,
ਬਲੈਤ ਵਾਲੇ ਗੋਰਿਆਂ ਨੇ।
ਹਿੰਦ ਦੇ ਧਨਾਢ ਸਾਰੇ ਕੀਤੇ ਕੰਗਲੇ,
ਸੁਕਾ’ਤੇ ਚੰਮ ਝੋਰਿਆਂ ਨੇ।
ਐਹੋ ਜੀ ਖਰੀ ਸਾਮੀ ਦੇ,
ਲਾਹ ਦਿਓ ਗਲਾਂ ’ਚ ਤੌਕ ਗ਼ੁਲਾਮੀ ਦੇ
ਕਹਿਣਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ,
ਪੁੱਤਰ ਇੱਕ ਮਾਂ ਦਿਉ।
ਬੁਰਜ ਉਸਰੇ ਜਿਹੜੇ ਦੇ ਕੇ ਜਾਨਾਂ ਨੂੰ,
ਗਿਰਨ ਹੇਠਾਂ ਬਾਂਹ ਦਿਉ।
ਲੰਮੀ ਫਰਿਆਦ ਗੱਭਰੂਓ,
ਕਰਲੋ ਵਤਨ ਨੂੰ ਆਜ਼ਾਦ ਗੱਭਰੂਓ।
ਸਾਦੇ ਸੁਭਾਅ ਦਾ ਮਾਲਕ, ਸਾਦੇ ਜਿਹੇ ਲੋਕਾਂ ’ਚ ਜੰਮਿਆ-ਪਲਿਆ ਬਾਬੂ ਰਜਬ ਅਲੀ ਆਪਣੀ ਕਵੀਸ਼ਰੀ ਰਾਹੀਂ ਸਾਦੇ ਜਿਹੇ ਢੰਗ ਨਾਲ ਆਪਣੀ ਵਜ਼ਨਦਾਰ ਗੱਲ ਕਹਿ ਜਾਂਦਾ ਸੀ। ਬਾਬੂ ਰਜਬ ਅਲੀ ਨੇ ਮਿਥਿਹਾਸਕ ਕਾਵਿ-ਰਚਨਾਵਾਂ ਤੋਂ ਇਲਾਵਾ ਗੁਰੂ-ਪੀਰਾਂ ਦੇ ਇਤਿਹਾਸ ਅਤੇ ਸਮਾਜ ’ਚ ਵੱਸਦੇ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਦੀਆਂ ਮੁਸ਼ਕਲਾਂ, ਦੁੱਖ-ਦਰਦ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਆਪਣੀ ਕਵੀਸ਼ਰੀ ਕਲਾ ਰਹੀ ਬਾਖ਼ੂਬੀ ਬਿਆਨ ਕੀਤਾ। ਬਾਬੂ ਰਜਬ ਅਲੀ ਨੇ ਕੁੱਲ 81 ਕਿੱਸਿਆਂ ਅਤੇ ਪ੍ਰਸੰਗਾਂ ਦੀ ਰਚਨਾ ਕੀਤੀ ਤੇ ਪਹਿਲੀ ਰਚਨਾ ਹੀਰ 1916 ਵਿੱਚ ਲਿਖੀ। ਬਾਬੂ ਰਜਬ ਅਲੀ ਨੇ ਆਪਣੇ ਆਲੇ-ਦੁਆਲੇ ਵਾਪਰੇ ਬਿਰਤਾਂਤ ਨੂੰ ਬਾਕਮਾਲ ਛੰਦ, ਬੈਂਤ ਤੇ ਕਬਿੱਤ ਦੇ ਰੂਪ ’ਚ ਕਲਮਬੰਦ ਕਰ ਸਮਾਜ ਨੂੰ ਸਮਰਪਿਤ ਕੀਤੇ। ਉਨ੍ਹਾਂ ਦੀ ਸਭ ਤੋਂ ਮਕਬੂਲ ਲਿਖਤ ਬਹੱਤਰ ਕਲਾ ਛੰਦ ਹੋਈ। ਬਾਬੂ ਰਜਬ ਅਲੀ ਆਪਣੇ ਬਹੱਤਰ ਕਲਾ ਛੰਦ ’ਚ ਨੌਜਵਾਨਾਂ ਨੂੰ ਤਕੜੇ ਹੋ ਕੰਮ ਕਰਨ ਦੀ ਤਾਕੀਦ ਕਰਦੇ ਕਹਿੰਦੇ ਹਨ:
ਸਉਂ ਗਏ ਤਾਣ ਚਾਦਰੇ ਵੇ,
ਸੰਤ ਜਗਮੇਲ, ਮੱਖਣ, ਗੁਰਮੇਲ,
ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,
ਕਰੋ ਹਰਨਾੜੀ, ਪਰਾਣੀ ਫੜਕੇ।
ਟੈਮ ਚਾਰ ਵਜੇ ਦਾ ਵੇ,
ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,
ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ।
ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ,
ਕੱਤੇ ਕੰਮ ਭਾਰਾ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,
ਮਹਿਲ ’ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ।
ਪੰਦਰਾਂ ਅਗਸਤ 1947 ਨੂੰ ਜਦੋਂ ਮੁਲਕ ਆਜ਼ਾਦ ਹੋਇਆ ਤਾਂ ਵੱਡੇ ਪੱਧਰ ਉੱਤੇ ਹੋਏ ਆਬਾਦੀ ਦੇ ਤਬਾਦਲੇ ਨੇ ਬਹੁਤ ਕੁਝ ਵੰਡ ਕੇ ਰੱਖ ਦਿੱਤਾ। ਲੱਖਾਂ ਲੋਕਾਂ ਨੂੰ ਨਾ ਚਾਹੁੰਦਿਆਂ ਵੀ ਆਪਣੇ ਘਰ ਛੱਡ ਤਬਾਦਲੇ ਦਾ ਹਿੱਸਾ ਬਣਨਾ ਪਿਆ। ਇਸ ਵੰਡ ਦਾ ਸੰਤਾਪ ਬਾਬੂ ਰਜਬ ਅਲੀ ਨੇ ਵੀ ਆਪਣੇ ਪਿੰਡੇ ’ਤੇ ਹੰਢਾਇਆ।
ਉਨ੍ਹਾਂ ਦਾ ਆਪਣੇ ਪਿੰਡ ਸਾਹੋਕੇ ਤੇ ਮਾਲਵੇ ਦੇ ਇਲਾਕੇ ਨਾਲ ਅਥਾਹ ਮੋਹ ਸੀ। ਉਹ ਆਪਣੀ ਜਨਮ ਭੋਇੰ ਛੱਡ ਕੇ ਜਾਣਾ ਨਹੀਂ ਸਨ ਚਾਹੁੰਦੇ, ਪਰ ਮਜਬੂਰੀਵੱਸ ਆਪਣਾ ਨਗਰ ਖੇੜਾ ਛੱਡ ਕੇ ਪਾਕਿਸਤਾਨ ਜਾਣਾ ਪਿਆ। ਆਪਣਾ ਦਰਦ ਬਿਆਨਦਿਆਂ ਬਾਬੂ ਰਜਬ ਅਲੀ ਕਹਿੰਦੇ ਹਨ:
ਮੰਨ ਲਈ ਜੋ ਕਰਦਾ ਰੱਬ ਪਾਕਿ ਐ।
ਆਉਂਦੀ ਯਾਦ ਵਤਨ ਦੀ ਖ਼ਾਕ ਐ।
ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ।
ਹਾਏ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ।
ਭੜਥਾ ਬਣ ਗਈ ਦੇਹੀ ਐ।
ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ?
ਜਾਂਦੇ ਲੋਕ ਨਗਰ ਦੇ ਰਸ ਬੂ।
ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ।
ਹੋ ਗਿਆ ਜਿਗਰ ਫਾੜੀਉਂ-ਫਾੜੀ।
ਵੱਢਦੀ ਚੱਕ ਚਿੰਤਾ ਬਘਿਆੜੀ,
ਹੱਡੀਆਂ ਸਿੱਟੀਆਂ ਚੱਬ ਤਾਂ ਜੀ।
ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ।
ਬੇਸ਼ੱਕ, ਬਾਬੂ ਰਜਬ ਅਲੀ ਵੰਡ ਮਗਰੋਂ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ’ਚ ਜਾ ਵੱਸੇ ਪਰ ਆਪਣੇ ਪਿੰਡ ਸਾਹੋਕੇ, ਆਪਣੇ ਵਤਨ ਦੀਆਂ ਤਾਂਘਾਂ ਸਦਾ ਹੀ ਉਨ੍ਹਾਂ ਦੇ ਮਨ ’ਚ ਰਹਿੰਦੀਆਂ ਤੇ ਉਹ ਕਹਿੰਦੇ, ‘‘ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ। ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ।’’
ਸਮੇਂ ਨੇ ਕਰਵਟ ਲਈ ਤੇ ਮੁਲਕ ਆਜ਼ਾਦ ਹੋਣ ਤੋਂ ਤਕਰੀਬਨ 17 ਸਾਲ ਬਾਅਦ ਸੰਨ 1965 ’ਚ ਬਾਬੂ ਰਜਬ ਅਲੀ ਨੂੰ ਇੱਕ ਮਹੀਨੇ ਲਈ ਭਾਰਤ ਦਾ ਵੀਜ਼ਾ ਮਿਲ ਗਿਆ। ਜਦੋਂ ਬਾਬੂ ਰਜਬ ਅਲੀ ਦੇ ਆਉਣ ਦੀ ਖ਼ਬਰ ਪਿੰਡ ਸਾਹੋਕੇ ਪੁੱਜੀ ਤਾਂ ਸਾਰਾ ਪਿੰਡ ਖ਼ੁਸ਼ੀ ’ਚ ਝੂਮ ਉੱਠਿਆ। ਉਨ੍ਹਾਂ ਦੇ 53 ਸ਼ਾਗਿਰਦ ਸਮੇਤ ਮਾਲਵੇ ਇਲਾਕੇ ਦੇ ਪ੍ਰਸ਼ੰਸ਼ਕ ਤੇ ਪੁਰਾਣੇ ਬੇਲੀ ਉਨ੍ਹਾਂ ਦੇ ਪਿੰਡ ਆਉਣ ’ਤੇ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਪਿੰਡ ਪੁੱਜਣ ’ਤੇ ਬਾਬੂ ਰਜਬ ਅਲੀ ਦਾ ਭਰਵਾ ਸਵਾਗਤ ਕੀਤਾ ਗਿਆ। ਫੁੱਲਾਂ ਦੀ ਵਰਖਾ ਕਰ ਲੋਕਾਂ ਨੇ ਉਨ੍ਹਾਂ ਨੂੰ ਹੱਥਾਂ ’ਤੇ ਚੁੱਕ ਲਿਆ ਅਤੇ ਪਿੰਡ ਸਾਹੋਕੇ ਵਿੱਚ ਮੇਲਾ ਲਗਵਾਇਆ। ਇਹ ਖ਼ੁਸ਼ੀ ਦੇ ਪਲ ਬਹੁਤਾ ਸਮਾਂ ਨਾ ਰਹੇ। ਅਜੇ ਬਾਬੂ ਰਜਬ ਅਲੀ ਨੇ ਆਪਣੇ ਪਿੰਡ ਸਾਹੋਕੇ ਨੂੰ ਮੁਲਕ ਦੀ ਵੰਡ ਪਿੱਛੋਂ ਚੰਗੀ ਤਰ੍ਹਾਂ ਨਿਹਾਰਿਆ ਵੀ ਨਹੀਂ ਸੀ ਕਿ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗ ਗਈ। ਉਨ੍ਹਾਂ ਨੂੰ ਮਜਬੂਰੀਵੱਸ 10ਵੇਂ, 11ਵੇਂ ਦਿਨ ਪਾਕਿਸਤਾਨ ਮੁੜਨਾ ਪਿਆ। ਉਨ੍ਹਾਂ ਲਈ ਇਹ ਦਰਦ ਸੰਨ 1947 ਦੇ ਵੰਡ ਵਾਲੇ ਸੰਤਾਪ ਤੋਂ ਘੱਟ ਨਹੀਂ ਸੀ। ਜਦੋਂ ਬਾਬੂ ਰਜਬ ਅਲੀ ਸਾਹੋਕੇ ਤੋਂ ਤੁਰਨ ਲੱਗੇ ਤਾਂ ਵੱਡੀ ਗਿਣਤੀ ’ਚ ਉਨ੍ਹਾਂ ਨੂੰ ਚਾਹੁਣ ਵਾਲੇ ਵਿਰਲਾਪ ਕਰ ਰਹੇ ਸਨ। ਆਪਣਾ ਦਰਦ ਬਿਆਨਦਿਆਂ ਬਾਬੂ ਰਜਬ ਅਲੀ ਕਹਿੰਦੇ ਹਨ:
ਠੇਕੇਦਾਰ ਅਨੇਕਾਂ ਨੇ, ਮੇਰੇ ਪਾਸ ਕਰਕੇ ਕੰਮ ਸੁਖ ਭੋਗੇ।
ਜੱਟ ਦਿਲੋਂ ਭੁਲਾਉਂਦੇ ਨਾ, ਜਿਨ੍ਹਾਂ ਦੇ ਲਾ ਤੇ ਦਾਸ ਨੇ ਮੋਘੇ।
ਪੈਦਾਵਾਰ ਵਧਾਤੀ ਸੀ, ਬੋਹਲ ਤੇ ਬੋਹਲ ਲਾਤੀਆਂ ਧਾਂਗਾਂ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ।
ਮੈਨੂੰ ਰੱਖਲੋ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ।
‘ਬਾਬੂ’ ਜਾਣ ਦੇਵਣਾ ਨਾ, ਦਾਸ ਦੀ ਕਬਰ ਬਣਾ ਲੋ ਸਾਹੋ।
ਲਾਸ਼ ਦੱਬ ਦਿਉ ਗਾਮ ਮੇਂ ਜੀ, ਸੱਚੇ ਕੌਲ ਭੌਰ ਪਹੁੰਚ ਜੂ ’ਗ੍ਹਾਂ-ਗ੍ਹਾਂ।
ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ।
ਬਾਬੂ ਰਜਬ ਅਲੀ ਨੂੰ ਵੰਡ ਅਤੇ ਬਚਪਨ ਦੇ ਬੇਲੀਆਂ ਦੇ ਵਿਛੋੜੇ ਦਾ ਦਰਦ ਹਮੇਸ਼ਾ ਰਿਹਾ। ਬਾਬੂ ਰਜਬ ਅਲੀ ਦਾ ਜਨਮ ਚੜ੍ਹਦੇ ਪੰਜਾਬ ’ਚ ਅਤੇ ਦੇਹਾਂਤ ਲਹਿੰਦੇ ਪੰਜਾਬ ’ਚ ਹੋਇਆ। ਕਵੀਸ਼ਰੀ ਦੇ ਬਾਦਸ਼ਾਹ ਬਾਬੂ ਰਜਬ ਅਲੀ 6 ਜੂਨ 1979 ਨੂੰ ਪਾਕਿਸਤਾਨ ਵਿੱਚ ਇਸ ਜਹਾਨੋਂ ਰੁਖ਼ਸਤ ਹੋ ਗਏ। ਉਨ੍ਹਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਕੁੱਲ ਦੁਨੀਆ ’ਚ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਸੰਪਰਕ: 98550-10005