ਅੰਬੇਡਕਰ ਦਾ ਬੁੱਤ ਤੋੜਨ ਖ਼ਿਲਾਫ਼ ਮੁਜ਼ਾਹਰੇ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਜਨਵਰੀ
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਵਿੱਚ ਲੱਗੇ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੇ ਬੁੱਤ ਦੀ ਭੰਨ ਤੋੜ ਕਰਨ ਦੀ ਕਾਰਵਾਈ ਖ਼ਿਲਾਫ਼ ਡਾਕਟਰ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ ਵੱਲੋਂ ਮੁਜ਼ਾਹਰਾ ਕੀਤਾ ਗਿਆ। ਇੱਥੇ ਅੰਬੇਡਕਰ ਪਾਰਕ ਵਿੱਚ ਚੇਤਨਾ ਮੰਚ ਦੇ ਸਰਪ੍ਰਸਤ ਚਰਨ ਸਿੰਘ ਚੋਪੜਾ, ਪ੍ਰਧਾਨ ਬਲਕਾਰ ਸਿੰਘ ਅਤੇ ਜਨਰਲ ਸਕੱਤਰ ਗੁਰਤੇਜ ਸਿੰਘ ਕਾਦਰਾਬਾਦ ਨੇ ਕਿਹਾ ਕਿ 26 ਜਨਵਰੀ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਡਾ. ਅੰਬੇਡਕਰ ਦੇ ਬੁੱਤ ਦੀ ਭੰਨ ਤੋੜ ਕਰਕੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਰਵਾਈ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਜ਼ਿੰਮੇਵਾਰ ਅਨਸਰਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਡਾ. ਰਾਮਪਾਲ ਸਿੰਘ, ਬਹਾਦਰ ਸਿੰਘ ਮਾਲਵਾ , ਰਾਮ ਸਿੰਘ ਸਿੱਧੂ, ਕ੍ਰਿਸ਼ਨ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ ਚੋਪੜਾ, ‘ਆਪ’ ਆਗੂ ਰੋਸ਼ਨ ਲਾਲ ਕਲੇਰ, ਬਿੰਦਰ ਸਿੰਘ ਭਵਾਨੀਗੜ੍ਹ, ਰਾਜਵੀਰ ਸਿੰਘ, ਪ੍ਰਦੀਪ ਸਿੰਘ ਰਾਣਾ, ਅਮਰੀਕ ਸਿੰਘ , ਧਰਮਪਾਲ ਸਿੰਘ, ਡਾ. ਗੁਰਜੰਟ ਸਿੰਘ ਭਾਂਖਰ ਅਤੇ ਬਸਪਾ ਆਗੂ ਹੰਸਰਾਜ ਨਫਰੀਆ ਆਦਿ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ(ਬੀਰ ਇੰਦਰ ਸਿੰਘ ਬਨਭੌਰੀ): ਬਾਬਾ ਸਾਹਿਬ ਡਾ. ਭੀਮ ਰਾਓ ਦਾ ਬੁੱਤ ਤੋੜਨ ਦੀ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੇ ਆਗੂਆਂ ਜੀਤ ਸਿੰਘ ਬੰਗਾ ਅਤੇ ਭੁਪਿੰਦਰ ਸਿੰਘ ਛਾਜਲੀ ਸਰਪ੍ਰਸਤ ਰਾਮ ਸਰੂਪ ਢੈਪਈ ਪ੍ਰਧਾਨ ਅਤੇ ਬਲਵਿੰਦਰ ਸਿੰਘ ਜ਼ਿਲ੍ਹੇਦਾਰ ਜਰਨਲ ਸਕੱਤਰ ਨੇ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਸੰਦੋੜ( ਮੁਕੰਦ ਸਿੰਘ ਚੀਮਾ): ਇਥੇ ਡਾ. ਭੀਮ ਰਾਓ ਵੈੱਲਫੇਅਰ ਸੁਸਾਇਟੀ ਜ਼ਿਲ੍ਹਾ ਮਾਲੇਰਕੋਟਲਾ ਨੇ ਅੱਜ ਦਾਣਾ ਮੰਡੀ ਸੰਦੌੜ ਵਿੱਚ ਮੀਟਿੰਗ ਕਰਕੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡਾ. ਹਰੀਪਾਲ ਸਿੰਘ ਕਸਬਾ ਭਰਾਲ, ਸਰਪੰਚ ਬਲਵੀਰ ਸਿੰਘ ਕਸਬਾ ਭਰਾਲ, ਮਾਸਟਰ ਕੁਲਦੀਪ ਸਿੰਘ ਸੰਦੌੜ,ਪ੍ਰਧਾਨ ਲਾਭ ਸਿੰਘ, ਪ੍ਰੈੱਸ ਸਕੱਤਰ ਜਸਵੀਰ ਸਿੰਘ ਫਰਵਾਲੀ, ਸਤਪਾਲ ਸਿੰਘ ਖੁਰਦ, ਗੁਰਜੰਟ ਸਿੰਘ ਭੌਰਾ ਸੰਦੌੜ, ਜਗਦੀਪ ਸਿੰਘ ਖੁਰਦ, ਨਵਦੀਪ ਸਿੰਘ ਜਲਵਾਣਾ, ਅਜੈਬ ਸਿੰਘ ਮਾਣਕੀ, ਸਤਿਗੁਰੂ ਸਿੰਘ ਕਲਿਆਣ, ਗੁਰਪ੍ਰੀਤ ਸਿੰਘ ਖੁਰਦ ਨੇ ਕਿਹਾ ਕਿ ਅਜਿਹੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।