ਬਾਬਾ ਭਾਨ ਸਿੰਘ ਯਾਦਗਾਰ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਨੂੰ ਹੋਰ ਵਿਕਸਤ ਕਰਨ ਅਤੇ ਪ੍ਰੇਰਣਾਦਾਇਕ ਬਣਾਉਣ ਲਈ ਯਤਨ ਜਾਰੀ ਹਨ। ਇੱਥੇ ਚਾਰ ਦੀਵਾਰੀ ਦਾ ਅਧੂਰਾ ਕੰਮ ਪੂਰਾ ਕਰਨ ਲਈ ਅੱਜ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਦੀ ਅਗਵਾਈ ਵਿੱਚ ਸ਼ੁਰੂਆਤ ਕੀਤੀ ਗਈ। ਇਸ ਯਾਦਗਾਰ ਨੂੰ ਗਦਰੀ ਸ਼ਹੀਦਾਂ ਵੱਲੋਂ ਕਾਲੇ ਪਾਣੀਆਂ ਦੀ ਸੈਲੂਲਰ ਜੇਲ੍ਹ ਦੇ ਰੂਪ ਵਿੱਚ ਗਦਰੀ ਬਾਬਿਆਂ, ਭਗਤ- ਸਰਾਭਿਆਂ ਦੀਆਂ ਕੁਰਬਾਨੀਆਂ ਨੂੰ ਲੋਕਾਂ ਵਿੱਚ ਪ੍ਰਚਾਰਨ ਹਿੱਤ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਅੰਗਰੇਜ਼ਾਂ ਦੇ ਜਬਰ ਸਹਿੰਦਿਆਂ ਦਿੱਤੀਆਂ ਕੁਰਬਾਨੀਆਂ ਨੂੰ ਪੇਂਟਿੰਗਾਂ ਦੇ ਰੂਪ ਵਿੱਚ ਦਰਸਾਉਂਦਾ ਮਿਊਜ਼ੀਅਮ ਤਿਆਰ ਕੀਤਾ ਜਾ ਰਿਹਾ ਹੈ। ਗਦਰੀ ਸ਼ਹੀਦਾਂ ਨੇ ਧਰਮਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਖੂਨ ਵਹਾਇਆ, ਪਰ ਅੱਜ ਦੇ ਸਿਆਸਤਦਾਨ ਮਨੁੱਖਤਾ ਨੂੰ ਧਰਮਾਂ ਵਿੱਚ ਵੰਡਣ ਦੀ ਰਾਜਨੀਤੀ ਰਾਹੀਂ ਗਦਰੀ ਸ਼ਹੀਦਾਂ ਅਤੇ ਦੇਸ਼ ਵਿਰੋਧੀ ਕਾਰਨਾਮੇ ਕਰ ਰਹੇ ਹਨ, ਜਿਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰੋ. ਜਗਮੋਹਨ ਸਿੰਘ ਵੱਲੋਂ ਇਸ ਮੰਤਵ ਨੂੰ ਪੂਰਾ ਕਰਨ ਹਿੱਤ ਦੇਸ਼ ਵਿਦੇਸ਼ ਵਿੱਚ ਵਸਦੇ ਦੇਸ਼ ਵਾਸੀਆਂ ਨੂੰ ਇਸ ਲੋਕ ਹਿਤੈਸ਼ੀ ਕੰਮ ਨੂੰ ਪੂਰਾ ਕਰਨ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।