ਬਾਜਾਖਾਨਾ ਵਿੱਚ ਪੀਲੀਆ ਫੈਲਿਆ, ਪਾਣੀ ਦੇ ਚਾਰ ਨਮੂਨੇ ਫੇਲ੍ਹ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 3 ਫਰਵਰੀ
ਜ਼ਿਲ੍ਹੇ ਦੇ ਪਿੰਡ ਬਾਜਾਖਾਨਾ ਵਿੱਚ ਪੀਲੀਏ ਦਾ ਕਹਿਰ ਵਧਦਾ ਜਾ ਰਿਹਾ ਹੈ। ਇਹ ਸਥਿਤੀ ਲਗਪਗ ਪਿਛਲੇ ਇੱਕ ਮਹੀਨੇ ਤੋਂ ਬਣੀ ਹੋਈ ਹੈ, ਪਰ ਦਸ ਦਿਨਾਂ ਤੋਂ ਹੋਰ ਗੰਭੀਰ ਹੋ ਗਈ ਹੈ। ਪੀਲੀਏ ਤੋਂ ਪ੍ਰਭਾਵਿਤ ਪਿੰਡ ਵਿੱਚ ਜ਼ਿਆਦਾਤਰ ਕੇਸ ਗੁਰਦੁਆਰਾ ਨੰਦਗੜ੍ਹ ਸਾਹਿਬ ਦੇ ਆਸ-ਪਾਸ ਦੇ ਇਲਾਕੇ ਵਿਚੋਂ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪਿੰਡ ਨੂੰ ਸਪਲਾਈ ਹੋ ਰਹੇ ਪਾਣੀ ਦੇ ਲਏ ਗਏ ਨਮੂਨਿਆਂ ਵਿੱਚੋਂ ਚਾਰ ਫੇਲ੍ਹ ਹੋ ਗਏ ਹਨ ਅਤੇ ਇਹ ਪਾਣੀ ਪੀਣ ਯੋਗ ਨਹੀਂ ਹੈ। ਇਨ੍ਹਾਂ ਫੇਲ੍ਹ ਹੋਏ ਨਮੂਨਿਆਂ ਵਿੱਚ ਸਰਕਾਰੀ ਸਕੂਲ, ਪੁਰਾਣਾ ਵਾਟਰ ਵਰਕਸ ਅਤੇ ਗਊਸ਼ਾਲਾ ਦੇ ਨਮੂਨੇ ਵੀ ਸ਼ਾਮਲ ਹਨ।
ਜਾਣਕਾਰੀ ਦੇ ਅਨੁਸਾਰ ਪਿੰਡ ਬਾਜਾਖਾਨਾ ਵਿੱਚ ਪਹਿਲੀ ਜਨਵਰੀ ਤੋਂ ਇੱਕਾ-ਦੁੱਕਾ ਪੀਲੀਏ ਦੇ ਮਰੀਜ਼ ਹਸਪਤਾਲ ਵਿੱਚ ਆਉਣ ਲੱਗੇ ਸਨ, ਪਰ ਇਨ੍ਹਾਂ ਦੀ ਗਿਣਤੀ 20 ਜਨਵਰੀ ਮਗਰੋਂ ਅਚਾਨਕ ਵਧਣੀ ਸ਼ੁਰੂ ਹੋ ਗਈ। ਪੀਲੀਏ ਤੋਂ ਪੀੜਤਾਂ ਦੀ ਗਿਣਤੀ 50 ਦੇ ਕਰੀਬ ਪਹੁੰਚ ਗਈ ਹੈ। ਇਸ ਮਗਰੋਂ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਅਤੇ ਸਰਵੇ ਸ਼ੁਰੂ ਕਰਨ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੇ 100 ਨਮੂਨੇ ਭਰੇੇ ਗਏ। ਰਿਪੋਰਟਾਂ ਤੋਂ ਸਾਹਮਣੇ ਆਇਆ ਕਿ ਪਿੰਡ ਦਾ ਇੱਕ ਖਾਸ ਹਿੱਸਾ ਪੀਲੀਏ ਦੀ ਲਪੇਟ ਵਿੱਚ ਹੈ। ਵਾਟਰ ਵਰਕਸ ਦੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਲ ਜਾਣ ਦਾ ਖਦਸ਼ਾ ਹੈ।
ਬਾਜਾਖਾਨਾ ਹਸਪਤਾਲ ਦੇ ਐੱਸਐੱਮਓ ਡਾ. ਅਵਤਾਰਜੀਤ ਸਿੰੰਘ ਨੇ ਦੱਸਿਆ ਕਿ ਪੀਲੀਏ ਸਬੰਧੀ ਜਾਂਚ ਕਰਨ ਲਈ ਸਾਰੇ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਪੀਲੀਏ ਦੀ ਸ਼੍ਰੇਣੀ ਏ ਅਤੇ ਈ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ ਪੀਣ ਵਾਲੇ ਪਾਣੀ ਵਿੱਚ ਪ੍ਰਦੂਸ਼ਿਤ ਪਾਣੀ ਮਿਲਣ ਕਰਕੇ ਹੀ ਹੋਇਆ ਹੈ। ਇਸ ਲਈ ਪਾਣੀ ਦੇ ਨਮੂਨੇ ਭਰੇ ਗਏ। ਉਨ੍ਹਾਂ ਕਿਹਾ ਕਿ ਸਰਕਾਰੀ ਮਿੱਡਲ ਸਕੂਲ ਲੜਕੇ, ਪੁਰਾਣਾ ਵਾਟਰ ਵਰਕਸ ਦਬੜ੍ਹੀਖਾਨਾ ਰੋਡ, ਗਊਸ਼ਾਲਾ ਅਤੇ ਪ੍ਰਭਾਵਿਤ ਖੇਤਰ ਦੇ ਇੱਕ ਘਰ ਤੋਂ ਲਏ ਗਏ ਪਾਣੀ ਦੇ ਨਮੂਨੇ ਫੇਲ੍ਹ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤੁਰੰਤ ਜਲ ਸਪਲਾਈ ਵਿਭਾਗ ਅਤੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਗਿਆ।
ਪਿੰਡ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ: ਸਿਵਲ ਸਰਜਨ
ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਬਾਜਾਖਾਨਾ ਵਿੱਚ ਪੀਲੀਏ ਸਬੰਧੀ ਰਿਪਰੋਟ ਆਉਣ ਮਗਰੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕਰਵਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਸੇ ਦਿਨ ਤੋਂ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਸਾਫ਼ ਸਪਲਾਈ ਲਈ ਟੈਂਕਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਏ ਅਤੇ ਈ ਸ਼੍ਰੇਣੀ ਦਾ ਪੀਲੀਆ ਸਿਰਫ ਪੀਣ ਵਾਲੇ ਪਾਣੀ ਨਾਲ ਹੀ ਫੈਲਦਾ ਹੈ ਅਤੇ ਹੁਣ ਸਥਿਤੀ ਕਾਬੂ ਹੇਠ ਹੈ।