ਬਾਜਵਾ ਗੱਲ ਨੂੰ ਕਿਸੇ ਤਣ-ਪੱਤਣ ਲਾਉਣ ਜਾਂ ਮੁਆਫ਼ੀ ਮੰਗਣ: ਅਰੋੜਾ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 15 ਅਪਰੈਲ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਿੱਜੀ ਚੈਨਲ ’ਤੇ ਇੰਟਰਵਿਊ ਦੌਰਾਨ ਪੰਜਾਬ ਵਿੱਚ ਬੰਬ ਆਉਣ ਬਾਰੇ ਕੀਤੇ ਖ਼ੁਲਾਸੇ ਤੋਂ ਬਾਅਦ ਸੂਬੇ ਦੀ ਸਿਆਸਤ ਭਖ ਗਈ ਹੈ। ਇਸ ਮੁੱਦੇ ’ਤੇ ਕਾਂਗਰਸੀ ਅਤੇ ‘ਆਪ’ ਵਾਲੰਟੀਅਰ ਆਹਮੋ ਸਾਹਮਣੇ ਆ ਗਏ ਹਨ। ਬਾਜਵਾ ਨੂੰ ਅੱਜ ਪੁੱਛ ਪੜਤਾਲ ਲਈ ਮੁਹਾਲੀ ਥਾਣੇ ਵਿੱਚ ਸੱਦਿਆ ਗਿਆ। ਇਸ ਸਬੰਧੀ ਜਿੱਥੇ ਕਾਂਗਰਸ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਦੂਜੇ ਪਾਸੇ ਮੁਹਾਲੀ ਵਿੱਚ ‘ਆਪ’ ਵਾਲੰਟੀਅਰ ਵੀ ਕਾਂਗਰਸ ਖ਼ਿਲਾਫ਼ ਸੜਕਾਂ ’ਤੇ ਉਤਰ ਆਏ।
ਮੁਹਾਲੀ ਦੇ ਫੇਜ਼-2 ਮਾਰਕੀਟ ਦੀ ਪਾਰਕਿੰਗ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ‘ਆਪ’ ਦੇ ਸੂਬਾਈ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੇ ਪ੍ਰਤਾਪ ਬਾਜਵਾ ਤੱਥਾਂ ਦੇ ਆਧਾਰ ’ਤੇ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਪੁਖ਼ਤਾ ਜਾਣਕਾਰੀ ਸਰਕਾਰ ਜਾਂ ਪੁਲੀਸ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਪੰਜਾਬ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਅਹਿਮ ਮਾਮਲਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਹੁਣ ਇਸ ਗੱਲ ਨੂੰ ਜਾਂ ਤਾਂ ਕਿਸੇ ਤਣ ਪਤਣ ਲਾਉਣ ਜਾਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਕਿ ਉਨ੍ਹਾਂ ਕੋਲੋਂ ਜਲਦਬਾਜ਼ੀ ਵਿੱਚ ਗਲਤੀ ਹੋ ਗਈ ਹੈ। ਕਾਂਗਰਸੀਆਂ ਵੱਲੋਂ ਸਰਕਾਰ ’ਤੇ ਸਿਆਸੀ ਬਦਲਾਖੋਰੀ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਪੁਲੀਸ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੀ ਹੈ ਅਤੇ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹ ਗੱਲ ਤਾਂ ਸਾਫ਼ ਹੈ ਕਿ ਬਾਜਵਾ ਨੂੰ ਬੰਬਾਂ ਬਾਰੇ ਪੂਰੀ ਜਾਣਕਾਰੀ ਹੈ ਜਾਂ ਉਹ ਇਨ੍ਹਾਂ ਦੇ ਫਟਣ ਦਾ ਇੰਤਜ਼ਾਰ ਕਰ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਾਜਵਾ ਨੂੰ ਉਕਤ ਜਾਣਕਾਰੀ ਸਾਂਝੀ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇਸ ਮੌਕੇ ਕੈਬਨਿਟ ਮੰਤਰੀ ਰਵਜੋਤ ਕੌਰ ਤੇ ਮਹਿੰਦਰ ਭਗਤ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਆਦਿ ਹਾਜ਼ਰ ਸਨ।