ਬਾਜਵਾ ਖ਼ਿਲਾਫ਼ ਕੇਸ ਨੇ ਪਾਟੋਧਾੜ ਕਾਂਗਰਸ ਵਿੱਚ ਪਾਈ ਜਾਨ
ਚਰਨਜੀਤ ਭੁੱਲਰ
ਚੰਡੀਗੜ੍ਹ, 15 ਅਪਰੈਲ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਦਰਜ ਪੁਲੀਸ ਕੇਸ ਨੇ ਪਾਟੋਧਾੜ ਹੋਈ ਪੰਜਾਬ ਕਾਂਗਰਸ ’ਚ ਰੂਹ ਫੂਕਣ ਦਾ ਮੌਕਾ ਦੇ ਦਿੱਤਾ ਹੈ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਾਜਵਾ ਖ਼ਿਲਾਫ਼ ਦਰਜ ਕੇਸ ਦੇ ਮਾਮਲੇ ’ਚ ਹਾਅ ਦਾ ਨਾਅਰਾ ਮਾਰਿਆ ਹੈ। ਬੰਬਾਂ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਖ਼ਿਲਾਫ਼ ਦਰਜ ਕੇਸ ਦੇ ਕਾਨੂੰਨੀ ਨਤੀਜੇ ਕੁੱਝ ਵੀ ਨਿਕਲਣ ਪਰ ਪੰਜਾਬ ਕਾਂਗਰਸ ਦੇ ਪਹਿਲੀ ਕਤਾਰ ਦੇ ਨੇਤਾਵਾਂ ਨੂੰ ਇਸ ਕੇਸ ਨੇ ਸਿਆਸੀ ਜੱਫੀ ਪਵਾ ਦਿੱਤੀ ਹੈ। ਤਿੰਨ ਵਰ੍ਹਿਆਂ ਮਗਰੋਂ ਸ਼ਾਇਦ ਇਹ ਪਹਿਲਾ ਜਨਤਕ ਮੌਕਾ ਹੋਵੇਗਾ ਕਿ ਕਾਂਗਰਸੀ ਆਗੂ ਇੱਕ ਸਟੇਜ ’ਤੇ ਪਹਿਲੀ ਕਤਾਰ ’ਚ ਬੈਠੇ ਹਨ।
ਕਾਂਗਰਸ ਹਾਈਕਮਾਨ ਨੇ ਵੀ ਬਾਜਵਾ ਦੇ ਮਾਮਲੇ ’ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਇਕਜੁੱਟ ਰਹਿਣ ਦਾ ਦਬਕਾ ਮਾਰਿਆ ਹੈ। ਦੋ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਆਗੂਆਂ ਨੂੰ ਇੱਕ-ਦੂਸਰੇ ਖ਼ਿਲਾਫ਼ ਕੋਈ ਵੀ ਬਿਆਨਬਾਜ਼ੀ ਨਾ ਕਰਨ ਦੀ ਨਸੀਹਤ ਦਿੱਤੀ ਸੀ। ਬਾਜਵਾ ਦੇ ਮਾਮਲੇ ’ਚ ਕਿਸੇ ਨੇਤਾ ਨੇ ਹਾਲੇ ਤੱਕ ਸਿਆਸੀ ਨਜ਼ਰੀਏ ਤੋਂ ਟੇਢੀ ਗੱਲ ਨਹੀਂ ਕੀਤੀ। ਅੱਜ ਜਦੋਂ ਮੁਹਾਲੀ ਥਾਣੇ ਅੱਗੇ ਕਾਂਗਰਸ ਨੇ ਧਰਨਾ ਮਾਰਿਆ ਤਾਂ ਸਾਰੇ ਆਗੂ ਇੱਕੋ ਮੰਚ ’ਤੇ ਨਜ਼ਰ ਆਏ। ਇਕੱਲੇ ਭਾਰਤ ਭੂਸ਼ਨ ਆਸ਼ੂ ਇਸ ਮੌਕੇ ਹਾਜ਼ਰ ਨਹੀਂ ਸਨ।
ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਚੰਨੀ ਅਕਸਰ ਘੱਟ ਨਜ਼ਰ ਆਉਂਦੇ ਹਨ ਪਰ ਅੱਜ ਉਹ ਵੀ ਸਟੇਜ ’ਤੇ ਮੌਜੂਦ ਸਨ। ਹਾਲਾਂਕਿ ਕਾਂਗਰਸ ਨੇ ਕੁੱਝ ਦਿਨ ਪਹਿਲਾਂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਨੋਟਿਸ ਦਿੱਤਾ ਸੀ ਪਰ ਅੱਜ ਉਹ ਵੀ ਇਸ ਮੌਕੇ ਹਾਜ਼ਰ ਸਨ। ਪਹਿਲੀ ਕਤਾਰ ਦੇ ਨੇਤਾਵਾਂ ’ਚੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪਰਗਟ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ, ਬ੍ਰਹਮ ਮਹਿੰਦਰਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਆਦਿ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।
ਸੂਤਰ ਦੱਸਦੇ ਹਨ ਕਿ ਦੋ ਦਿਨਾਂ ਤੋਂ ਕਾਂਗਰਸੀ ਆਗੂ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਇੰਚਾਰਜ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਰਾਬਤੇ ਵਿੱਚ ਹਨ। ਮੁਹਾਲੀ ਜਾਣ ਤੋਂ ਪਹਿਲਾਂ ਅੱਜ ਕਾਂਗਰਸੀ ਆਗੂਆਂ ਨੇ ਇੱਥੇ ਕਾਂਗਰਸ ਭਵਨ ’ਚ ਮੀਟਿੰਗ ਕੀਤੀ ਅਤੇ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਕਹੀ ਗੱਲ ’ਤੇ ਸਟੈਂਡ ਦੁਹਰਾਇਆ।
ਰਾਜਾ ਵੜਿੰਗ ਨੇ ਪੁਲੀਸ ਅਫ਼ਸਰਾਂ ਨੂੰ ਕਿਹਾ ਕਿ ਉਹ ‘ਆਪ’ ਦੇ ਸਿਆਸੀ ਦਬਾਅ ਅੱਗੇ ਨਾ ਝੁਕਣ ਅਤੇ ਕਾਂਗਰਸ ਹਰ ਉਸ ਅਧਿਕਾਰੀ ਨੂੰ ਨਹੀਂ ਭੁੱਲੇਗੀ, ਜਿਸ ਵੱਲੋਂ ਕਾਂਗਰਸੀ ਆਗੂਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਨੂੰ ਘੇਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਖ਼ਾਲਿਸਤਾਨ ਪੱਖੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੇ 2017 ਅਤੇ 2022 ਵਿੱਚ ‘ਆਪ’ ਮੁਹਿੰਮ ਨੂੰ ਵਿੱਤੀ ਸਹਾਇਤਾ ਦੇਣ ਦੇ ਖ਼ੁਲਾਸੇ ਦੀ ਹੁਣ ਤੱਕ ਕੋਈ ਜਾਂਚ ਕਿਉਂ ਨਹੀਂ ਕੀਤੀ।
ਸੂਬਾ ਸਰਕਾਰ ਨੇ ਪੰਜਾਬ ਕਾਂਗਰਸ ਨੂੰ ਇਕਜੁੱਟ ਹੋਣ ਦਾ ਸੁਨਹਿਰੀ ਮੌਕਾ ਦਿੱਤਾ: ਰੰਧਾਵਾ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਤਾਂ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪੰਜਾਬ ਕਾਂਗਰਸ ’ਚ ਜਾਨ ਪਾ ਦਿੱਤੀ ਅਤੇ ਇਕਜੁੱਟ ਹੋਣ ਦਾ ਸੁਨਹਿਰੀ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਦਲਾਖੋਰੀ ਦੇ ਇਸ ਕੇਸ ਨਾਲ ਕਾਂਗਰਸੀ ਆਗੂ ਅਤੇ ਵਰਕਰ ਹੁਣ ਘਰਾਂ ’ਚੋਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੀ ਭੁੱਲ ਕੀਤੀ ਤਾਂ ਕਾਂਗਰਸ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰੇਗੀ। ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੇ ਕਾਂਗਰਸ ਨੂੰ ਸੜਕ ’ਤੇ ਉੱਤਰਨ ਦਾ ਮੌਕਾ ਦਿੱਤਾ ਅਤੇ ਸਭ ਆਗੂ ਮਤਭੇਦ ਭੁਲਾ ਕੇ ਇਕਜੁੱਟ ਹੋਏ ਹਨ।