ਬਾਜਰੀ ਤੋਤੇ
ਸ਼ਾਦੀ ਰਾਮ ਭੂਪਾਲ
ਗੱਲ ਕਰ ਰਿਹਾ ਹਾਂ ਤਕਰੀਬਨ ਅੱਧੀ ਸਦੀ ਪਹਿਲਾਂ 1970ਵਿਆਂ ਦੀ ਜਦ ਮੈਂ ਸਾਡੇ ਨਾਲ ਦੇ ਪਿੰਡ ਰੱਲੇ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦਾ ਸੀ। ਉਨ੍ਹੀਂ ਦਿਨੀਂ ਸਾਡੇ ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਬਹੁਤ ਦੂਰ ਤੋਂ ਹੁੰਦੀ ਸੀ। ਇਸ ਦਾ ਇੱਕ ਕਾਰਨ ਸਾਡੇ ਇਲਾਕੇ ਵਿੱਚ ਸਕੂਲ/ਕਾਲਜਾਂ ਦੀ ਘਾਟ ਹੋਣ ਦੇ ਨਾਲ-ਨਾਲ ਵਸੀਲੇ ਵੀ ਬਹੁਤ ਹੀ ਸੀਮਤ ਸਨ। ਉੱਚ ਸਿੱਖਿਆ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਸੀ। ਦੂਰੇ ਆਏ ਸਾਰੇ ਅਧਿਆਪਕ ਆਪੋ-ਆਪਣੇ ਪਰਿਵਾਰ ਸਮੇਤ ਲਗਭਗ ਪਿੰਡਾਂ ਵਿੱਚ ਹੀ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਉਨ੍ਹਾਂ ਦਿਨਾਂ ਦੌਰਾਨ ਰੱਲੇ ਸਕੂਲ ਵਿੱਚ ਮਾਸਟਰ ਬੰਤ ਰਾਮ ਜੀ ਬਤੌਰ ਮੁੱਖ ਅਧਿਆਪਕ ਆਏ ਜੋ ਫਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਵਿਸ਼ਾ ਗਣਿਤ ਸੀ ਤੇ ਉਹ ਬਹੁਤ ਕਾਬਲ ਅਧਿਆਪਕ ਸਨ। ਉਹ ਆਪ ਜਮਾਤ ਘੱਟ ਹੀ ਲੈਂਦੇ ਸਨ ਪਰ ਉਨ੍ਹਾਂ ਨੂੰ ਜਮਾਤ ਵਿੱਚ ਜਾ ਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਣਾ ਚੰਗਾ ਲੱਗਦਾ ਸੀ। ਇਸ ਨਾਲ ਉਹ ਬੱਚਿਆਂ ਦਾ ਅਤੇ ਪੜ੍ਹਾਉਣ ਵਾਲੇ ਅਧਿਆਪਕ ਦਾ ਪੱਧਰ ਵੀ ਚੈੱਕ ਕਰ ਲੈਂਦੇ ਸਨ। ਉਦੋਂ ਮੁੱਖ ਅਧਿਆਪਕ ਦਾ ਰੋਅਬ ਵੀ ਬਹੁਤ ਹੁੰਦਾ ਸੀ। ਬੱਚੇ ਅਤੇ ਅਧਿਆਪਕ ਬਹੁਤ ਡਰਦੇ ਸਨ; ਕਾਰਨ ਸੀ- ਉਨ੍ਹਾਂ ਦਾ ਪੜ੍ਹਾਈ ਅਤੇ ਬੱਚਿਆਂ ਪ੍ਰਤੀ ਬੇਸ਼ੁਮਾਰ ਸਮਰਪਣ, ਨਵੀਨਤਾ ਅਤੇ ਧੀਰਜ।
ਜਦ ਅਸੀਂ ਨਵੇਂ-ਨਵੇਂ 10ਵੀਂ ਜਮਾਤ ’ਚ ਦਾਖ਼ਲ ਹੋਏ ਤਾਂ ਇੱਕ ਦਿਨ ਉਹ ਸਾਡੀ ਜਮਾਤ ਵਿੱਚ ਆਏ ਤੇ ਆਉਂਦੇ ਸਾਰ ਗਣਿਤ ਦਾ ਸਵਾਲ ਪਾ ਦਿੱਤਾ। ਕੋਈ ਵੀ ਵਿਦਿਆਰਥੀ ਉਹ ਸਵਾਲ ਹੱਲ ਨਹੀਂ ਕਰ ਸਕਿਆ। ਉਹ ਗੁੱਸੇ ਹੋਏ, ਮੌਨੀਟਰ ਨੂੰ ਖੜ੍ਹਾ ਹੋਣ ਲਈ ਕਿਹਾ। ਮੌਨੀਟਰ ਮੈਂ ਸੀ ਤੇ ਡਰਦਾ-ਡਰਦਾ ਖੜ੍ਹਾ ਹੋ ਗਿਆ। ਮੇਰੀ ਮਾਸੂਮੀਅਤ ਦੇਖ ਕੇ ਝੱਟ ਬੈਠਣ ਲਈ ਕਹਿ ਦਿੱਤਾ ਤੇ ਆਪਣਾ ਭਾਸ਼ਣ ਸ਼ੁਰੂ ਕਰ ਲਿਆ। ਬਹੁਤ ਭੜਾਸ ਕੱਢੀ। ਕਹਿੰਦੇ, ਤੁਸੀਂ ਸਾਰੇ ਬਾਜਰੀ ਤੋਤੇ ਓ, ਜੰਮਦਿਆਂ ਨੂੰ ਤੁਹਾਡੀਆਂ ਮਾਵਾਂ ਅਫੀਮ ਦੇਣ ਲੱਗ ਜਾਂਦੀਆਂ; ਦੂਜਾ, ਖਾ-ਖਾ ਬਾਜਰਾ ਤੁਹਾਡੇ ਦਿਮਾਗ ਬਾਜਰੇ ਵਰਗੇ ਹੋ ਗਏ।
ਉਸ ਵਕਤ ਮਾਸਟਰ ਜੀ ਦੀਆਂ ਸਭ ਗੱਲਾਂ ਬਿਲਕੁਲ ਦਰੁਸਤ ਸਨ। ਸਾਡੇ ਇਲਾਕੇ ਵਿੱਚ ਉੱਚੇ-ਉੱਚੇ ਟਿੱਬੇ ਹੁੰਦੇ ਸਨ; ਖਾਸ ਕਰ ਬਾਜਰੇ ਅਤੇ ਛੋਲਿਆਂ ਦੀ ਕਾਸ਼ਤ ਹੀ ਹੁੰਦੀ ਸੀ। ਪਿੰਡ ਦੇ 80 ਪ੍ਰਤੀਸ਼ਤ ਲੋਕ ਬਾਜਰੇ ਦੀ ਰੋਟੀ ਖਾਂਦੇ ਸਨ। ਕਣਕ ਦੀ ਰੋਟੀ ਸਿਰਫ ਤੇ ਸਿਰਫ ਕੁਝ ਕੁ ਅਮੀਰ ਘਰਾਂ ਜਾਂ ਕਿਸੇ ਬਹੁਤ ਹੀ ਖਾਸ ਮਹਿਮਾਨ ਦੇ ਆਏ ’ਤੇ ਹੀ ਬਣਦੀ ਸੀ। ਚਾਹ ਗੁੜ ਦੀ ਪੀਂਦੇ ਸੀ; ਖੰਡ ਨੂੰ ਤਾਂ ਲਗਜਰੀ ਮੰਨਿਆ ਜਾਂਦਿਆ ਸੀ! ਉਂਝ ਵੀ, ਖੰਡ ਸਰਕਾਰੀ ਡਿਪੂਆਂ ਤੋਂ ਮਿਲਦੀ ਸੀ ਤੇ ਸੰਦੂਕ ਅੰਦਰ ਗਹਿਣਿਆਂ ਵਾਂਗ ਜਿੰਦੇ-ਕੁੰਡੇ ਹੇਠ ਰੱਖੀ ਜਾਂਦੀ ਸੀ। ਦੂਰ ਦੁਰਾਡੇ ਕੋਈ ਡਾਕਟਰ ਨਾ ਹੋਣ ਕਰ ਕੇ ਛੋਟੇ ਬੱਚਿਆਂ ਨੂੰ ਬਿਮਾਰ ਹੋਣ ’ਤੇ ਅਫੀਮ ਦੇ ਦਿੰਦੇ ਤੇ ਉਹ ਇੱਕ ਦੋ ਦਿਨਾਂ ’ਚ ਕੁਦਰਤੀ ਤੌਰ ’ਤੇ ਚੰਗੀ ਨੀਂਦ ਆਉਣ ਨਾਲ ਠੀਕ ਹੋ ਜਾਂਦਾ।
ਉਦੋਂ ਨਾ-ਮਾਤਰ ਮੁੱਢਲੇ ਅਤੇ ਲੋੜੀਂਦੇ ਵਸੀਲੇ ਹੁੰਦੇ ਸਨ। ਨਾ ਕੋਈ ਆਵਾਜਾਈ ਦਾ ਪ੍ਰਬੰਧ ਸੀ, ਨਾ ਬਿਜਲੀ ਸੀ। ਬੱਸ ਦੀਵੇ ਥੱਲੇ ਪੜ੍ਹਦੇ। ਹਰ ਰੋਜ਼ ਨਵੀਆਂ ਚੁਣੌਤੀਆਂ ਨਾਲ ਲੜਦੇ-ਭਿੜਦੇ 10ਵੀਂ ਤੱਕ ਪਹੁੰਚ ਗਏ। ਇਹੀ ਸਾਡੇ ਲਈ ਮਾਣ ਵਾਲੀ ਗੱਲ ਸੀ। ਵਕਤ ਦੀਆਂ ਸਰਕਾਰਾਂ ਨੇ ਇਲਾਕੇ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਪਛੜੇਪਣ ਦਾ ਟੈਗ ਜ਼ਰੂਰ ਦਿੱਤਾ ਹੋਇਆ ਸੀ ਤੇ ਨਾਲ ਹੀ ਦੋ ਪ੍ਰਤੀਸ਼ਤ ਨੌਕਰੀਆਂ ’ਚ ਰਿਜ਼ਰਵੇਸ਼ਨ ਇਸ ਇਲਾਕੇ ਲਈ ਸੀ ਪਰ ਇਸ ਦਾ ਫਾਇਦਾ ਵੀ ਸ਼ਹਿਰੀ ਜਾਂ ਹੋਰ ਲੋਕ ਲੈ ਜਾਂਦੇ। ਸਾਨੂੰ ਤਾਂ ਕਿਸੇ ਨੌਕਰੀ ਦੇ ਨਿਕਲਣ ਦਾ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ, ਅਖ਼ਬਾਰ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਸੀ।
ਫਿਰ ਸਮੇਂ ਨੇ ਕਰਵਟ ਲਈ। ਸਾਡੇ ਪਿੰਡ ਭੂਪਾਲ ਵਿੱਚ ਮਿਡਲ ਸਕੂਲ ਬਣ ਗਿਆ। ਇੱਕ ਲਿੰਕ ਸੜਕ ਵੀ ਬਣ ਗਈ ਜੋ ਬਰਨਾਲਾ-ਮਾਨਸਾ ਮੁੱਖ ਸੜਕ ਨਾਲ ਜਾ ਜੁੜਦੀ ਸੀ। ਸੜਕ ਬਣਨ ਨਾਲ ਮਿੰਨੀ ਬੱਸ ਵੀ ਮਾਨਸਾ ਤੱਕ ਸ਼ੁਰੂ ਹੋ ਗਈ ਜੋ ਤੂੜੀ ਵਾਲੀ ਸਬਾਤ ਵਾਂਗਰ ਭਰ ਕੇ ਆਉਂਦੀ ਸੀ ਤੇ ਜਾਂਦੀ ਵੀ ਉਸੇ ਤਰ੍ਹਾਂ ਸੀ। ਇਹੋ ਜਿਹੇ ਹਾਲਾਤ ਦੇ ਬਾਵਜੂਦ ਬਾਜਰੀ ਤੋਤਿਆਂ ਵਾਲੇ ਪਿੰਡ ਨੇ ਕਈ ਹੀਰੇ ਪੈਦਾ ਕੀਤੇ ਜਿਨ੍ਹਾਂ ਆਪਣੀ ਮਿਹਨਤ ਅਤੇ ਲਗਨ ਨਾਲ ਪਿੰਡ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ। ਫ਼ਖ਼ਰ ਹੈ ਕਿ ਸਾਡੇ ਪਿੰਡ ਵਿੱਚੋਂ ਇਸ ਵਕਤ ਚਾਰ ਜਣੇ ਪੀਐੱਚਡੀ ਕਰ ਚੁੱਕੇ ਹਨ ਤੇ ਕਈ ਹੋਰ ਉੱਚ ਵਿਦਿਆ ਹਾਸਲ ਕਰ ਕੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ। ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਸਾਡੇ ਪਿੰਡ ਦਾ ਹੀ ਵਸਨੀਕ ਹੈ। ਹੁਣ ਇਹ ਬਾਜਰੀ ਤੋਤਿਆਂ ਵਾਲਾ ਪਿੰਡ ਨਹੀਂ ਰਿਹਾ।
ਸੰਪਰਕ: 95013-81144