ਗਗਨਦੀਪ ਅਰੋੜਾ/ਗੁਰਿੰਦਰ ਸਿੰਘਲੁਧਿਆਣਾ, 1 ਫਰਵਰੀਪਿੰਡ ਬੱਗਾ ਕਲਾਂ ਵਿੱਚ ਬਣ ਰਹੇ ਬਾਇਓਗੈਸ ਪਲਾਂਟ ਦਾ ਵਿਰੋਧ ਕਰ ਰਹੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਮੁੜ ਤੋਂ ਪਲਾਂਟ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪਲਾਂਟ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਬੀਤੀ 19 ਜਨਵਰੀ ਨੂੰ ਇਸ ਬਾਇਓਗੈਸ ਪਲਾਂਟ ਨੂੰ ਤਾਲਾ ਮਾਰ ਦਿੱਤਾ ਸੀ। ਰਿਲਾਇੰਸ ਕੈਂਸਰ ਗੈਸ ਵਿਰੋਧੀ ਸ਼ੰਘਰਸ਼ ਕਮੇਟੀ ਬੱਗਾ ਕਲਾਂ ਦੇ ਬੁਲਾਰਿਆ ਜਸਪਾਲ ਸਿੰਘ ਚਾਹੜ, ਰਣਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਸੈਂਕੜੇ ਪੁਲੀਸ ਮੁਲਾਜ਼ਮਾਂ ਨੇ ਅੱਜ ਅੱਜ ਤੜਕਸਾਰ 4 ਵਜੇ ਜ਼ਿਲ੍ਹਾ ਪੁਲੀਸ ਦੀ ਮਦਦ ਨਾਲ ਪਿੰਡ ਚਾਹੜ ਵਿੱਚ ਛਾਪਾ ਮਾਰਿਆ। ਇਸ ਦੌਰਾਨ ਬਾਇਓਗੈਸ ਪਲਾਂਟ ਦਾ ਵਿਰੋਧ ਕਰ ਰਹੇ ਆਗੂਆਂ ਰਣਜੀਤ ਸਿੰਘ, ਬੂਟਾ ਸਿੰਘ ਨੰਬਰਦਾਰ, ਸਰਪੰਚ ਸਤਨਾਮ ਸਿੰਘ ਰਜੋਵਾਲ, ਅਨਤੇਜ ਸਿੰਘ ਗੇਜਾ, ਜਤਿੰਦਰ ਸਿੰਘ, ਹਰਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਹਿਰਾਸਤ ’ਚ ਲੈ ਲਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੂੰ ਪੁਲੀਸ ਨੇ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ ਅਤੇ ਘਰ ਬਾਹਰ ਪੁਲੀਸ ਤਾਇਨਾਤ ਕਰ ਦਿੱਤੀ। ਇਸ ਦੀ ਭਿਣਕ ਲੱਗਦਿਆਂ ਹੀ ਸਵੇਰੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਵਰਕਰਾਂ ਨੇ ਇਕੱਠੇ ਹੋ ਕੇ ਪੁਲੀਸ ਦਾ ਵਿਰੋਧ ਸ਼ੁਰੂ ਕਰਦਿਆਂ ਪਲਾਂਟ ਬਾਹਰ ਮੁੜ ਤੋਂ ਧਰਨਾ ਲਗਾ ਦਿੱਤਾ। ਲੋਕਾਂ ਦੇ ਵਿਰੋਧ ਨੂੰ ਵੇਖਦਿਆਂ ਤਕਰੀਬਨ 2 ਘੰਟੇ ਦੇ ਸ਼ੰਘਰਸ਼ ਤੋਂ ਬਾਅਦ ਆਖ਼ਰ ਪੁਲੀਸ ਪ੍ਰਸ਼ਾਸਨ ਨੂੰ ਕਿਸਾਨ ਆਗੂਆਂ ਨੂੰ ਛੱਡਣਾ ਪਿਆ।ਦੂਜੇ ਪਾਸੇ ਕਿਸਾਨ ਮਜ਼ਦੂਰ ਜੱਥੇਬੰਦੀਆ ਤੇ ਤਾਲਮੇਲ ਸ਼ੰਘਰਸ਼ ਕਮੇਟੀ ਦੇ ਵੱਖ-ਵੱਖ ਆਗੂਆ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਵੰਤ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ-ਧਨੇਰ ਦੇ ਆਗੂ ਹਾਕਮ ਸਿੰਘ ਭੱਟੀਆਂ, ਸੁਖਵਿੰਦਰ ਸਿੰਘ ਹੰਬੜਾਂ, ਲਛਮਣ ਸਿੰਘ ਜਮਹੂਰੀ ਕਿਸਾਨ ਸਭਾ ਤੇ ਉਘੇ ਵਿਗਿਆਨੀ ਡਾ. ਬਲਵਿੰਦਰ ਸਿੰਘ ਨੇ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਫੈਕਟਰੀ ਦਾ ਹਰ ਹੀਲੇ ਵਿਰੋਧ ਕੀਤਾ ਜਾਵੇਗਾ। ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਨੇ ਮੁਸ਼ਕਾਬਾਦ, ਭੂੰਦੜੀ ਅਤੇ ਆਖਾੜਾ ਤੋਂ ਆਏ ਜਥਿਆਂ ਦਾ ਧੰਨਵਾਦ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਨੇ ਧੱਕਾ ਕੀਤਾ ਤਾਂ ਤਿੱਖਾ ਸ਼ੰਘਰਸ਼ ਵਿੱਢਿਆ ਜਾਵੇਗਾ।