ਬਹੁੜੀਂ ਵੇ ਤਬੀਬਾ...
ਜਗਜੀਤ ਸਿੰਘ ਲੋਹਟਬੱਦੀ
ਸਾਵਣ ਦਾ ਮਹੀਨਾ ਚੜ੍ਹਿਆਂ ਤਿੰਨ ਕੁ ਦਿਨ ਹੋਏ ਸਨ। ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਹਵਾ ਵਿੱਚ ਅਟਕੀਆਂ ਹੋਈਆਂ। ਮਾਈ ਬੁੱਢੀ ਦੀ ਪੀਂਘ ਨੇ ਅੰਬਰ ਵਿੱਚ ਆਪਣਾ ਰੰਗੀਨ ਮਹਿਰਾਬ ਤਾਣ ਰੱਖਿਆ। ਰੁਮਕਦੀ ਪੌਣ ਨਾਲ ਫਿਜ਼ਾ ਵਿੱਚ ਸੀਤਲਤਾ ਘੁਲੀ ਹੋਈ। ਧਰਤੀ ਦੀ ਹਿੱਕ ਵਿੱਚੋਂ ਉੱਠੀ ਮਿੱਟੀ ਦੀ ਮਹਿਕ ਨਾਲ ਮਨ-ਮਸਤਕ ਖੁਮਾਰੀ ਦੇ ਰੰਗ ਵਿੱਚ ਰੰਗੇ ਹੋਏ। ਅਜੇ ਵੀ ਕਈ ਸਲੇਟੀ-ਭਾਹ ਮਾਰਦੀਆਂ ਤਿੱਤਰ-ਖੰਭੀਆਂ ਸੂਰਜ ਨਾਲ ਅੱਖ-ਮਟੱਕਾ ਕਰ, ਉਸ ਦੀ ਲਾਲੀ ਦਾ ਰੰਗ ਹੋਰ ਗੂੜ੍ਹਾ ਕਰਨ ਵਿੱਚ ਮਸਰੂਫ਼। ਚਾਰੇ ਪਾਸੇ ਅੰਗੂਰੀ ਹਰਿਆਵਲ ਦੀ ਵਸੀਹ ਚਾਦਰ ਵਿਛੀ ਹੋਈ...।
ਕਿਹਰ ਸਿਹੁੰ ਨੂੰ ਦੂਰੋਂ ਕਿਸੇ ਅਜਨਬੀ ਜਿਹੇ ਪ੍ਰਛਾਵੇਂ ਦਾ ਝਾਉਲਾ ਪਿਆ। ਅਚੇਤ ਮਨ ਵਿੱਚ ਵੱਸਿਆ ਗਫੂਰ ਦਾ ਅਕਸ ਉੱਘੜ ਆਇਆ। ਉੱਚਾ ਲੰਮਾ ਕੱਦ, ਤਕੜੀ ਡੀਲ-ਡੌਲ, ਫਿਰਨ ਦੇ ਥੱਲੇ ਗੋਡਿਆਂ ਨੂੰ ਛੂੰਹਦਾ ਘਸਮੈਲਾ ਕੁੜਤਾ, ਗੰਦਮੀ ਜਿਹਾ ਸਲਵਾਰ-ਨੁਮਾ ਪਜਾਮਾ, ਸਿਰ ’ਤੇ ਉੱਘੜ-ਦੁੱਘੜਾ ਵਲਿਆ ਲੱਠੇ ਦਾ ਪਰਨਾ...। ਸ਼ਾਇਦ ਉਹੀ ਆਇਆ ਹੋਵੇ... ਵਰ੍ਹਿਆਂ ਬਾਅਦ। ਪਰ ਮਨ ਨੇ ਹੁੰਗਾਰਾ ਨਾ ਭਰਿਆ। ‘ਨਾ ਮੋਢੇ ਕੁਹਾੜਾ, ਨਾ ਆਰਾ।’ ਪਹਿਲਾਂ ਜਦੋਂ ਵੀ ਆਉਂਦਾ, ਗੂੜ੍ਹੀ ਸਰਦੀ ਦਾ ਪਸਾਰਾ ਹੁੰਦਾ। ਸਿਆਲੂ ਰੁੱਤੇ ਪਿੰਡ ਵਾਲਿਆਂ ਨੂੰ ਆਸ ਬੱਝੀ ਹੁੰਦੀ ਕਿ ਉਹ ਜ਼ਰੂਰ ਆਵੇਗਾ। ਜਦੋਂ ਵੀ ਆਉਂਦਾ, ਬੱਚੇ ‘ਰਾਸ਼ਾ... ਰਾਸ਼ਾ’ ਕੂਕਦੇ ਉਸ ਦੇ ਪਿੱਛੇ ਦੌੜਦੇ। ਉਹ ਸਭਨਾਂ ਨੂੰ ਕਿਸ਼ਮਿਸ਼ ਵੰਡਦਾ ਜਾਂਦਾ।
ਭਾਰੇ ਤਣੇ, ਛੱਤਾਂ ਤੋਂ ਉੱਤਰੇ ਪੁਰਾਣੇ ਸ਼ਤੀਰ, ਕੜੀਆਂ ਅਤੇ ਬਾਲੇ ਗਫੂਰ ਦੇ ਕੁਹਾੜੇ ਦੇ ਟੱਕਾਂ ਨਾਲ ਝੱਟ ਹੀ ਖਿੱਲਰ ਜਾਂਦੇ ਅਤੇ ਘਰਾਂ ਦੇ ਚੁੱਲ੍ਹਿਆਂ ਵਿੱਚ ਲਾਲ ਸੁਰਖ ਹੋ ਕੇ ਨਿੱਘ ਦੇਣ ਦਾ ਸਬੱਬ ਬਣਦੇ। ਉਸ ਨੇ ਆਪਣੇ ਮੂੰਹੋਂ ਕਦੇ ਆਪਣਾ ਮਿਹਨਤਾਨਾ ਨਹੀਂ ਸੀ ਮੰਗਿਆ। ਜੋ ਮਿਲਦਾ, ਖ਼ੁਦਾ ਦਾ ਨਜ਼ਰਾਨਾ ਸਮਝ ਰੱਖ ਲੈਂਦਾ। ਕੋਈ ਤਪੱਸਵੀ ਰੂਹ ਲੱਗਦੀ। ਵਰਨਾ ਕੌਣ ਹੈ ਜਿਹਨੇ ਲਾਲਸਾ ਤਿਆਗੀ ਹੋਵੇ!
ਕਿਹਰ ਸਿੰਘ ਅਜੇ ਦਰਵਾਜ਼ਾ ਬੰਦ ਕਰ ਕੇ ਅੰਦਰ ਹੀ ਆਇਆ ਸੀ ਕਿ ਜਾਣੀ ਪਛਾਣੀ ਆਵਾਜ਼ ਨੇ ਧੁਰ ਅੰਦਰੋਂ ਝੰਜੋੜ ਦਿੱਤਾ, “ਕਰਮਾਂ ਵਾਲਿਓ, ਇੱਕ ਰੋਟੀ ਮਿਲੇਗੀ...।” ਇਹ ਤਾਂ ਸੱਚੀਂ ਗਫੂਰ ਸੀ। ਪਰ ਇਹ ਕੀ! ਜੁੱਸਾ ਨਰਮ ਪਿਆ ਹੋਇਆ, ਚਿਹਰੇ ’ਤੇ ਪਿਲੱਤਣ ਛਾਈ ਹੋਈ, ਜਿਵੇਂ ਕੋਈ ਰਾਹੀ ਰਸਤਿਓਂ ਭਟਕ ਗਿਆ ਹੋਵੇ।
“ਗਫੂਰ, ਅੰਦਰ ਆ ਜਾਹ ਨਾ... ਕਿਉਂ ਜਕ ਰਿਹੈਂ...।” ਕਿਹਰ ਸਿਹੁੰ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਉਸ ਦਿਓ-ਕੱਦ ਬੰਦੇ ਦੀ ਧਾਹ ਨਿਕਲ ਗਈ। ਉਸ ਨੂੰ ਲੱਗਾ ਕਿ ਉਹ ਹੁਣੇ ਡਿੱਗ ਪਵੇਗਾ। ਕਿਹਰ ਸਿੰਘ ਨੇ ਉਸ ਨੂੰ ਸਹਾਰਾ ਦੇ ਕੇ ਕਮਰੇ ਵਿੱਚ ਲਿਆ ਬਿਠਾਇਆ। ‘ਇੰਨਾ ਕਮਜ਼ੋਰ ਦਿਲ ਤਾਂ ਗਫੂਰ ਕਦੇ ਵੀ ਨਹੀਂ ਸੀ... ਜ਼ਰੂਰ ਕੋਈ ਭਾਣਾ ਵਰਤਿਆ ਹੋਵੇਗਾ।’ ਉਸ ਦੀ ਚਿੱਟੀ ਲੰਮੀ ਦਾੜ੍ਹੀ ਅੱਥਰੂਆਂ ਨਾਲ ਗੱਚ ਹੋਈ ਪਈ ਸੀ। ਨਿੱਗਰ ਦਰੱਖ਼ਤਾਂ ਅਤੇ ਰੁੱਖ ਬੂਟਿਆਂ ਨੂੰ ਇੱਕੋ ਝਟਕੇ ਨਾਲ ਦੋ-ਫਾੜ ਕਰਨ ਵਾਲਾ ਅੱਜ ਪਾਰੇ ਵਾਂਗ ਡੋਲਦਾ ਪਿਆ ਸੀ।
ਚਾਰ ਸਾਲ ਪਹਿਲਾਂ ਦੀ ਤਾਂ ਗੱਲ ਹੈ ਜਦੋਂ ਗਫੂਰ ਕਸ਼ਮੀਰ ਤੋਂ ਆਉਂਦਾ ਹੋਇਆ ਸੁੱਕੀ ਅੰਜੀਰ ਅਤੇ ਪਸ਼ਮੀਨੇ ਦੀ ਸ਼ਾਲ ਲੈ ਕੇ ਆਇਆ ਸੀ। ਦੱਸਦਾ ਸੀ ‘ਅੱਲਾ ਤਾਲਾ ਕੇ ਫ਼ਜ਼ਲ ਸੇ ਜ਼ਮੀਲ ਦਾ ਰਿਸ਼ਤਾ ਪੱਕਾ ਕਰ ਦਿੱਤੈ ਅਤੇ ਰੁਖ਼ਸਾਨਾ ਨੂੰ ਨਰਸਿੰਗ ਕੋਰਸ ਵਿੱਚ ਦਾਖਲਾ ਮਿਲ ਗਿਐ... ਅਬ ਬੜੀ ਹੋ ਗਈ ਹੈ... ਕੱਲ੍ਹ ਇੱਤੀ ਸੀ ਥੀ...।’ ਆਪਣੇ ਹੱਥਾਂ ਨੂੰ ਫੈਲਾਉਂਦਿਆਂ ਗਫੂਰ ਦਾ ਚਿਹਰਾ ਲਿਸ਼ਕ ਰਿਹਾ ਸੀ। ਅਨੰਤਨਾਗ ਨੇੜਲੇ ਪਿੰਡ ਵਿੱਚ ਅਖ਼ਰੋਟਾਂ ਦਾ ਬਾਗ ਸੀ, ਉਸ ਦੇ ਪੁਰਖਿਆਂ ਦਾ। ਹਰ ਵਾਰ ਆਪਣੇ ਇਲਾਕੇ ਦੀ ਕੋਈ ਖ਼ਾਸ ਨਿਸ਼ਾਨੀ ਕਿਹਰ ਸਿੰਘ ਦੇ ਪਰਿਵਾਰ ਲਈ ਤੋਹਫ਼ੇ ਵਜੋਂ ਲੈ ਕੇ ਆਉਂਦਾ।
ਕਿਹਰ ਸਿੰਘ ਦੇ ਖੇਤਾਂ ਵਿਚਲੀ ਮੋਟਰ ਦਾ ਕੋਠਾ ਗਫੂਰ ਦਾ ਟਿਕਾਣਾ ਬਣਦਾ। ਜਦੋਂ ਕਦੇ ਦੂਰ ਨੇੜੇ ਦੇ ਪਿੰਡਾਂ ਵਿੱਚ ਲੱਕੜਾਂ ਕੱਟਣ ਜਾਂਦਾ ਤਾਂ ਰੋਟੀ ਪਾਣੀ ਉੱਥੋਂ ਖਾ ਲੈਂਦਾ, ਨਹੀਂ ਤਾਂ ਨਿੱਕੇ ਕੰਤੇ ਦੀ ਡਿਊਟੀ ਹੁੰਦੀ, ਉਸ ਦੀ ਰੋਟੀ ਮੋਟਰ ’ਤੇ ਪਹੁੰਚਾਉਣ ਦੀ। ਕੰਤੇ ਦੀ ਖ਼ਾਹਿਸ਼ ਹੁੰਦੀ ਕਿ ਗਫੂਰ ਉਸ ਨਾਲ ਕਸ਼ਮੀਰ ਦੀਆਂ ਗੱਲਾਂ ਕਰੇ, ਉਸ ਪਾਸੋਂ ਧਰਤੀ ਉੱਪਰਲੀ ਜੰਨਤ ਦੀਆਂ ਬਾਤਾਂ ਸੁਣੇ- ਡੱਲ ਝੀਲ ’ਤੇ ਤੈਰਦੇ ਸ਼ਿਕਾਰਿਆਂ ਦੀਆਂ... ਹਾਊਸ ਬੋਟਾਂ ਦੀਆਂ... ਨਿਸ਼ਾਤ ਬਾਗ਼ ਦੀਆਂ। ਪਰ ਗਫੂਰ ਕੁਝ ਯਾਦ ਕਰ ਕੇ ਉਦਾਸ ਹੋ ਜਾਂਦਾ। ਆਵਾਜ਼ ਉਸ ਦੇ ਗਲੇ ਵਿੱਚੋਂ ਬਾਹਰ ਨਾ ਨਿਕਲਦੀ। ਉਸ ਨੂੰ ਜਾਪਦਾ ਜਿਵੇਂ ਕਿਸੇ ਨੇ ਉਸ ਦੀ ਦੁਖ਼ਦੀ ਰਗ ’ਤੇ ਹੱਥ ਰੱਖ ਦਿੱਤਾ ਹੋਵੇ।
ਪਿਛਲੀ ਵਾਰ ਜਦੋਂ ਗਫੂਰ ਆਇਆ ਸੀ ਤਾਂ ਕਿਹਰ ਸਿੰਘ ਨੇ ਆਪ ਨਾਲ ਜਾ ਕੇ ਮੋਟਰ ਦੇ ਕਮਰੇ ਦੀ ਚਾਬੀ ਉਸ ਦੇ ਹੱਥ ਫੜਾਈ ਸੀ। ਇੱਕ ਦਰੱਖ਼ਤ ਦੀ ਮੋਟੀ ਸ਼ਾਖ ਬਿਜਲੀ ਦੀਆਂ ਤਾਰਾਂ ਨਾਲ ਖਹਿ ਕੇ ਲੰਘਦੀ ਸੀ। ਪੱਕੀਆਂ ਫ਼ਸਲਾਂ ਨਾਲ ਕਿਸੇ ਵੇਲੇ ਵੀ ਭਾਣਾ ਵਾਪਰ ਸਕਦਾ ਸੀ। ਗਫੂਰ ਨੇ ਕੁਹਾੜੇ ਦੇ ਇੱਕੋ ਵਾਰ ਨਾਲ ਉਹ ਟਾਹਣਾ ਵੱਢ ਦਿੱਤਾ ਸੀ। ਕਿਹਰ ਸਿੰਘ ਨੂੰ ਟਾਹਣਾ ਜ਼ਮੀਨ ’ਤੇ ਡਿੱਗਿਆ ਦੇਖ ਹੌਲ ਜਿਹਾ ਪਿਆ ਸੀ, ਜਿਵੇਂ ਉਸ ਤੋਂ ਕੋਈ ਘੋਰ ਅਨਰਥ ਹੋ ਗਿਆ ਹੋਵੇ, ਕਿਸੇ ‘ਆਪਣੇ’ ਨੂੰ ਜ਼ਖ਼ਮੀ ਕਰ ਦਿੱਤਾ ਹੋਵੇ। ਉਸ ਨੇ ਬਚਪਨ ਵਿੱਚ ਉਹ ਬੂਟਾ ਆਪਣੇ ਹੱਥੀਂ ਲਗਾਇਆ ਸੀ।
“ਗਫੂਰ, ਮੇਰੇ ਕੋਲ਼ੋਂ ਇਹ ਪਾਪ ਹੋ ਗਿਐ... ਇਸ ਨੂੰ ਵੱਢਣਾ ਨਹੀਂ ਚਾਹੀਦਾ ਸੀ।” ਕਿਹਰ ਸਿੰਘ ਆਪਣੇ ਆਪ ਨੂੰ ਲਾਹਨਤਾਂ ਪਾ ਰਿਹਾ ਸੀ।
“ਸਰਦਾਰ... ਜੋ ਰਾਸਤੇ ਮੇਂ ਆਤਾ ਹੈ... ਉਸੇ ਹਟਾ ਦੇਨਾ ਹੀ ਬਿਹਤਰ ਹੋਤਾ ਹੈ...।” ਗਫੂਰ ਦੀ ਗੱਲ ਉਸ ਦੇ ਸਖ਼ਤ ਸੁਭਾਅ ਹੋਣ ਦੀ ਗਵਾਹੀ ਦੇ ਰਹੀ ਸੀ।
“...ਪਰ ਇਹ ਤਾਂ ਮੇਰਾ ਬਚਪਨ ਦਾ ਦੋਸਤ ਸੀ, ਗਫੂਰ...।” ਕਿਹਰ ਸਿੰਘ ਦਾ ਮਨ ਅਜੇ ਵੀ ਟਿਕ ਨਹੀਂ ਸੀ ਰਿਹਾ।
“ਬਾਬਾ... ਹਮਾਰਾ ਕਾਮ ਤੋ ਕਾਟਨੇ ਔਰ ਉਖਾੜਨੇ ਕਾ ਹੋਤਾ ਹੈ... ਪੇੜ ਪੌਦੇ ਲਗਾਨੇ ਤੋ ਮਾਲੀ ਕਾ ਕਾਮ ਹੈ...।”
“ਨਹੀਂ ਗਫੂਰ... ਔਹ ਦੇਖ ਉਸਦੇ ਪੱਤਿਆਂ ਅਤੇ ਟਾਹਣੀਆਂ ਵਿੱਚੋਂ ਦੁੱਧ ਸਿੰਮਦਾ... ਮੈਂ ਇਨ੍ਹਾਂ ਨਾਲ ਰੋਜ਼ ਗੱਲਾਂ ਕਰਦਾਂ... ਇਹ ਵੀ ਸਾਡੇ ਵਾਂਗ ਸਾਹ ਲੈਂਦੇ ਨੇ... ਝੂਮਦੇ... ਖੜ ਖੜ ਕਰਦੇ... ਪੱਤੇ ਨਿੱਕਲਦੇ... ਨਵਾਂ ਜਨਮ...।”
ਗਫੂਰ ਨੂੰ ਜਾਪਿਆ, ਇਹ ਗੱਲਾਂ ਉਸ ਦੀ ਸਮਝ ਤੋਂ ਪਰ੍ਹੇ ਦੀਆਂ ਸਨ, ਪਰ ਫਿਰ ਵੀ ਉਸ ਨੇ ਕਿਹਰ ਸਿੰਘ ਦਾ ਮਨ ਪੜ੍ਹ ਲਿਆ ਸੀ। “ਸਰਦਾਰ, ਮੁਝੇ ਅਫ਼ਸੋਸ ਹੈ... ਐਸੇ ਕਰਤੇ ਹੈਂ... ਆਜ ਮੈਂ ਏਕ ਪੌਦਾ ਲਗਾਤਾ ਹੂੰ ਅਪਨੇ ਹਾਥੋਂ ਸੇ... ਲਾਈਫ ਮੇਂ ਪਹਿਲੀ ਮਰਤਬਾ...।” ਗਫੂਰ ਨੇ ਉਸ ਦਿਨ ਅੰਬ ਦਾ ਪੌਦਾ ਲਗਾਇਆ ਸੀ, ਤਾਂ ਹੀ ਕਿਹਰ ਸਿੰਘ ਦੇ ਮਨ ਨੂੰ ਸਕੂਨ ਮਿਲਿਆ ਸੀ, ਜਿਵੇਂ ਕੱਟਿਆ ਵੱਢਿਆ ਦਰੱਖ਼ਤ ਫਿਰ ਤੋਂ ਜੀਵੰਤ ਹੋ ਗਿਆ ਹੋਵੇ।
ਗਫੂਰ ਨੇ ਰੱਜ ਕੇ ਖਾਣਾ ਖਾਧਾ ਅਤੇ ਘੂਕ ਸੌਂ ਗਿਆ। ਬੱਚਿਆਂ ਵਾਂਗ ਬੇਫ਼ਿਕਰ ਸੁੱਤੇ ਗਫੂਰ ਨੂੰ ਦੇਖ ਕਿਹਰ ਸਿੰਘ ਦਾ ਮਨ ਪਸੀਜ ਗਿਆ। ਉਸ ਨੂੰ ਜਾਪਿਆ ਜਿਵੇਂ ਚਿਰਾਂ ਤੋਂ ਥੱਕੇ ਮੁਸਾਫ਼ਰ ਨੂੰ ਤਪਦੀ ਦੁਪਹਿਰੇ ਕਿਸੇ ਘਣੇ ਬੋਹੜ ਦੀ ਛਾਂ ਮਿਲ ਗਈ ਹੋਵੇ। ਤ੍ਰਿਕਾਲਾਂ ਢਲੀਆਂ ਤਾਂ ਕਿਹਰ ਸਿਹੁੰ ਨੇ ਮੋਟਰ ਦੇ ਕਮਰੇ ਦੀ ਚਾਬੀ ਗਫੂਰ ਵੱਲ ਵਧਾਈ ਤਾਂ ਉਸ ਨੇ ਹੱਥ ਪਿਛਾਂਹ ਖਿੱਚ ਲਿਆ, “ਸਰਦਾਰ, ਮੇਰਾ ਉਧਰ ਜਾਨੇ ਕਾ ਮਨ ਨਹੀਂ... ਬੱਸ ਏਕ ਦੋ ਦਿਨ ਯਹਾਂ ਰੁਕ ਕਰ... ਵਾਪਸ ਚਲਾ ਜਾਊਂਗਾ...।”
ਕਿਹਰ ਸਿੰਘ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਮਾਜਰਾ ਕੀ ਹੈ? ਉਸ ਨੂੰ ਯਾਦ ਆਇਆ ਕਿ ਕੰਤਾ ਦੱਸਦਾ ਸੀ ਕਿ ਪਿਛਲੀ ਵਾਰੀ ਗਫੂਰ ਜਦੋਂ ਖੇਤ ਵਿੱਚ ਠਹਿਰਿਆ ਹੋਇਆ ਸੀ, ਤਾਂ ਉਹ ਕੋਈ ਕਸ਼ਮੀਰੀ ਗੀਤ ਗੁਣਗੁਣਾ ਰਿਹਾ ਸੀ:
ਜ਼ਹਿਰ ਘੋਲਾ ਹੈ ਕਿਸ ਨੇ ਮੇਰੀ ਝੀਲ ਮੇਂ
ਨਾਖ਼ੁਦਾ ਚਲ ਬਸੇ ਕਸ਼ਤੀਆਂ ਰਹਿ ਗਈ
...
ਹਰ ਤਰੰਨੁਮ ਕੋ ਭੂਲਾ ਇਸੀ ਦਰਦ ਮੇਂ
ਉਸ ਕੇ ਹੋਂਠੋਂ ਪੇ ਅਬ ਸਿਸਕੀਆਂ ਰਹਿ ਗਈ
ਉਸ ਦੇ ਮੱਥੇ ’ਤੇ ਚਿੰਤਾ ਦੀਆਂ ਗੂੜ੍ਹੀਆਂ ਲਕੀਰਾਂ ਸਨ, ਜਿਵੇਂ ਕਿਸੇ ਅਸਹਿ ਦਰਦ ਨੇ ਉਸ ਦੇ ਸੀਨੇ ਨੂੰ ਵਿੰਨ੍ਹ ਕੇ ਰੱਖ ਦਿੱਤਾ ਹੋਵੇ।
ਆਥਣੇ ਕਿਹਰ ਸਿੰਘ ਅਤੇ ਗਫੂਰ ਗੱਲਾਂ ਕਰਦਿਆਂ ਪਿੰਡ ਦੀਆਂ ਗਲੀਆਂ ਵਿੱਚੋਂ ਲੰਘ ਬਾਹਰਵਾਰ ਫਿਰਨੀ ’ਤੇ ਆ ਗਏ। ਕਿਹਰ ਸਿੰਘ ਦੇ ਮਨ ਵਿੱਚ ਬੱਝੀ ਗੰਢ ਉਸ ਨੂੰ ਵਾਰ ਵਾਰ ਬੇਚੈਨ ਕਰ ਰਹੀ ਸੀ।
“ਜ਼ਮੀਲ ਦਾ ਕੀ ਹਾਲ ਐ ਗਫੂਰ... ਕਿਵੇਂ ਚੱਲਦੀ ਹੈ ਉਸਦੀ ਨੌਕਰੀ... ਕਿਤੇ ਉਸ ਦਾ ਨਿਕਾਹ ਤਾਂ ਨਹੀਂ ਕਰ ਦਿੱਤਾ...? ਸਾਨੂੰ ਬੁਲਾਇਆ ਹੀ ਨਾ ਹੋਵੇ...” ਮਿੱਠਾ ਜਿਹਾ ਨਿਹੋਰਾ ਦੇਣ ਦੇ ਨਾਲ ਕਿੰਨੇ ਹੀ ਸਵਾਲ ਕਿਹਰ ਸਿੰਘ ਨੇ ਉਸ ਨੂੰ ਕਰ ਦਿੱਤੇ।
ਗਫੂਰ ਨੂੰ ਜਿਵੇਂ ਕਿਸੇ ਨੇ ਧਰਤੀ ਵਿੱਚ ਗੱਡ ਦਿੱਤਾ ਹੋਵੇ। ਉਹ ਇਕਦਮ ਸੁੰਨ ਹੋ ਗਿਆ। ਕਿਹਰ ਸਿੰਘ ਦੇ ਹਲੂਣਾ ਦੇਣ ’ਤੇ ਉਸ ਸੁਰਤ ਸੰਭਾਲੀ, ਪਰ ਸ਼ਬਦ ਗਲੇ ਵਿੱਚੋਂ ਬਾਹਰ ਨਹੀਂ ਸਨ ਆ ਰਹੇ।
“... ਰੁਖ਼ਸਾਨਾ ਨੇ ਨਰਸ ਦਾ ਕੋਰਸ ਪੂਰਾ ਕਰ...?” ਕਿਹਰ ਸਿੰਘ ਨੇ ਅਗਲਾ ਸਵਾਲ ਪੂਰਾ ਵੀ ਨਹੀਂ ਸੀ ਕੀਤਾ ਕਿ ਗਫੂਰ ਨੇ ਉਸ ਦੇ ਮੂੰਹ ’ਤੇ ਹੱਥ ਰੱਖ ਦਿੱਤਾ।
ਉਹ ਤੁਰਦੇ ਰਹੇ, ਪਰ ਚੁੱਪੀ ਛਾਈ ਰਹੀ।
“ਗਫੂਰ... ਮੇਰੇ ਸੇ ਕੁਛ ਛੁਪਾ ਰਹੇ ਹੋ...।” ਕਿਹਰ ਸਿੰਘ ਨੇ ਖ਼ਾਮੋਸ਼ੀ ਤੋੜੀ।
“ਆਪ ਸੇ ਕਿਆ ਛੁਪਾਨਾ... ਬਾਬਾ...।” ਗਫੂਰ ਨੇ ਲੰਮਾ ਹਾਉਕਾ ਲਿਆ।
“ਫਿਰ ਕਿਉਂ ਉਦਾਸ ਹੋ... ਔਰ ਇਤਨੇ ਸਾਲ ਆਪ ਹਮਾਰੇ ਯਹਾਂ ਆਏ ਭੀ ਨਹੀਂ...।”
“ਲੰਮੀ ਕਹਾਨੀ ਹੈ, ਬਾਬਾ... ਆਪਕੋ ਤੋ ਮਾਲੂਮ ਹੈ ਕਿ ਹਮਾਰੀ ਜੰਨਤ, ਜਹੰਨੁਮ ਮੇਂ ਤਬਦੀਲ ਹੋ ਚੁੱਕੀ ਹੈ... ਗੋਲੀਓਂ ਕੀ ਆਵਾਜ਼... ਫ਼ੌਜੀ ਵਰਦੀ... ਬਲਾਸਟ... ਮੌਤ ਕਾ ਸਾਇਆ... ਹਰ ਸਮੇਂ ਸਰ ਪੇ ਮੰਡਰਾਤੇ ਰਹਿਤੇ ਹੈਂ...।” ਗਫੂਰ ਨੂੰ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸ ਦੇ ਰਿਸਦੇ ਜ਼ਖ਼ਮ ਵਿੱਚ ਨਸ਼ਤਰ ਖੋਭ ਦਿੱਤਾ ਹੋਵੇ।
“ਸਮੇਂ ਸਮੇਂ ਦੀ ਗੱਲ ਹੁੰਦੀ ਆ, ਗਫੂਰ... ਅਸੀਂ ਇੱਧਰ ਵੀ ਤਾਂ ਇਹ ਸਿਤਮ ਦੇਖੇ ਹੋਏ ਨੇ... ਸ਼ਾਮ ਪੈਣ ’ਤੇ ਕੋਈ ਘਰੋਂ ਬਾਹਰ ਨਹੀਂ ਸੀ ਨਿਕਲਦਾ... ਸ਼ਮਸ਼ਾਨਾਂ ਵਾਲੀ ਚੁੱਪ ਪਸਰ ਜਾਂਦੀ ਸੀ ਚਾਰੇ ਪਾਸੇ...।” ਕਿਹਰ ਸਿੰਘ ਨੂੰ ਤੱਤੇ ਵੇਲਿਆਂ ਦੀਆਂ ਯਾਦਾਂ ਵਿੱਸਰੀਆਂ ਨਹੀਂ ਸਨ।
“...ਬੰਦੂਕੇਂ ਔਰ ਜੀਪੇਂ ਚਾਰੋਂ ਤਰਫ਼ ਨਜ਼ਰ ਆਤੀ ਹੈਂ... ਆਵਾਮ ਸਹਿਮਾ ਸਹਿਮਾ... ਦੋਨੋਂ ਸਾਈਡ ਸੇ ਪਿਸ ਰਹਾ... ਜ਼ੁਲਮੋ ਸਿਤਮ ਕੀ ਇੰਤਹਾ... ਏਕ ਦਿਨ ਰੁਖ਼ਸਾਨਾ ਕੋ ਘਰ ਆਤੇ ਵਕਤ...।” ਗਫੂਰ ਦਾ ਗੱਚ ਭਰ ਆਇਆ।
“ਕੀ ਹੋਇਆ... ਰੁਖ਼ਸਾਨਾ ਨੂੰ...?” ਕਿਹਰ ਸਿੰਘ ਦੇ ਪੈਰ ਰੁਕ ਗਏ।
“... ਰੁਖ਼ਸਾਨਾ ਕੋ ਕੁਛ ਦਰਿੰਦੇ ਰਾਸਤੇ ਸੇ... ਉਠਾ ਕੇ ਲੇ ਗਏ... ਲੋਗ ਕਹਿਤੇ ਹੈਂ... ਵੋ ਵਰਦੀ ਪਹਿਨੇ ਹੂਏ ਥੇ... ਹਮ ਇਧਰ ਉਧਰ ਤਲਾਸ਼ ਕਰਤੇ ਰਹੇ... ਕੁਛ ਪਤਾ ਨਾ ਚਲਾ... ਕੋਈ ਖ਼ਬਰ ਦੇਨੇ ਵਾਲਾ ਨਹੀਂ ਥਾ... ਰਾਤ ਕੇ ਅੰਧੇਰੇ ਮੇਂ ਦਰਵਾਜ਼ੇ ਪੇ ਠਕ-ਠਕ ਹੂਈ... ਹਮ ਪਹਿਚਾਨ ਹੀ ਨਹੀਂ ਪਾਏ ਕਿ ਵੋ ਰੁਖ਼ਸਾਨਾ ਹੈ... ਸਰ ਬਿਖਰਾ ਹੂਆ... ਡਰੈੱਸ ਫਟਾ ਹੂਆ... ਚਿਹਰੇ ਪੇ ਚੋਟੋਂ ਕੇ ਨਿਸ਼ਾਨ...।” ਗਫੂਰ ਤੋਂ ਅੱਗੇ ਬੋਲਿਆ ਨਾ ਗਿਆ।
ਕਿਹਰ ਸਿੰਘ ਦਾ ਸਰੀਰ ਕੰਬਣ ਲੱਗਿਆ।
“... ਫ਼ਜ਼ਰ ਮੇਂ ਪਾਇਆ... ਵੋ ਪੰਖੇ ਸੇ... ਲਟਕ ਰਹੀ ਥੀ...।” ਗਫੂਰ ਦਾ ਸੰਘ ਸੁੱਕ ਗਿਆ ਸੀ।
“ਓ... ਵਾਹਿਗੁਰੂ... ਐਨਾ ਵਹਿਸ਼ੀਪੁਣਾ... ਧੀ ਧਿਆਣੀ ਨਾਲ... ਕਿਸੇ ਬਦਮਾਸ਼ ਦਾ ਪਤਾ ਚੱਲਿਆ...?”
“... ਦਰ-ਬ-ਦਰ ਹਮ ਭਟਕਤੇ ਰਹੇ... ਪੁਲੀਸ ਸੇ ਮਿਲੇ... ਅਦਾਲਤ ਸੇ ਫ਼ਰਿਆਦ ਕੀ... ਨੇਤਾਓਂ ਸੇ ਸ਼ਿਕਾਇਤ ਕੀ... ਬੱਸ ਆਸਵਾਸ਼ਨ ਮਿਲਤੇ ਰਹੇ... ‘ਹਮ ਵਾਕਿਆ ਕਾ ਮੁਜ਼ੱਮਤ ਕਰਤੇ ਹੈ... ਹਮ ਕਾਨੂੰਨ ਮੇਂ ਮੁਦਾਖ਼ਲਤ ਨਹੀਂ ਕਰ ਸਕਤੇ...’ ਕਿਆ ਕਰਤੇ... ਮੁਜ਼ਰਮ ਕਾ ਪਤਾ ਨਹੀਂ ਚਲਾ ਔਰ ਮੁਨਸਿਫ਼ ਕਾ ਕਿਆ ਕਹੇਂ... ਔਰ ਹਮ ਤਹੱਮਲ ਖੋ ਬੈਠੇ...।”
ਹਨੇਰਾ ਗੂੜ੍ਹਾ ਹੋਣ ਲੱਗਾ ਸੀ।
“ਚੱਲ ਗਫੂਰ, ਘਰ ਚੱਲੀਏ।” ਕਿਹਰ ਸਿੰਘ ਲਈ ਉਸ ਦੀ ਪੀੜਾ ਅਸਹਿ ਸੀ।
ਪਰ ਗਫੂਰ ਅਜੇ ਕਿਸੇ ਅਕਹਿ ਦਾਸਤਾਨ ਨੂੰ ਪੂਰੀ ਕਰਨੀ ਚਾਹੁੰਦਾ ਸੀ।
ਘਰ ਪਹੁੰਚਣ ਤੱਕ ਕਿਸੇ ਦੇ ਮੂੰਹੋਂ ਕੋਈ ਸ਼ਬਦ ਨਾ ਨਿਕਲੇ।
“ਜ਼ਮੀਲ ਅੱਜਕੱਲ੍ਹ ਕੀ ਕਰਦੈ...?” ਕਿਹਰ ਸਿੰਘ ਨੇ ਵੇਦਨਾ ਨੂੰ ਮੋੜ ਦੇਣ ਦੀ ਨੀਅਤ ਨਾਲ ਅਗਲਾ ਸਵਾਲ ਕੀਤਾ ਕਿ ਸ਼ਾਇਦ ਗਫੂਰ ਦੀ ਆਤਮਾ ਦਾ ਬੋਝ ਹਲਕਾ ਹੋ ਜਾਵੇ।
ਖਾਣ ਪੀਣ ਤੋਂ ਵਿਹਲੇ ਹੋ ਕੇ ਆਂਢ ਗੁਆਂਢ ਦੀਆਂ ਬੱਤੀਆਂ ਬੁਝ ਗਈਆਂ ਸਨ, ਪਰ ਕਿਹਰ ਸਿੰਘ ਅਤੇ ਗਫੂਰ ਦੇ ਸਾਹਮਣੇ ਪਈਆਂ ਖਾਣੇ ਦੀਆਂ ਥਾਲ਼ੀਆਂ ਠੰਢੀਆਂ ਸੀਤ ਹੋ ਚੁੱਕੀਆਂ ਸਨ। ਭੁੱਖ ਕੋਹਾਂ ਦੂਰ ਸੀ।
“... ਜ਼ਮੀਲ ਕੇ ਸਰ ਪਰ ਖ਼ੂਨ ਸਵਾਰ ਹੋ ਚੁੱਕਾ ਥਾ... ਵੋ ਘਰ ਸੇ ਰੁਖ਼ਸਤ ਹੋ ਗਿਆ... ਪਤਾ ਚਲਾ ਵੋਹ ਕਿਸੀ ਤਨਜ਼ੀਮ ਮੇਂ ਸ਼ਾਮਲ ਹੋ ਗਿਆ ਹੈ... ਪੁਲੀਸ ਔਰ ਤਮਾਮ ਏਜੰਸੀਆਂ ਹਮੇਂ ਪਰੇਸ਼ਾਨ ਕਰਤੀ ਰਹੀਂ... ਪਰ ਹਮੇਂ ਕੁਛ ਮਾਲੂਮ ਨਹੀਂ ਥਾ... ਏਕ ਦਿਨ ਕਿਸੀ ਚੈਨਲ ਪੇ ਖ਼ਬਰ ਨਸ਼ਰ ਹੂਈ... ਉਸ ਕੇ... ਐਨਕਾਊਂਟਰ ਕੀ...।”
“ਵਾਹਿਗੁਰੂ...।” ਕਿਹਰ ਸਿੰਘ ਨੇ ਹਾਉਕਾ ਲਿਆ।
“...ਪਰ ਬਾਬਾ ... ਮੇਰਾ ਮਨ ਇਸੇ ਤਸਲੀਮ ਨਹੀਂ ਕਰ ਰਹਾ... ਵੋਹ ਫ਼ੌਤ ਨਹੀਂ ਹੂਆ... ਵੋਹ ਜ਼ਿੰਦਾ ਹੈ... ਇਨਸ਼ਾ ਅੱਲਾ ਵੋ ਜ਼ਰੂਰ ਏਕ ਦਿਨ ਆਏਗਾ...।”
ਕਿਹਰ ਸਿੰਘ ਨੂੰ ਸਮਝ ਨਹੀਂ ਸੀ ਆ ਰਿਹਾ, ਕਿਵੇਂ ਉਸ ਦੇ ਫੱਟਾਂ ਉੱਤੇ ਮੱਲ੍ਹਮ ਲਗਾਵੇ।
“ਗਫੂਰ... ਸਭ ਕੁਦਰਤ ਦਾ ਖੇਲ ਹੈ... ਅਸੀਂ ਤਾਂ ਉਸ ਦੇ ਹੱਥਾਂ ਵਿੱਚ ਪੁਤਲੀਆਂ ਵਾਂਗ ਹਾਂ...।”
ਰਾਤ ਅੱਧੀ ਤੋਂ ਵੱਧ ਗੁਜ਼ਰ ਚੁੱਕੀ ਸੀ। ਵੱਡੇ ਵੇਲੇ ਦੇ ਤਾਰਿਆਂ ਦੀ ਖਿੱਤੀ ਨਜ਼ਰੀਂ ਪੈਣ ਲੱਗੀ ਸੀ। ਨੀਂਦ ਦੋਵਾਂ ਦੀਆਂ ਅੱਖਾਂ ਤੋਂ ਕੋਹਾਂ ਦੂਰ ਸੀ।
ਸਰਘੀ ਵੇਲੇ ਨੇ ਦਸਤਕ ਦਿੱਤੀ ਤਾਂ ਕਿਹਰ ਸਿੰਘ ਇਸ਼ਨਾਨ ਪਾਣੀ ਤੋਂ ਬਾਅਦ ਗੁਰੂ ਘਰ ਨਤਮਸਤਕ ਹੋ ਆਇਆ। ਗਫੂਰ ਘਰ ਵਿੱਚ ਹੀ ਇਬਾਦਤ ਕਰ ਰਿਹਾ ਸੀ। ਦੋਵਾਂ ਦੇ ਮੁਰਝਾਏ ਚਿਹਰੇ ਅਤੇ ਰਾਤ ਦਾ ਉਨੀਂਦਰਾ ਅੱਖਾਂ ਦੀ ਲਾਲੀ ਬਿਆਨ ਕਰ ਰਹੀ ਸੀ।
ਗਫੂਰ ਨੇ ਅੱਜ ਵਾਪਸ ਕਸ਼ਮੀਰ ਮੁੜਨਾ ਸੀ, ਪਰ ਕਿਹਰ ਸਿੰਘ ਚਾਹੁੰਦਾ ਸੀ ਕਿ ਉਹ ਇੱਕ-ਦੋ ਦਿਨ ਹੋਰ ਰੁਕ ਜਾਵੇ। ਉਸ ਦਾ ਦਰਦ ਕੁਝ ਮੱਠਾ ਪੈ ਜਾਵੇਗਾ। ਕਹਿੰਦੇ ਨੇ, ਸਮਾਂ ਗੁਜ਼ਰਨ ਨਾਲ ਪੀੜਾ ਕੁਝ ਘਟ ਜਾਂਦੀ ਹੈ। ਧਿਆਨ ਵੰਡਾਉਣ ਲਈ ਉਹ ਉਸ ਨੂੰ ਖੇਤਾਂ ਵੱਲ ਲੈ ਤੁਰਿਆ। ਰਸਤੇ ਵਿੱਚ ਕਿਸੇ ਨੇ ਕੋਈ ਗੱਲ ਨਾ ਕੀਤੀ।
ਮੋਟਰ ਕੋਲ ਪਹੁੰਚ ਕੇ ਕਿਹਰ ਸਿੰਘ ਫ਼ਸਲਾਂ ਵੱਲ ਗੇੜਾ ਮਾਰਨ ਚਲਿਆ ਗਿਆ, ਪਰ ਗਫੂਰ ਉੱਥੇ ਹੀ ਰੁਕ ਗਿਆ। ਉਹ ਟਿਕਟਿਕੀ ਬੰਨ੍ਹ ਕੇ ਅੰਬ ਦੇ ਉਸ ਪੌਦੇ ਵੱਲ ਦੇਖ ਰਿਹਾ ਸੀ, ਜਿਸ ਨੂੰ ਉਸ ਨੇ ਆਪਣੇ ਹੱਥੀਂ ਲਗਾਇਆ ਸੀ। ਕਿਹਰ ਸਿੰਘ ਨੂੰ ਜਾਪਿਆ, ਗਫੂਰ ਜਿਵੇਂ ਅੰਬ ਦੇ ਪੌਦੇ ਨਾਲ ਗੱਲਾਂ ਕਰ ਕਿਹਾ ਹੋਵੇ। ਉਸ ਦੇ ਕੂਲੇ ਨਰਮ ਪੱਤਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਿਸੇ ਰੂਹਾਨੀ ਆਨੰਦ ਵਿੱਚ ਗ਼ਲਤਾਨ ਹੋਵੇ।
“ਸਰਦਾਰ... ਸਰਦਾਰ... ਮੈਂ ਬਤਾ ਰਹਾ ਥਾ ਨਾ... ਜ਼ਮੀਲ ਜ਼ਿੰਦਾ ਹੈ... ਯੇਹ ਦੇਖੋ... ਮੇਰਾ ਜ਼ਮੀਲ... ਮੇਰੇ ਸੇ ਗੁਫ਼ਤਗੂ ਕਰ ਰਹਾ ਹੈ...।” ਅਚਾਨਕ ਗਫੂਰ ਦੇ ਚਿਹਰੇ ’ਤੇ ਲਾਲੀ ਫਿਰ ਗਈ। ਉਸ ਦਾ ਜ਼ਰਦ ਰੰਗ ਸੁਰਖ ਹੋ ਗਿਆ ਸੀ। ਕਿਹਰ ਸਿੰਘ ਅਚੰਭਿਤ ਹੋਇਆ ਚਾਰ ਸਾਲ ਪਹਿਲਾਂ ਚੇਤਿਆਂ ਵਿੱਚ ਵੱਸੇ, ਉਸ ਗਫੂਰ ਨੂੰ ਯਾਦ ਕਰ ਕਿਹਾ ਸੀ, ਜੋ ਬਿਰਖਾਂ ਨੂੰ ਕੱਟਣਾ ਵੱਢਣਾ ਜਾਣਦਾ ਸੀ, ਪਾਲਣਾ ਨਹੀਂ। ਪਰ ਗਫੂਰ ਨਮਾਜ਼ ਪੜ੍ਹਣ ਦੀ ਮੁਦਰਾ ਵਿੱਚ ਝੁਕਿਆ, ਅੰਬ ਦੇ ਉਸ ਪੌਦੇ ਨਾਲ ਸੰਵਾਦ ਰਚਾ ਰਿਹਾ ਸੀ... ਚਾਨਣ ਦੀ ਲੀਕ ਦਾ... ਜ਼ਿੰਦਗੀ ਦੀ ਸੂਹੀ ਸਵੇਰ ਦਾ... ਆਸਾਂ ਦੇ ਬਲਦੇ ਚਿਰਾਗ਼ ਦਾ...।
ਸੰਪਰਕ: 89684-33500