ਬਹੁਜਨ ਸਮਾਜ ਪਾਰਟੀ ਵੱਲੋਂ ਸੰਗਰੂਰ ’ਚ ਰੋਸ ਮੁਜ਼ਾਹਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਜਨਵਰੀ
ਬਹੁਜਨ ਸਮਾਜ ਪਾਰਟੀ ਨੇ ਸੰਗਰੂਰ ’ਚ ਰੋਸ ਮੁਜ਼ਾਹਰਾ ਕਰਕੇ ਗਣਤੰਤਰ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਵਿੱਚ ਸਥਾਪਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਿਰੁੱਧ ਰੋਸ ਜ਼ਾਹਰ ਕਰਦਿਆਂ ਮੁਲਜ਼ਮਾਂ ’ਤੇ ਐੱਨਐੱਸਏ ਲਗਾਏ ਜਾਣ ਦੀ ਮੰਗ ਕੀਤੀ।ਰੋਸ ਪ੍ਰਦਰਸ਼ਨ ਮੌਕੇ ਲੇਬਰ ਚੌਕ ਸੰਗਰੂਰ ਵਿੱਚ ਜਨਤਕ ਇਕੱਠ ਦੌਰਾਨ ਬੋਲਦਿਆਂ ਬਸਪਾ ਦੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਲੋਕ ਸਭਾ ਇੰਚਾਰਜ ਡਾ. ਮੱਖਣ ਸਿੰਘ ਅਤੇ ਲੈਕਚਰਾਰ ਅਮਰਜੀਤ ਸਿੰਘ ਜਲੂਰ ਨੇ ਕਿਹਾ ਕਿ ਇਸ ਘਟਨਾਕ੍ਰਮ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਅਨੇਕਾ ਲੋਕਾਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਪਾਰਟੀ ਦੇ ਆਗੂ ਵਰਕਰਾਂ ਵੱਲੋਂ ਲੇਬਰ ਚੌਕ ਸੰਗਰੂਰ ਤੋਂ ਇਕੱਠੇ ਹੋ ਕੇ ਰੋਸ ਮੁਜ਼ਾਹਰੇ ਦੇ ਰੂਪ ਵਿੱਚ ਮੇਨ ਬਾਜ਼ਾਰ ਹੁੰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਪੰਜਾਬ ਦੇ ਰਾਜਪਾਲ ਦੇ ਨਾਮ ਤਹਿਸੀਲਦਾਰ ਗੌਰਵ ਬਾਂਸਲ ਤਹਿਸੀਲਦਾਰ ਸੰਗਰੂਰ ਰਾਹੀਂ ਮੰਗ ਪੱਤਰ ਭੇਜਿਆ। ਧਰਨਾਕਾਰੀਆਂ ਨੂੰ ਜ਼ਿਲ੍ਹਾ ਪ੍ਰਧਾਨ ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸਰਬਜੀਤ ਸਿੰਘ ਖੇੜੀ, ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਜਗਤਾਰ ਸਿੰਘ ਨਾਰੀਕੇ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਅਵਤਾਰ ਸਿੰਘ ਘਨੌਰੀ ਆਦਿ ਨੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।