ਬਸੰਤ ਪੰਚਮੀ ਸਮਾਗਮ ਦੀਆਂ ਤਿਆਰੀਆਂ: ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁਲੀਸ ਨਾਲ ਮੀਟਿੰਗ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜਨਵਰੀ
ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਿਆਪਕ ਰੂਪ ’ਚ ਮਨਾਏ ਜਾਣ ਵਾਲ਼ੇ ਬਸੰਤ ਪੰਚਮੀ ਦੇ ਜੋੜ ਮੇਲ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਚੱਲ ਰਹੀਆਂ ਹਨ। ਟਰੈਫਿਕ ਅਤੇ ਸੁਰੱਖਿਆ ਵਿਵਸਥਾ ਦੇ ਪਹਿਲੂ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕਾਂ ਨੇ ਅੱਜ ਪੁਲੀਸ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਰੂਪ ਰੇਖਾ ਉਲੀਕੀ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਸਮੇਤੇ ਹੋਰਨਾ ਨੇ ਵੀ ਸ਼ਿਰਕਤ ਕੀਤੀ। ਜਦਕਿ ਪੁਲੀਸ ਪ੍ਰਸ਼ਾਸਨ ਦੀ ਤਰਫੋਂ ਡੀਐੱਸਪੀ ਰੂਰਲ ਮਨੋਜ ਗੌਰਸੀ, ਡੀਐਸਪੀ ਟਰੈਫਿਕ ਅੱਛਰੂ ਰਾਮ, ਥਾਣਾ ਅਨਾਜ ਮੰਡੀ ਦੇ ਐਸਐਚਓ ਸੁਖਵਿੰਦਰ ਸਿੰਘ ਗਿੱਲ, ਟਰੈਫਿਕ ਇੰਚਾਰਜ ਲਾਡੀ ਪਹਿਰੀ ਆਦਿ ਨੇ ਹਿੱਸਾ ਲਿਆ। 2 ਫਰਵਰੀ ਨੂੰ ਅਨਾਜ ਮੰਡੀ, ਪੁੱਡਾ ਗਰਾਊਂਡ, ਪੁਰਾਣਾ ਬੱਸ ਅੱਡਾ, ਛੋਟੀ ਬਰਾਦਰੀ ਤੇ ਬੀਐਨ ਖਾਲਸਾ ਸਕੂਲ ’ਚ ਪਾਰਕਿੰਗ ਪ੍ਰਬੰਧ ਕੀਤੇ ਜਾਣ ਸਬੰਧੀ ਵੀ ਚਰਚਾ ਹੋਈ। ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ਼ ਦਾ ਕਹਿਣਾ ਸੀ ਕਿ ਪਾਰਕਿੰਗ ਦੇ ਪ੍ਰਬੰਧਾਂ ਅਤੇ ਰੂਟਾਂ ਸਬੰਧੀ ਹੋਰਡਿੰਗਜ਼ ਅਤੇ ਫਲੈਕਸ ਬੋਰਡ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਇਨ੍ਹਾਂ ਪ੍ਰਬੰਧਾਂ ਸਬੰਧੀ ਮੁੱਖ ਰੂਪ ’ਚ ਤਾਲਮੇਲ ਰੱਖ ਰਹੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਸੰਗਤਾਂ ਨੂੰ ਦਰਪੇਸ਼ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆਂ ਇਥੇ ਪੁਲੀਸ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਅਣਸੁਖਾਵੀਆਂ ਘਟਨਾਵਾਂ ਰੋਕਣ ਲਈ ਵੀ ਪੁਖਤਾ ਇੰਤਜ਼ਾਮ ਹੋਣਗੇ। ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਦੱਸਿਆ ਕਿ ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਪੈਸ਼ਲ ਟਾਸਕ ਫੋਰਸ ਮੰਗਵਾਈ ਜਾਵੇਗੀ। ਚੋਰੀ, ਖਾਸ ਕਰਕੇ ਪਰਸ ਤੇ ਫੋਨ ਚੋਰਾਂ ’ਤੇ ਪੇਨੀ ਨਿਗਾਹ ਰੱਖਣ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇੰਸਪੈਕਟਰ ਸੁਖਵਿੰਦਰ ਗਿੱਲ ਦਾ ਕਹਿਣਾ ਸੀ ਕਿ ਸਿਵਲ ਕੱਪੜਿਆਂ ਵੀ ਪੁਲੀਸ ਕਰਮਚਾਰੀ ਤਾਇਨਾਤ ਰਹਿਣਗੇ।
ਸੁਰਜੀਤ ਸਿੰਘ ਗੜ੍ਹੀ ਨੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਭਾਗ ਸਿੰਘ ਚੌਹਾਨ ਤੇ ਆਤਮ ਪ੍ਰਕਾਸ਼ ਸਿੰਘ ਬੇਦੀ ਸਮੇਤ ਸਰਬਜੀਤ ਸਿੰਘ, ਹਜੂਰ ਸਿੰਘ ਸਮਾਣਾ, ਤਰਸਵੀਰ ਸਿੰਘ ਲਾਡਬੰਜਾਰਾ, ਜਸਵਿੰਦਰ ਸਿੰਘ ਬਿੱਲਾ ਅਤੇ ਕੰਵਰ ਬੇਦੀ ਆਦਿ ਵੀ ਸ਼ਾਮਲ ਸਨ।